- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੂੰ ਦਿੱਤੇ ਬਿਆਨ ’ਚ ਨਵੀਂ ਆਬਾਦੀ, ਪਿੰਡ ਗਲੋਵਾਲ ਵਾਸੀ ਮਿੰਦਰ ਸਿੰਘ ਨੇ ਦੱਸਿਆ ਕਿ 12 ਅਕਤੂਬਰ ਨੂੰ ਉਹ ਆਪਣੀ ਮੋਟਰਸਾਈਕਲ ’ਤੇ ਜਾ ਰਿਹਾ ਸੀ। ਉਸ ਦੇ ਤਾਇਆ ਦਾ ਪੁੱਤਰ ਦਵਿੰਦਰ ਸਿੰਘ ਆਪਣੀ ਪਤਨੀ ਨਰਿੰਦਰ ਕੌਰ ਨਾਲ ਐਕਟਿਵਾ (ਪੀਬੀ35-ਏਈ-9375) ’ਤੇ ਉਸ ਤੋਂ ਅੱਗੇ ਜਾ ਰਿਹਾ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦਸੂਹਾ : ਸੜਕ ’ਤੇ ਦੌੜਦੀ ਤੇਜ਼ ਰਫ਼ਤਾਰ ਗੱਡੀ ਦੀ ਇਕ ਟੱਕਰ ਨੇ ਪਰਿਵਾਰ ਦੀਆਂ ਖੁਸ਼ੀਆਂ ਹਮੇਸ਼ਾ ਲਈ ਖੋਹ ਲਈਆਂ। ਦਸੂਹਾ ਦੇ ਮਿਆਣੀ ਰੋਡ ’ਤੇ ਕਾਲੀ ਸਕਾਰਪੀਓ ਨੇ ਅੱਗੇ ਜਾ ਰਹੀ ਐਕਟਿਵਾ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰੀ। ਹਾਦਸੇ ’ਚ ਜੋੜੇ ਦੀ ਜਾਨ ਚਲੀ ਗਈ। ਟੱਕਰ ਇੰਨੀ ਭਿਆਨਕ ਸੀ ਕਿ ਪਿੱਛੇ ਬੈਠੀ ਨਰਿੰਦਰ ਕੌਰ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦਕਿ ਗੰਭੀਰ ਜ਼ਖ਼ਮੀ ਉਸ ਦੇ ਪਤੀ ਦਵਿੰਦਰ ਸਿੰਘ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਇੱਕੋ ਹਾਦਸੇ ’ਚ ਦੋਵਾਂ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪੁਲਿਸ ਨੇ ਸਕਾਰਪੀਓ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨ ’ਚ ਨਵੀਂ ਆਬਾਦੀ, ਪਿੰਡ ਗਲੋਵਾਲ ਵਾਸੀ ਮਿੰਦਰ ਸਿੰਘ ਨੇ ਦੱਸਿਆ ਕਿ 12 ਅਕਤੂਬਰ ਨੂੰ ਉਹ ਆਪਣੀ ਮੋਟਰਸਾਈਕਲ ’ਤੇ ਜਾ ਰਿਹਾ ਸੀ। ਉਸ ਦੇ ਤਾਇਆ ਦਾ ਪੁੱਤਰ ਦਵਿੰਦਰ ਸਿੰਘ ਆਪਣੀ ਪਤਨੀ ਨਰਿੰਦਰ ਕੌਰ ਨਾਲ ਐਕਟਿਵਾ (ਪੀਬੀ35-ਏਈ-9375) ’ਤੇ ਉਸ ਤੋਂ ਅੱਗੇ ਜਾ ਰਿਹਾ ਸੀ। ਦੋਵੇਂ ਦਸੂਹਾ ਤੋਂ ਆਪਣੇ ਪਿੰਡ ਵੱਲ ਜਾ ਰਹੇ ਸਨ। ਜਦੋਂ ਉਹ ਮਿਆਣੀ ਰੋਡ ’ਤੇ ਅਰੋੜਾ ਫਿਲਿੰਗ ਸਟੇਸ਼ਨ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਕਾਲੇ ਰੰਗ ਦੀ ਸਕਾਰਪੀਓ (ਪੀਬੀ07-ਸੀਕੇ-7071) ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ।
ਸ਼ਿਕਾਇਤਕਰਤਾ ਮੁਤਾਬਕ ਸਕਾਰਪੀਓ ਨੂੰ ਮਨਮੋਹਿਤ ਸਿੰਘ ਵਾਸੀ ਮਰਾਸਗੜ੍ਹ, ਥਾਣਾ ਦਸੂਹਾ ਚਲਾ ਰਿਹਾ ਸੀ। ਦੋਸ਼ ਹੈ ਕਿ ਉਹ ਗੱਡੀ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ। ਟੱਕਰ ਕਾਰਨ ਸਕੂਟਰੀ ਸਵਾਰ ਜੋੜਾ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਨਰਿੰਦਰ ਕੌਰ ਨੂੰ ਸੰਭਲਣ ਦਾ ਮੌਕਾ ਵੀ ਨਾ ਮਿਲਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੰਭੀਰ ਜ਼ਖ਼ਮੀ ਦਵਿੰਦਰ ਸਿੰਘ ਨੂੰ ਇਲਾਜ ਲਈ ਜਲੰਧਰ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ। ਦਵਿੰਦਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਉਸ ਦੀ ਜਾਨ ਨਾ ਬਚ ਸਕੀ। ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ। ਮਿੰਦਰ ਸਿੰਘ ਦੇ ਬਿਆਨ ’ਤੇ ਪੁਲਿਸ ਨੇ ਸਕਾਰਪੀਓ ਚਾਲਕ ਮਨਮੋਹਿਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।