Hoshiarpur News: ਸੇਵਾਮੁਕਤ ITBP ਅਫਸਰ ਦੇ ਖਾਤਿਆਂ ’ਚੋਂ 17.52 ਲੱਖ ਰੁਪਏ ਗਾਇਬ, ਆਨਲਾਈਨ ਠੱਗੀ ਦਾ ਮਾਮਲਾ ਦਰਜ
ਪੁਲਿਸ ਨੇ ਦੱਸਿਆ ਕਿ ਕਰਨੈਲ ਸਿੰਘ (73) ਵਾਸੀ ਪਿੰਡ ਜਲਾਲਪੁਰ (ਥਾਣਾ ਟਾਂਡਾ), ਜੋ ਕਿ ਆਈ.ਟੀ.ਬੀ.ਪੀ ਵਿੱਚ ਡੀ.ਐਸ.ਪੀ ਵਜੋਂ ਰਿਟਾਇਰ ਹੋ ਚੁੱਕੇ ਹਨ ਅਤੇ ਇਸ ਸਮੇਂ ਖੇਤੀਬਾੜੀ ਕਰ ਰਹੇ ਹਨ, ਦਾ ਆਪਣੀ ਪਤਨੀ ਨਾਲ ਪੀ.ਐਨ.ਬੀ ਬੈਂਕ, ਸ਼ਾਖਾ ਪਿੰਡ ਜਲਾਲਪੁਰ ਵਿੱਚ ਸਾਂਝਾ ਖਾਤਾ ਹੈ। ਇਸ ਤੋਂ ਇਲਾਵਾ, ਉਸਦਾ ਉਸੇ ਬੈਂਕ ਵਿੱਚ ਇੱਕ ਹੋਰ ਖਾਤਾ ਵੀ ਹੈ।
Publish Date: Sat, 28 Mar 2026 05:52 PM (IST)
Updated Date: Sat, 28 Mar 2026 05:55 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਨੇ ਇੱਕ ਬਜ਼ੁਰਗ ਨਾਲ ਹੋਈ ਲੱਖਾਂ ਰੁਪਏ ਦੀ ਕਥਿਤ ਆਨਲਾਈਨ ਠੱਗੀ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਕਰਨੈਲ ਸਿੰਘ (73) ਵਾਸੀ ਪਿੰਡ ਜਲਾਲਪੁਰ (ਥਾਣਾ ਟਾਂਡਾ), ਜੋ ਕਿ ਆਈ.ਟੀ.ਬੀ.ਪੀ ਵਿੱਚ ਡੀ.ਐਸ.ਪੀ ਵਜੋਂ ਰਿਟਾਇਰ ਹੋ ਚੁੱਕੇ ਹਨ ਅਤੇ ਇਸ ਸਮੇਂ ਖੇਤੀਬਾੜੀ ਕਰ ਰਹੇ ਹਨ, ਦਾ ਆਪਣੀ ਪਤਨੀ ਨਾਲ ਪੀ.ਐਨ.ਬੀ ਬੈਂਕ, ਸ਼ਾਖਾ ਪਿੰਡ ਜਲਾਲਪੁਰ ਵਿੱਚ ਸਾਂਝਾ ਖਾਤਾ ਹੈ। ਇਸ ਤੋਂ ਇਲਾਵਾ, ਉਸਦਾ ਉਸੇ ਬੈਂਕ ਵਿੱਚ ਇੱਕ ਹੋਰ ਖਾਤਾ ਵੀ ਹੈ।
ਕਿਵੇਂ ਹੋਇਆ ਫਰਾਡ?
ਪੁਲਿਸ ਅਨੁਸਾਰ, ਕਰਨੈਲ ਸਿੰਘ 21 ਫਰਵਰੀ 2025 ਨੂੰ ਆਪਣੇ ਲੜਕੇ ਨਾਲ ਬੈਂਕ ਵਿੱਚ ਰਕਮ ਟਰਾਂਸਫਰ ਕਰਵਾਉਣ ਗਏ, ਜਿੱਥੇ ਜਾਂਚ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਦੇ ਖਾਤਿਆਂ ਵਿੱਚੋਂ ਵੱਡੀ ਰਕਮ ਗਾਇਬ ਹੈ। ਉਨ੍ਹਾਂ ਦੇ ਸਾਂਝੇ ਖਾਤੇ ਵਿੱਚੋਂ 11,26,510 ਰੁਪਏ ਅਣਪਛਾਤੇ ਵਿਅਕਤੀ ਵੱਲੋਂ ਆਨਲਾਈਨ ਟਰਾਂਜੈਕਸ਼ਨਾਂ ਰਾਹੀਂ ਕੱਢ ਲਏ ਗਏ ਸਨ ਅਤੇ ਖਾਤੇ ਵਿੱਚ ਸਿਰਫ 167 ਰੁਪਏ ਬਾਕੀ ਰਹਿ ਗਏ ਸਨ।
ਪੁਲਿਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣਾ ਦੂਜਾ ਖਾਤਾ ਚੈਕ ਕੀਤਾ ਤਾਂ ਉਸ ਵਿੱਚੋਂ ਵੀ 6,26,500 ਰੁਪਏ ਆਨਲਾਈਨ ਕੱਢ ਲਏ ਗਏ।
ਕੁੱਲ 17.52 ਲੱਖ ਰੁਪਏ ਦੀ ਠੱਗੀ
ਪੁਲਿਸ ਮੁਤਾਬਕ, ਮਿਤੀ 2 ਜਨਵਰੀ 2025 ਨੂੰ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ ਅਣਪਛਾਤੇ ਵਿਅਕਤੀ ਵੱਲੋਂ ਕੁੱਲ 17,52,010 ਰੁਪਏ ਦੀ ਕਥਿਤ ਆਨਲਾਈਨ ਠੱਗੀ ਕੀਤੀ ਗਈ ਹੈ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।