ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਜੋੜ ਮੇਲਾ 29 ਨੂੰ ਧੰਨ- ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਨੂੰ
Publish Date: Thu, 19 Nov 2026 03:44 PM (IST)
Updated Date: Thu, 19 Nov 2026 03:46 PM (IST)
ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ ਸੈਲਾ ਖੁਰਦ : ਧੰਨ- ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਧੰਨ- ਧੰਨ ਬਾਬਾ ਨਗਾਹੀਆ ਜੀ, ਬਾਬਾ ਰਤਨ ਸਿੰਘ ਜੀ ਸ਼ਹੀਦ, ਬ੍ਰਹਮ ਗਿਆਨੀ ਬਾਬਾ ਫਤਿਹ ਸਿੰਘ ਜੀ ਅਤੇ ਸੱਚਖੰਡ ਵਾਸੀ ਸੰਤ ਬਾਬਾ ਪਰਮਜੀਤ ਸਿੰਘ ਜੀ ਮਾਹਿਲਪੁਰ ਬੁੰਗੇ ਵਾਲਿਆਂ ਦੀ ਯਾਦ ਵਿੱਚ ਜੋੜ ਮੇਲਾ ਅਤੇ ਗੁਰਮਤਿ ਸਮਾਗਮ 29 ਨਵੰਬਰ 2026 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ 6ਵੇਂ ਅਤੇ 10ਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਬੁੰਗਾ ਸਾਹਿਬ ਮਾਹਿਲਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸੰਤ ਮਾਤਾ ਜਸਪ੍ਰੀਤ ਕੌਰ ਅਤੇ ਸੁਆਮੀ ਬਾਬਾ ਹਰਨਾਮ ਸਿੰਘ ਜੀ ਨੇ ਦੱਸਿਆ ਕਿ 28 ਨਵੰਬਰ ਦਿਨ ਸ਼ਨੀਵਾਰ ਨੂੰ ਰਾਤ ਦੇ ਦੀਵਾਨ ਵਿੱਚ ਭਾਈ ਵੀਰ ਜਤਿੰਦਰ ਸਿੰਘ ਮਲਕਪੁਰ ਵਾਲੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਉਣਗੇ। ਉਨਾਂ ਦੱਸਿਆ ਕਿ 29 ਨਵੰਬਰ ਨੂੰ ਸਮਾਗਮ ਵਿੱਚ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗਿਆਨੀ ਗੁਰਜਿੰਦਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ,ਗਿਆਨੀ ਅਤਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸ਼੍ਰੀ ਜੋਤੀ ਸਰੂਪ, ਸੰਤ ਬਾਬਾ ਗੁਰਪਾਲ ਸਿੰਘ ਜੀ ਰਾਜਸਥਾਨ ਵਾਲੇ, ਭਾਈ ਅਮਨਦੀਪ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਗਿਆਨੀ ਸੁਖਚੈਨ ਸਿੰਘ ਜੀ ਕਥਾਵਾਚਕ ਅਤੇ ਭਾਈ ਪ੍ਰਭਜੋਤ ਸਿੰਘ ਜੀ ਕਹਾਰਪੁਰ ਵਾਲਿਆਂ ਦਾ ਰਾਗੀ ਜਥਾ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਉਸ ਸਰਬ ਸ਼ਕਤੀਮਾਨ ਪਰਮਾਤਮਾ ਦੇ ਨਾਮ ਨਾਲ ਜੋੜੇਗਾ। ਸਮਾਗਮ ਵਿੱਚ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ, ਦੋਆਬਾ ਨਿਰਮਲ ਮੰਡਲ ਦੇ ਸੰਤ ਮਹਾਂਪੁਰਖ, ਦਮਦਮੀ ਟਕਸਾਲ ਦੇ ਸੰਤ ਮਹਾਂਪੁਰਸ਼, ਨਿਰਮਲੇ- ਉਦਾਸੀ ਸੰਪਰਦਾਵਾਂ ਦੇ ਮਹਾਂਪੁਰਸ਼, ਕਿਸਾਨ ਆਗੂ, ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬ, ਕੀਰਤਨੀ ਜਥੇ, ਢਾਡੀ ਜਥੇ,ਅਤੇ ਕਥਾਵਾਚਕ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਰਹੇ ਹਨ। ਪਾਰਕਿੰਗ ਦੀ ਸੇਵਾ ਬਾਬਾ ਫਤਿਹ ਸਿੰਘ ਜੀ ਗੁਰਮਤਿ ਪ੍ਰਚਾਰ ਸਭਾ ਮਾਹਿਲਪੁਰ ਪੁਰ ਵੱਲੋਂ ਹੋਵੇਗੀ। ਲੰਗਰ ਵਰਤਾਉਣ ਦੀ ਸੇਵਾ ਗੁਰਸੇਵਕ ਜਥਾ ਪਿੰਡ ਸਾਹਨੀ ਵੱਲੋਂ ਕੀਤੀ ਜਾਵੇਗੀ ਅਤੇ ਜੋੜਿਆਂ ਦੀ ਸੇਵਾ ਪਿੰਡ ਜਾਡਲਾ ਵਾਲੇ ਸੇਵਾਦਾਰ ਕਰਨਗੇ। ਇਸ ਮੌਕੇ ਭਾਈ ਸਤਨਾਮ ਸਿੰਘ, ਭਾਈ ਈਸ਼ਰ ਸਿੰਘ, ਭਾਈ ਨਵਕਰਨ ਸਿੰਘ ਸਮੇਤ ਗੁਰਦੁਆਰਾ ਬੁੰਗਾ ਸਾਹਿਬ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰ ਅਤੇ ਸਿੱਖ ਸੰਗਤਾਂ ਇਸ ਸਮਾਗਮ ਲਈ ਪੂਰਾ ਸਹਿਯੋਗ ਕਰ ਰਹੀਆਂ ਹਨ।