ਹੈਬੋਵਾਲ ਸਕੂਲ ਦੀਆਂ ਲੜਕੀਆਂ ਦੀ ਕਬੱਡੀ ’ਚ ਜਿੱਤ
"ਛਿੰਝ ਛਰਾਹਾ ਦੀ" ਮੇਲੇ ਚ ਕਰਵਾਏ ਟੂਰਨਾਮੈਂਟ ਚ ਹੈਬੋਵਾਲ ਸਕੂਲ ਦੀਆਂ ਲੜਕੀਆਂ ਦੀ ਟੀਮ ਦੀ ਝੰਡੀ ਰਹੀ
Publish Date: Fri, 27 Nov 2026 03:31 PM (IST)
Updated Date: Fri, 27 Nov 2026 03:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਬੀਤ ਇਲਾਕੇ ਦੇ ਇਤਿਹਾਸਕ ਛਿੰਝ ਛਰਾਹਾ ਦੀ ਮੇਲੇ ਦੌਰਾਨ ਬੀਤ ਭਲਾਈ ਕਮੇਟੀ ਵਲੋਂ ਕਬੱਡੀ ਅਤੇ ਵਾਲੀਵਾਲ ਦਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਖਿਡਾਰੀਆਂ ਨੇ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ’ਚ ਲੜਕੀਆਂ ਦਾ ਕਬੱਡੀ ਦਾ ਮੈਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ। ਕੁੜੀਆ ਦੇ ਕਬੱਡੀ ਮੈਚ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਦੀਆਂ ਖਿਡਾਰਨਾਂ ਨੇ ਸਰਕਾਰੀ ਸਕੂਲ ਗੜੀਮਾਨਸੋਵਾਲ ਦੀਆਂ ਖਿਡਾਰਨਾਂ ਨੂੰ ਚਿੱਤ ਕਰਕੇ ਟ੍ਰਾਫੀ ਤੇ ਕਬਜ਼ਾ ਕੀਤਾ। ਇਸ ਮੌਕੇ ਬੀਤ ਭਲਾਈ ਕਮੇਟੀ ਵਲੋਂ ਪ੍ਰਧਾਨ ਬਲਵੀਰ ਸਿੰਘ ਬੈਂਸ, ਜਰਨਲ ਸਕੱਤਰ ਨਰਿੰਦਰ ਸਿੰਘ ਸੋਨੀ, ਤੀਰਥ ਸਿੰਘ ਮਾਨ, ਫੁੰਮਣ ਸਿੰਘ ਵਲੋਂ ਖਿਡਾਰਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟੀਮ ਦੇ ਕੋਚ ਡੀਪੀਈ ਸੁਰਿੰਦਰ ਕੁਮਾਰ ਬੈਂਸ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਸਕੂਲ ਨੂੰ ਇਹਨਾਂ ਖਿਡਾਰਨਾਂ ’ਤੇ ਮਾਣ ਹੈ। ਉਹਨਾਂ ਨੇ ਦੱਸਿਆ ਕਿ ਇਹ ਟੀਮ ਜਿਥੇ ਜਿਲ੍ਹਾ ਪੱਧਰ ਤੱਕ ਅਵੱਲ ਆਈ ਹੈ ਉਥੇ ਇਸ ਟੀਮ ਦੀਆਂ ਕਈ ਖਿਡਾਰਨਾਂ ਸਟੇਟ ਪੱਧਰ ਦੀ ਟੀਮ ’ਚ ਖੇਡ ਚੁਕੀਆਂ ਹਨ। ਉਹਨਾਂ ਨੇ ਸਾਰੀ ਟੀਮ ਨੂੰ ਵਧਾਈ ਦਿੱਤੀ।