Hoshiarpur News: ਮੁਕੇਰੀਆਂ ਨੇੜੇ ਭਿਆਨਕ ਸੜਕ ਹਾਦਸਾ, ਕੰਟੇਨਰ ਟਰੱਕ ਤੇ ਸਕੂਟਰੀ ਦੀ ਟੱਕਰ 'ਚ ਦਰਾਣੀ-ਜਠਾਣੀ ਦੀ ਮੌਤ
ਮੁਕੇਰੀਆਂ ਨੇੜੇ ਮੰਗਲਵਾਰ ਸ਼ਾਮ ਨੂੰ ਇੱਕ ਤੇਜ਼ ਰਫ਼ਤਾਰ ਕੰਟੇਨਰ ਟਰੱਕ ਵੱਲੋਂ ਸਕੂਟਰੀ ਨੂੰ ਟੱਕਰ ਮਾਰ ਦਿੱਤੇ ਜਾਣ ਕਾਰਨ ਦੋ ਔਰਤਾਂ ਦੀ ਦਰਦਨਾਕ ਮੌਤ ਹੋ ਗਈ।
Publish Date: Tue, 02 Jun 2026 08:10 PM (IST)
Updated Date: Tue, 02 Jun 2026 08:22 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮੁਕੇਰੀਆਂ ਨੇੜੇ ਮੰਗਲਵਾਰ ਸ਼ਾਮ ਨੂੰ ਇੱਕ ਤੇਜ਼ ਰਫ਼ਤਾਰ ਕੰਟੇਨਰ ਟਰੱਕ ਵੱਲੋਂ ਸਕੂਟਰੀ ਨੂੰ ਟੱਕਰ ਮਾਰ ਦਿੱਤੇ ਜਾਣ ਕਾਰਨ ਦੋ ਔਰਤਾਂ ਦੀ ਦਰਦਨਾਕ ਮੌਤ ਹੋ ਗਈ।
ਪੁਲਿਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਪਰਮਜੀਤ ਕੌਰ ਅਤੇ ਕਰਮਜੀਤ ਕੌਰ ਵਜੋਂ ਹੋਈ ਹੈ, ਜੋ ਕਿ ਪਿੰਡ ਪੰਡੋਰੀ ਦੀਆਂ ਰਹਿਣ ਵਾਲੀਆਂ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋਵੇਂ ਮੁਕੇਰੀਆਂ ਤੋਂ ਐਕਟਿਵਾ ਸਕੂਟਰੀ 'ਤੇ ਸਵਾਰ ਹੋ ਕੇ ਆਪਣੇ ਪਿੰਡ ਪਰਤ ਰਹੀਆਂ ਸਨ। ਜਦੋਂ ਉਹ ਮੁਕੇਰੀਆਂ ਦੇ ਆਰਮੀ ਗਰਾਊਂਡ ਨੇੜੇ ਪਹੁੰਚੀਆਂ ਤਾਂ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਕੰਟੇਨਰ ਟਰੱਕ ਨੇ ਉਨ੍ਹਾਂ ਦੀ ਸਕੂਟਰੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵਾਂ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮੁਕੇਰੀਆਂ ਥਾਣੇ ਦੇ ਮੁੱਖ ਅਫ਼ਸਰ (SHO) ਸਬ-ਇੰਸਪੈਕਟਰ ਪ੍ਰਿੰਸਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਔਰਤਾਂ ਆਪਸ ਵਿੱਚ ਦਰਾਣੀ-ਜਠਾਣੀ ਸਨ। ਉਨ੍ਹਾਂ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਸਕੂਟਰੀ ਸਮੇਤ ਪਰਮਜੀਤ ਕੌਰ ਟਰੱਕ ਦੇ ਹੇਠਾਂ ਫਸ ਗਈ ਅਤੇ ਟਰੱਕ ਚਾਲਕ ਉਸ ਨੂੰ ਕਰੀਬ 250 ਮੀਟਰ ਤੱਕ ਘਸੀਟਦਾ ਲੈ ਗਿਆ, ਜਿਸ ਤੋਂ ਬਾਅਦ ਟਰੱਕ ਨੂੰ ਰੋਕਿਆ ਜਾ ਸਕਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਟਰੱਕ ਡਰਾਈਵਰ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਦੋਵਾਂ ਔਰਤਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੁਕੇਰੀਆਂ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।