ਡਾ. ਮਨਦੀਪ ਕਮਲ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ
Publish Date: Tue, 03 Nov 2026 04:26 PM (IST)
Updated Date: Tue, 03 Nov 2026 04:29 PM (IST)
ਗਗਨਪ੍ਰੀਤ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਈ-ਸੇਵਾ ਪੋਰਟਲ ’ਤੇ ਲੰਬਿਤ ਅਰਜ਼ੀਆਂ ਦੇ ਨਿਪਟਾਰੇ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਵੱਲੋਂ ਬਿਹਤਰੀਨ ਸੇਵਾਵਾਂ ਲਈ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਮਾਹੀ ਨੂੰ ਵਿਸ਼ੇਸ਼ ਸਰਟੀਫਿਕੇਟ ਆਫ ਐਪਰੀਸੀਏਸ਼ਨ ਭੇਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡਾ. ਮਾਹੀ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਵੱਲੋਂ ਈ-ਸੇਵਾ ਪੋਰਟਲ ’ਤੇ ਲੰਬਿਤ ਲਗਭਗ 12,600 ਅਰਜ਼ੀਆਂ ਦਾ ਨਿਪਟਾਰਾ ਕਰਕੇ ਇਨ੍ਹਾਂ ਦੀ ਗਿਣਤੀ ਲਗਭਗ ਜ਼ੀਰੋ ਤੱਕ ਲਿਆਂਦੀ ਗਈ। ਇਸ ਨਾਲ ਪੰਜਾਬ ਪੱਧਰ ’ਤੇ ਦਫ਼ਤਰ ਦੀ ਰੈਂਕਿੰਗ 18ਵੇਂ ਸਥਾਨ ਤੋਂ ਸੁਧਰ ਕੇ ਤੀਜੇ ਸਥਾਨ ’ਤੇ ਪਹੁੰਚ ਗਈ ਅਤੇ ਲੰਬਿਤ ਅਰਜ਼ੀਆਂ ਦੀ ਦਰ ਇੱਕ ਫ਼ੀਸਦੀ ਤੋਂ ਵੀ ਘੱਟ ਰਹਿ ਗਈ। ਇਸ ਪ੍ਰਾਪਤੀ ਵਿੱਚ ਦਫ਼ਤਰ ਦੀ ਟੀਮ ਵੱਲੋਂ ਅਰਜ਼ੀਆਂ ਦੀ ਨਿਰੰਤਰ ਨਿਗਰਾਨੀ, ਸਮਾਂਬੱਧ ਕਾਰਵਾਈ ਅਤੇ ਆਪਸੀ ਤਾਲਮੇਲ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਵਧੀਕ ਜ਼ਿਲ੍ਹਾ ਰਜਿਸਟਰਾਰ ਤੇਜਿੰਦਰ ਪਾਲ ਸਿੰਘ, ਸੁਪਰਡੈਂਟ ਸਤਪਾਲ ਅਤੇ ਮਨਦੀਪ ਪਾਲ ਨੂੰ ਵੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ 1 ਲੱਖ 22 ਹਜ਼ਾਰ ਤੋਂ ਵੱਧ ਲੰਬਿਤ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ, ਜਿਸ ਸਦਕਾ ਹੁਸ਼ਿਆਰਪੁਰ ਨੇ ਸਮੁੱਚੀ ਜ਼ਿਲ੍ਹਾ ਰੈਂਕਿੰਗ ਵਿੱਚ 18ਵੇਂ ਸਥਾਨ ਤੋਂ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਨਵੇਂ ਡੀਜੀ ਪੰਜਾਬ ਪੋਰਟਲ ’ਤੇ ਵੀ ਅਰਜ਼ੀਆਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਯਕੀਨੀ ਬਣਾਇਆ ਜਾਵੇਗਾ, ਤਾਂ ਜੋ ਲੋਕਾਂ ਨੂੰ ਸਰਲ ਅਤੇ ਸਮਾਂਬੱਧ ਸੇਵਾਵਾਂ ਮਿਲ ਸਕਣ।