- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕਾਂ ਤੋਂ ਗਾਇਬ ਹੋਏ ਬਿਨਾਂ ਨੰਬਰੀ ਟਿੱਪਰ,

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ
ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ, ਮੁਕੇਰੀਆਂ ਅਤੇ ਤਲਵਾੜਾ ਖੇਤਰਾਂ ਵਿੱਚ ਮਾਈਨਿੰਗ ਗਤੀਵਿਧੀਆਂ ਨੂੰ ਲੈ ਕੇ ਸੀਬੀਆਈ ਦੀ ਵਧੀ ਸਰਗਰਮੀ ਦਾ ਅਸਰ ਹੁਣ ਸੜਕਾਂ ’ਤੇ ਵੀ ਦਿਖਾਈ ਦੇਣ ਲੱਗਾ ਹੈ। ਇਨ੍ਹਾਂ ਖੇਤਰਾਂ ’ਚ ਪਹਿਲਾਂ ਮਾਈਨਿੰਗ ਸਮੱਗਰੀ ਲੈ ਕੇ ਦਿਨ-ਰਾਤ ਦੌੜਦੇ ਦਿਖਾਈ ਦੇਣ ਵਾਲੇ ਬਿਨਾਂ ਨੰਬਰੀ ਟਿੱਪਰ ਹੁਣ ਕਾਫ਼ੀ ਹੱਦ ਤੱਕ ਗਾਇਬ ਹੋ ਗਏ ਹਨ। ਸਥਾਨਕ ਪੱਧਰ ’ਤੇ ਇਹ ਵੀ ਚਰਚਾ ਹੈ ਕਿ ਮਾਈਨਿੰਗ ਸਮੱਗਰੀ ਦੀ ਢੋਆ-ਢੁਆਈ ਕਰਨ ਵਾਲੇ ਟਿੱਪਰਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਘਟ ਕੇ ਕਰੀਬ ਦਸ ਫ਼ੀਸਦੀ ਰਹਿ ਗਈ ਹੈ।
ਮਾਈਨਿੰਗ ਨਾਲ ਜੁੜੀਆਂ ਗਤੀਵਿਧੀਆਂ ਦੀ ਜਾਂਚ ਨੂੰ ਲੈ ਕੇ ਕੇਂਦਰੀ ਜਾਂਚ ਏਜੰਸੀ ਦੀ ਸਰਗਰਮੀ ਵਧਣ ਤੋਂ ਬਾਅਦ ਇਲਾਕੇ ਵਿੱਚ ਮਾਈਨਿੰਗ ਕਾਰੋਬਾਰ ਨਾਲ ਜੁੜੇ ਲੋਕਾਂ ਵਿੱਚ ਹਲਚਲ ਹੋਣ ਦੀਆਂ ਚਰਚਾਵਾਂ ਹਨ। ਪਹਿਲਾਂ ਕਈ ਸੜਕਾਂ 'ਤੇ ਮਾਈਨਿੰਗ ਸਮੱਗਰੀ ਨਾਲ ਭਰੇ ਟਿੱਪਰਾਂ ਦੀ ਲਗਾਤਾਰ ਆਵਾਜਾਈ ਦੇਖਣ ਨੂੰ ਮਿਲਦੀ ਸੀ, ਪਰ ਹੁਣ ਇਨ੍ਹਾਂ ਦੀ ਘਟੀ ਗਿਣਤੀ ਸਾਫ਼ ਦਿਖਾਈ ਦੇਣ ਲੱਗੀ ਹੈ। ਮਾਈਨਿੰਗ ਸਮੱਗਰੀ ਦੀ ਢੋਆ-ਢੁਆਈ ਦੌਰਾਨ ਵਾਹਨਾਂ ਦੀ ਰਜਿਸਟ੍ਰੇਸ਼ਨ, ਲੋੜੀਂਦੇ ਦਸਤਾਵੇਜ਼ਾਂ ਅਤੇ ਸਮੱਗਰੀ ਦੇ ਕਾਨੂੰਨੀ ਸਰੋਤ ਦੀ ਜਾਂਚ ਕਰਨਾ ਸਬੰਧਤ ਵਿਭਾਗਾਂ ਦੀ ਜ਼ਿੰਮੇਵਾਰੀ ਹੈ। ਜੇਕਰ ਬਿਨਾਂ ਨੰਬਰੀ ਵਾਹਨ ਸੜਕਾਂ 'ਤੇ ਚੱਲ ਰਹੇ ਸਨ ਤਾਂ ਇਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਇਨਫੋਰਸਮੈਂਟ ਪ੍ਰਣਾਲੀ 'ਤੇ ਵੀ ਸਵਾਲ ਖੜ੍ਹੇ ਕਰਦਾ ਹੈ।
---
ਪ੍ਰਸ਼ਾਸਨ ਵੱਲੋਂ ਵਾਹਨਾ ਦੀ ਜਾਂਚ ਕੀਤੀ ਜਾਵੇ ਤੇਜ਼ : ਗਿਲਜੀਆਂ
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਿਲਜੀਆਂ ਨੇ ਕਿਹਾ ਕਿ ਟ੍ਰੈਫਿਕ ਪੁਲਿਸ, ਮਾਈਨਿੰਗ ਵਿਭਾਗ ਅਤੇ ਸਬੰਧਤ ਪ੍ਰਸ਼ਾਸਨ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਵਾਹਨਾਂ ਦੀ ਜਾਂਚ ਤੇਜ਼ ਕੀਤੀ ਜਾਵੇ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਪਹਿਲਾਂ ਕਿੰਨੇ ਵਾਹਨ ਮਾਈਨਿੰਗ ਸਮੱਗਰੀ ਢੋ ਰਹੇ ਸਨ ਅਤੇ ਮੌਜੂਦਾ ਸਮੇਂ ਵਿੱਚ ਕਿੰਨੇ ਵਾਹਨ ਕਾਨੂੰਨੀ ਦਸਤਾਵੇਜ਼ਾਂ ਨਾਲ ਕੰਮ ਕਰ ਰਹੇ ਹਨ। ਜੇਕਰ ਮਾਈਨਿੰਗ ਦੀਆਂ ਸਾਈਟਾਂ ਮੰਜੂਰ ਨਹੀਂ ਸਨ ਤਾਂ ਇਹ ਮਾਲ ਕਿੱਥੋਂ ਅਤੇ ਕਿਵੇਂ ਕੱਢਿਆ।
---
ਕਰੈਸ਼ਰਾਂ ’ਤੇ ਵੀ ਪੈ ਸਕਦਾ ਹੈ ਅਸਰ
ਦਸੂਹਾ, ਮੁਕੇਰੀਆਂ ਅਤੇ ਤਲਵਾੜਾ ਖੇਤਰਾਂ ਵਿੱਚ ਮਾਈਨਿੰਗ ਸਮੱਗਰੀ ਨਾਲ ਜੁੜੇ ਕਰੈਸ਼ਰ ਕਾਰੋਬਾਰ ਨੂੰ ਲੈ ਕੇ ਵੀ ਸਰਗਰਮੀਆਂ ਘਟਣ ਦੀਆਂ ਚਰਚਾਵਾਂ ਹਨ। ਕਈ ਕਰੈਸ਼ਰਾਂ ਦੇ ਕੰਮਕਾਜ ਵਿੱਚ ਕਮੀ ਜਾਂ ਉਨ੍ਹਾਂ ਦੇ ਆਮ ਤੌਰ ’ਤੇ ਸਰਗਰਮ ਨਾ ਦਿਖਾਈ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 35 ਦੇ ਕਰੀਬ ਕਰੈਸ਼ਰਾਂ ਵਾਲੇ ਆਪਣਾ ਸਾਮਾਨ ਲੈ ਕੇ ਇੱਥੋਂ ਇੱਧਰ ਉੱਧਰ ਹੋ ਗਏ ਹਨ। ਜੇ ਜਾਂਚ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਮਾਈਨਿੰਗ ਜਾਂ ਢੋਆ-ਢੁਆਈ ਦੇ ਸਬੂਤ ਮਿਲਦੇ ਹਨ ਤਾਂ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕਾਨੂੰਨੀ ਤੌਰ 'ਤੇ ਕੰਮ ਕਰਨ ਵਾਲੇ ਕਾਰੋਬਾਰੀਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।
---
ਹੁਣ ਪ੍ਰਸ਼ਾਸਨ ਦੀ ਕਾਰਵਾਈ ’ਤੇ ਨਜ਼ਰ
ਸੀਬੀਆਈ ਦੀ ਜਾਂਚ ਤੋਂ ਬਾਅਦ ਬਦਲੇ ਮਾਹੌਲ ਨੇ ਮਾਈਨਿੰਗ ਨਾਲ ਜੁੜੇ ਸਮੁੱਚੇ ਕਾਰੋਬਾਰ ਨੂੰ ਚਰਚਾ ਦੇ ਕੇਂਦਰ ’ਚ ਲਿਆ ਦਿੱਤਾ ਹੈ। ਲੋਕਾਂ ਦੀ ਮੰਗ ਹੈ ਕਿ ਮਾਈਨਿੰਗ ਸਮੱਗਰੀ ਦੇ ਸਰੋਤ, ਵਾਹਨਾਂ ਦੀ ਰਜਿਸਟ੍ਰੇਸ਼ਨ, ਰਾਇਲਟੀ ਅਤੇ ਕਰਸ਼ਰਾਂ ਦੀਆਂ ਮਨਜ਼ੂਰੀਆਂ ਦੀ ਨਿਰਪੱਖ ਜਾਂਚ ਕੀਤੀ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਸਬੰਧਤ ਵਿਭਾਗ ਇਸ ਬਦਲਾਅ ਨੂੰ ਸਿਰਫ਼ ਅਸਥਾਈ ਹਲਚਲ ਤੱਕ ਸੀਮਤ ਰਹਿਣ ਦਿੰਦੇ ਹਨ ਜਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਠੋਸ ਕਾਰਵਾਈ ਕਰਦੇ ਹਨ।