- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖ ਜਥੇਬੰਦੀਆਂ ਨੇ ਗਲੇ ਸੜੇ ਫ਼ਲਾਂ ਨਾਲ ਜੂਸ ਵੇਚਣ ਵਾਲੀ ਰੇੜੀ ਘੇਰੀ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਸ਼ਹਿਰ ਵਿੱਚ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਸ਼ਹਿਰ ’ਚ ਇੱਕ ਜੂਸ ਵਾਲੀ ਰੇਹੜੀ ਨੂੰ ਘੇਰ ਲਿਆ ਗਿਆ, ਜੋ ਕਿ ਕਥਿਤ ਤੌਰ ’ਤੇ ਖ਼ਰਾਬ ਅਤੇ ਗਲ਼ੇ-ਸੜੇ ਫਲ਼ਾਂ ਤੋਂ ਲੋਕਾਂ ਨੂੰ ਜੂਸ ਕੱਢ ਕੇ ਪਿਲਾ ਰਿਹਾ ਸੀ। ਜਥੇਬੰਦੀਆਂ ਦੇ ਇਸ ਕਦਮ ਨਾਲ ਇਲਾਕੇ ਵਿੱਚ ਭਾਰੀ ਭੀੜ ਇਕੱਠੀ ਹੋ ਗਈ।
ਸਿਹਤ ਵਿਭਾਗ ਦੀ ਕਾਰਜਸ਼ੈਲੀ ’ਤੇ ਸਵਾਲ : ਮੌਕੇ ’ਤੇ ਮੌਜੂਦ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਦਲਜੀਤ ਸਿੰਘ ਦੀ ਅਗਵਾਈ ਹੇਠ ਰੋਹ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਸਿਹਤ ਵਿਭਾਗ ਅਤੇ ਫੂਡ ਸੇਫਟੀ ਟੀਮਾਂ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾਉਣ ਤਾਂ ਆਮ ਲੋਕਾਂ ਨੂੰ ਬਾਜ਼ਾਰ ਵਿੱਚ ਸਾਫ਼-ਸੁਥਰਾ ਅਤੇ ਵਧੀਆ ਖਾਣ-ਪੀਣ ਦਾ ਸਾਮਾਨ ਮਿਲ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਭਾਗ ਦੀ ਅਣਗਹਿਲੀ ਕਾਰਨ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਦੁਕਾਨਦਾਰਾਂ ਦੇ ਹੌਸਲੇ ਬੁਲੰਦ ਹਨ। ਆਗੂਆਂ ਨੇ ਖੁਲਾਸਾ ਕੀਤਾ ਕਿ ਇਸ ਜੂਸ ਵਾਲੇ ਨੂੰ ਪਹਿਲਾਂ ਵੀ ਸਮਝਾ ਕੇ ਤਾੜਨਾ ਕੀਤੀ ਗਈ ਸੀ ਕਿ ਉਹ ਲੋਕਾਂ ਨੂੰ ਗੰਦਾ ਤੇ ਖ਼ਰਾਬ ਫਰੂਟ ਨਾ ਦੇਵੇ। ਇਸ ਦੇ ਬਾਵਜੂਦ, ਉਹ ਲਗਾਤਾਰ ਲੋਕਾਂ ਦੀ ਸਿਹਤ ਨੂੰ ਦਾਅ ’ਤੇ ਲਾ ਕੇ ਖ਼ਰਾਬ ਫਰੂਟ ਦਾ ਜੂਸ ਪਿਲਾ ਰਿਹਾ ਸੀ।
ਸਿੱਖ ਜਥੇਬੰਦੀਆਂ ਵੱਲੋਂ ਇਸ ਮਾਮਲੇ ਵਿੱਚ ਸਖ਼ਤ ਰੁਖ਼ ਅਪਣਾਉਂਦਿਆਂ ਜੂਸ ਵਿਕਰੇਤਾ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਅੱਗੇ ਤੋਂ ਇਸ ਨੇ ਅਜਿਹੀ ਹਰਕਤ ਜਾਰੀ ਰੱਖੀ, ਤਾਂ ਇਸ ਦੀ ਰੇਹੜੀ ਇੱਥੋਂ ਜ਼ਬਰਦਸਤੀ ਹਟਾ ਦਿੱਤੀ ਜਾਵੇਗੀ। ਵਿਰੋਧ ਅਤੇ ਸਖ਼ਤੀ ਵਧਦਿਆਂ ਦੇਖ ਆਖਿਰਕਾਰ ਜੂਸ ਵੇਚਣ ਵਾਲੇ ਵਿਅਕਤੀ ਨੇ ਆਪਣੀ ਗਲਤੀ ਕਬੂਲ ਕਰ ਲਈ ਅਤੇ ਹੱਥ ਜੋੜ ਕੇ ਭਵਿੱਖ ਵਿੱਚ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ। ਦੂਜੇ ਪਾਸੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਛਾਪੇਮਾਰੀ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਰੇਹੜੀਆਂ ਦੀ ਵੀ ਜਾਂਚ ਕੀਤੀ ਜਾਵੇਗੀ।