ਵਿਭਾਗ ਦੀ ਕਾਂਗਰਸੀਆਂ ਨਾਲ ਸਾਂਝ ਦਰਸਾਉਣ ਲੱਗੇ ਖੰਭਿਆਂ ’ਤੇ ਲੱਗੇ ਹੋਰਡਿੰਗ ਖੰਭਿਆਂ ‘ਤੇ ਲੱਗੇ ਹੋਰਡਿੰਗ ਬਿਜਲੀ ਅਧਿਕਾਰੀਆਂ ਦੀ ਕਾਂਗਰਸੀਆਂ ਨਾਲ ਸਾਂਝ ਦਰਸਾਉਣ ਲੱਗੇ
Publish Date: Thu, 29 Oct 2026 03:06 PM (IST)
Updated Date: Thu, 29 Oct 2026 03:07 PM (IST)
ਦੇਸ ਰਾਜ, ਪੰਜਾਬੀ ਜਾਗਰਣ, ਦਾਤਾਰਪੁਰ: ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਆਗੂਆਂ ਦੀਆਂ ਕਥਿਤ ਸਿਫਾਰਿਸ਼ਾਂ ਨਾਲ ਹਲਕੇ ਅੰਦਰ ਤਾਇਨਾਤ ਹੋਏ ਬਿਜਲੀ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਗਿਆ ਲੱਗਦਾ ਹੈ। ਇਲਾਕੇ ਅੰਦਰ ਆਮ ਚਰਚਾ ਚੱਲ ਰਹੀ ਹੈ ਕਿ ਬਿਜਲੀ ਮੁਲਾਜ਼ਮਾਂ ਦਾ ਝੁਕਾਅ ਹੁਣ ਕਾਂਗਰਸ ਵੱਲ ਹੁੰਦਾ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦਾ ਲਾਹਾ ਚੁੱਕਾ ਕੇ ਕਿਨਾਰਾ ਕੀਤਾ ਜਾ ਰਿਹਾ ਹੈ। ਇਸਦੀ ਮਿਸਾਲ ਇਲਾਕੇ ਅੰਦਰ ਲੱਗੇ ਬਿਜਲੀ ਸਪਲਾਈ ਵਾਲੇ ਖੰਭਿਆਂ ਉੱਤੇ ਸਭ ਤੋਂ ਵੱਧ ਕਾਂਗਰਸੀ ਆਗੂਆਂ ਦੇ ਲੱਗੇ ਹੋਰਡਿੰਗਾਂ ਤੋਂ ਮਿਲਦੀ ਹੈ। ਦੂਜੇ ਨੰਬਰ ‘ਤੇ ਭਾਜਪਾ ਆਗੂ ਬਿਰਾਜਮਾਨ ਹਨ ਅਤੇ ਤੀਜੇ ਨੰਬਰ ‘ਤੇ ਅਜ਼ਾਦ ਉਮੀਦਵਾਰਾਂ ਦਾ ਨੰਬਰ ਆਉਂਦਾ ਹੈ। ਇਲਾਕੇ ਦਾ ਦੌਰਾ ਕਰਨ ‘ਤੇ ਪਤਾ ਲੱਗਿਆ ਕਿ ਕੇਵਲ ਕਮਾਹੀ ਦੇਵੀ ਤੋਂ ਭਡਿਆਰਾ ਦੀ ਕੁੜਾ ਤੱਕ ਬਿਜਲੀ ਦੇ ਖੰਭਿਆਂ ਉੱਤੇ ਕਾਂਗਰਸ ਦੇ ਕਰੀਬ 167, ਭਾਜਪਾ ਦੇ 24 ਅਤੇ ਆਮ ਆਦਮੀ ਪਾਰਟੀ ਦੇ 6 ਹੋਰਡਿੰਗ ਲੱਗੇ ਹੋਏ ਹਨ। ਇਸ ਤੋਂ ਇਲਾਵਾ ਅਜ਼ਾਦ ਉਮੀਦਵਾਰ ਪਹਿਲਵਾਨ ਨਿਰਮਲ ਸਿੰਘ ਦੇ 36 ਹੋਰਡਿੰਗ ਲੱਗੇ ਹੋਏ ਹਨ। ਇਹੋ ਹਾਲ ਤਲਵਾੜਾ, ਕਮਾਹੀ ਦੇਵੀ ਅਤੇ ਦਾਤਾਰਪੁਰ ਅਧੀਨ ਆਉਂਦੇ ਹੋਰ ਮਾਰਗਾਂ ਦਾ ਹੈ। ਦੱਸਣਯੋਗ ਹੈ ਕਿ ਆਪਣੀਆਂ ਮੰਗਾਂ ਲਈ ਪਹਿਲਾਂ ਹੀ ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਦੇ ਰਾਹ ‘ਤੇ ਹਨ ਅਤੇ ਖੇਤਰ ਦੇ ਬਿਜਲੀ ਮੁਲਾਜ਼ਮਾਂ ਵਲੋਂ ਕਾਂਗਰਸ ਦੇ ਹੋਰਡਿੰਗਾਂ ਨੂੰ ਤਰਜੀਹੀ ਤੌਰ ‘ਤੇ ਖੰਭਿਆਂ ‘ਤੇ ਲੱਗੇ ਰਹਿਣ ਦੇਣਾ ਆਪਣੇ ਆਪ ਵਿੱਚ ਕਈ ਸਵਾਲ ਖੜ੍ਹੇ ਕਰਦਾ ਹੈ। ਸਮਾਜ ਸੇਵੀ ਜੋਗਿੰਦਰ ਸਿੰਘ ਤੇ ਜਸਪਾਲ ਸਿੰਘ ਨੇ ਕਿਹਾ ਕਿ ਚੋਣਾਂ ਸਿਰ ‘ਤੇ ਹੋਣ ਕਾਰਨ ਚੋਣ ਕਮਿਸ਼ਨ ਵਲੋਂ ਬਿਜਲੀ ਦੇ ਖੰਭਿਆਂ ਸਮੇਤ ਹੋਰ ਸਰਕਾਰੀ ਜਾਇਦਾਦਾਂ ‘ਤੇ ਸਿਆਸੀ ਹੋਰਡਿੰਗ ਉਤਾਰਣ ਦੇ ਹੁਕਮ ਕੀਤੇ ਹੋਏ ਹਨ ਪਰ ਬਿਜਲੀ ਅਧਿਕਾਰੀਆਂ ਵਲੋਂ ਇਨ੍ਹਾ ਖੰਭਿਆਂ ਉੱਤੇ ਸਿਆਸੀ ਆਗੂਆਂ ਦੇ ਹੋਰਡਿੰਗ ਲੱਗੇ ਰਹਿਣ ਦੇਣਾ ਸਾਬਤ ਕਰਦਾ ਹੈ ਕਿ ਉਹ ਹੁਣ ਨਵੀਆਂ ਸਾਂਝਾਂ ਪੁਗਾਉਣ ਲੱਗੇ ਹਨ। ਖੰਭਿਆਂ ਉੱਤੇ ਹੋਰਡਿੰਗ ਲਗਾਉਣਾ ਜਿੱਥੇ ਨਿਯਮਾਂ ਦੇ ਉਲਟ ਹੈ, ਉੱਥੇ ਹੀ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਵੀ ਬਰਕਰਿਾਰ ਰਹਿੰਦਾ ਹੈ। ਕਈ ਥਾਵੇਂ ਇਨ੍ਹਾਂ ਹੋਰਡਿੰਗਾਂ ਨੂੰ ਲਗਾਉਣ ਜਾਂ ਉਤਾਰਨ ਵੇਲੇ ਕਈ ਲੋਕਾਂ ਨਾਲ ਹਾਦਸੇ ਵੀ ਵਾਪਰੇ ਹਨ, ਜਿਨ੍ਹਾਂ ਵਿੱਚ ਵੱਡਾ ਜਾਨੀ ਨੁਕਸਾਨ ਹੋਇਆ ਹੈ ਪਰ ਅਧਿਕਾਰੀਆਂ ਦਾ ਅਵੇਸਲਾਪਨ ਇਨ੍ਹਾਂ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ।