- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਮਵਾਰ ਸ਼ਾਮ ਹਲਕਾ ਉੜਮੁੜ ਦੇ ਸ਼ਹਿਰ ਟਾਂਡਾ ਵਿੱਚ ਪੈਂਦੇ ਲਹੌਰੀਆ ਮੁਹੱਲੇ ਵਿੱਚ ਇੱਕ ਬਜ਼ੁਰਗ ਦੁਕਾਨਦਾਰ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ।

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਸੋਮਵਾਰ ਸ਼ਾਮ ਹਲਕਾ ਉੜਮੁੜ ਦੇ ਸ਼ਹਿਰ ਟਾਂਡਾ ਵਿੱਚ ਪੈਂਦੇ ਲਹੌਰੀਆ ਮੁਹੱਲੇ ਵਿੱਚ ਇੱਕ ਬਜ਼ੁਰਗ ਦੁਕਾਨਦਾਰ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ । ਮ੍ਰਿਤਕ ਦੀ ਪਛਾਣ ਗੁਲਜ਼ਾਰ ਸਿੰਘ (59) ਪੁੱਤਰ ਪ੍ਰਹਲਾਦ ਸਿੰਘ ਵਾਸੀ ਲਹੌਰੀਆ ਮੁਹੱਲਾ ਉੜਮੁੜ ਥਾਣਾ ਟਾਂਡਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਗੁਲਜ਼ਾਰ ਸਿੰਘ ਸੀਮਿੰਟ ਅਤੇ ਬੱਜਰੀ ਰੇਤਾ ਦੀ ਦੁਕਾਨ ਮੁਹੱਲੇ ਵਿੱਚ ਹੀ ਕਰਦਾ ਸੀ । ਸੋਮਵਾਰ ਸ਼ਾਮ ਵਕਤ ਕਰੀਬ 4 ਵਜੇ ਅਣਪਛਾਤੇ ਵਿਅਕਤੀਆਂ ਗੁਲਜ਼ਾਰ ਦੀ ਦੁਕਾਨ ਤੇ ਆਏ ਅਤੇ ਕੁੱਝ ਸੀਮਿੰਟ ਖਰੀਦ ਕਰਨ ਦੀ ਆੜ ਵਿੱਚ ਉਸਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਗੁਲਜ਼ਾਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ।
ਚਸ਼ਮਦੀਦਾਂ ਅਨੁਸਾਰ, ਗੁਲਜ਼ਾਰ ਸਿੰਘ ’ਤੇ ਹਮਲਾਵਰਾਂ ਵਲੋਂ ਤੇਜ਼ਧਾਰ ਹਥਿਆਰ ਨਾਲ ਕਰੀਬ 8 ਤੋਂ 10 ਵਾਰ ਕੀਤੇ ਗਏ ਸਨ। ਗੁਲਜ਼ਾਰ ਸਿੰਘ ਦੀ ਇਸ ਬੇਰਹਿਮੀ ਨਾਲ ਹੋਏ ਕਤਲ ਤੋਂ ਬਾਅਦ ਇਲਾਕੇ ਵਿੱਚ ਸੋਗ ਤੇ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਗੁਲਜ਼ਾਰ ਸਿੰਘ ਦਾ ਇੱਕ ਬੇਟਾ ਵਿਦੇਸ਼ ਵਿੱਚ ਰਹਿੰਦਾ ਹੈ ਤੇ ਉਹ ਪਤਨੀ ਸਮੇਤ ਆਪਣੇ ਘਰ ਲਹੌਰੀਆ ਮੁਹੱਲੇ ਵਿੱਚ ਰਹਿੰਦਾ ਸੀ ਤੇ ਅਕਸਰ ਦੇਰ ਸ਼ਾਮ ਤੱਕ ਆਪਣੀ ਦੁਕਾਨ ’ਤੇ ਰਹਿੰਦਾ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਲਜ਼ਾਰ ਸਿੰਘ ’ਤੇ ਪਹਿਲਾਂ ਵੀ ਦੋ ਵਾਰ ਜਾਨਲੇਵਾ ਹਮਲਾ ਹੋ ਚੁੱਕਿਆ ਹੈ ਜਿਸ ਵਿਚ ਇਕ ਵਾਰ ਤਾਂ ਗੁਲਜ਼ਾਰ ਸਿੰਘ ’ਤੇ ਪੈਟਰੋਲ ਛਿੜਕ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹਮਲਾਵਰ ਉਸਨੂੰ ਅੱਗ ਲਗਾਉਣ ਵਿੱਚ ਅਸਫਲ ਰਹੇ ।
ਇਸ ਕਤਲ ਦੀ ਸੂਚਨਾ ਮਿਲਣ ’ਤੇ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਤੇ ਐੱਸਐੱਚਓ ਟਾਂਡਾ ਮੈਡਮ ਅਮਰਜੀਤ ਕੌਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਦੁਕਾਨ ’ਤੇ ਲੱਗੇ ਤੇ ਨੇੜੇ ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।