- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿੱਖੀ ਬਦਬੂ ਦੌਰਾਨ ਮੰਡੀ ’ਚ ਕਿਸਾਨਾ ਦੀ ਫਸਲ ਦਾ ਉਦਘਾਟਨ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਝੋਨੇ ਦੀ ਫਸਲ ਲੈ ਕੇ ਆਪਣੀ ਮਿਹਨਤ ਦਾ ਮੁੱਲ ਲੈਣ ਲਈ ਹੁਸ਼ਿਆਰਪੁਰ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਮੰਡੀ ਵਿੱਚ ਕਿਸਾਨਾਂ ਦਾ ਸਵਾਗਤ ਸਹੂਲਤਾਂ ਨਾਲ ਨਹੀਂ, ਸਗੋਂ ਤਿੱਖੀ ਬਦਬੂ, ਗੰਦਗੀ ਅਤੇ ਮੁੱਢਲੀਆਂ ਸਹੂਲਤਾਂ ਦੀ ਘਾਟ ਨਾਲ ਹੋ ਰਿਹਾ ਹੈ। ਮੰਡੀ ਵਿੱਚ ਥਾਂ-ਥਾਂ ਫੈਲੀ ਗੰਦਗੀ ਅਤੇ ਬਾਥਰੂਮਾਂ ਵਿੱਚੋਂ ਉੱਠ ਰਹੀ ਤੇਜ਼ ਮੁਸ਼ਕ ਨੇ ਮੰਡੀ ਦੇ ਸਫਾਈ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਅਗੇਤੇ ਬੀਜੇ ਝੋਨੇ ਕਾਰਨ ਮੰਡੀ ਵਿਚ ਝੋਨੇ ਦੀਆਂ ਬੋਰੀਆਂ ਅਤੇ ਹੋਰ ਫਸਲਾਂ ਨਾਲ ਪਹਿਲਾਂ ਹੀ ਭਰੇ ਸਥਾਨ ਵਿਚ ਹੋਰ ਬੋਰੀਆਂ ਰੱਖਣ ਨੂੰ ਥਾਂ ਨਹੀਂ ਹੈ।
ਬਾਥਰੂਮਾਂ ਦੀ ਹਾਲਤ ਤਰਸਯੋਗ : ਮੰਡੀ ਵਿੱਚ ਬਣੇ ਬਾਥਰੂਮਾਂ ਦੀ ਹਾਲਤ ਖਾਸ ਤੌਰ ’ਤੇ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਫਸਲ ਵੇਚਣ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਬਾਥਰੂਮਾਂ ਵਿੱਚੋਂ ਇੰਨੀ ਤਿੱਖੀ ਬਦਬੂ ਆ ਰਹੀ ਹੈ ਕਿ ਉਨ੍ਹਾਂ ਦੇ ਨੇੜੇ ਖੜ੍ਹਨਾ ਵੀ ਮੁਸ਼ਕਲ ਹੋ ਜਾਂਦਾ ਹੈ। ਦੂਜੇ ਪਾਸੇ ਪੀਣ ਵਾਲੇ ਪਾਣੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਵੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆੜ੍ਹਤੀਆਂ ਵੱਲੋਂ ਆਪਣੇ ਪੱਧਰ ’ਤੇ ਕੀਤੇ ਪ੍ਰਬੰਧਾਂ ’ਤੇ ਕਿਸਾਨਾਂ ਨੂੰ ਨਿਰਭਰ ਹੋਣਾ ਪੈ ਰਿਹਾ ਹੈ। ਕਿਸਾਨਾਂ ਨੇ ਸਵਾਲ ਉਠਾਇਆ ਕਿ ਜਦੋਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਕਿਸਾਨ ਆਪਣੀ ਫਸਲ ਲੈ ਕੇ ਮੰਡੀ ਪਹੁੰਚਣੇ ਹਨ ਤਾਂ ਮੰਡੀ ਵਿੱਚ ਸਫ਼ਾਈ ਅਤੇ ਪੀਣ ਵਾਲੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਦਾ ਪ੍ਰਬੰਧ ਪਹਿਲਾਂ ਹੀ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਮਹੀਨਿਆਂ ਦੀ ਮਿਹਨਤ ਅਤੇ ਖਰਚੇ ਤੋਂ ਬਾਅਦ ਫਸਲ ਲੈ ਕੇ ਮੰਡੀ ਪਹੁੰਚਦੇ ਹਨ, ਪਰ ਇੱਥੇ ਉਨ੍ਹਾਂ ਨੂੰ ਸਾਫ਼-ਸੁਥਰਾ ਮਾਹੌਲ ਤੱਕ ਨਹੀਂ ਮਿਲ ਰਿਹਾ।
ਥਾਂ-ਥਾਂ ਪਈ ਗੰਦਗੀ : ਮੰਡੀ ਵਿੱਚ ਥਾਂ-ਥਾਂ ਪਈ ਗੰਦਗੀ ਅਤੇ ਬਦਬੂ ਕਾਰਨ ਮਾਹੌਲ ਪ੍ਰੇਸ਼ਾਨੀਜਨਕ ਬਣਿਆ ਹੋਇਆ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਾਰ ਬਣਿਆ ਪਾਣੀ ਨਾ ਸਿਰਫ਼ ਮੁ਼ਸਕ ਫ਼ੈਲਾ ਰਿਹਾ ਹੈ ਬਲਕਿ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਸਫਾਈ ਦਾ ਕੰਮ ਸਿਰਫ਼ ਸੀਜ਼ਨ ਸ਼ੁਰੂ ਹੋਣ ਸਮੇਂ ਹੀ ਨਹੀਂ, ਸਗੋਂ ਪੂਰੇ ਸੀਜ਼ਨ ਦੌਰਾਨ ਨਿਯਮਤ ਤੌਰ ’ਤੇ ਹੋਣਾ ਚਾਹੀਦਾ ਹੈ। ਖਾਸ ਕਰ ਕੇ ਬਾਥਰੂਮਾਂ ਦੀ ਲਗਾਤਾਰ ਸਫਾਈ, ਪਾਣੀ ਦੀ ਉਪਲਬਧਤਾ ਅਤੇ ਕੂੜੇ ਦੀ ਸਮੇਂ ਸਿਰ ਚੁਕਾਈ ਯਕੀਨੀ ਬਣਾਉਣੀ ਜ਼ਰੂਰੀ ਹੈ।
ਆਗੂਆਂ ਲਈ ਟੋਏ ਪੂਰੇ : ਜਿਸ ਰਸਤੇ ਤੋਂ ਕਿਸਾਨਾਂ ਨੇ ਫ਼ਸਲ ਲੈ ਕੇ ਆਉਣਾ, ਉਸ ਰਸਤੇ ਵਿਚ ਅਨੇਕਾਂ ਟੋਏ ਅਤੇ ਟੁੱਟੀਆਂ ਸੜਕਾਂ ਹਨ ਪਰ ਉਦਾਘਟਨ ਕਰਨ ਲਈ ਆਏ ਆਗੂਆਂ ਵਾਲੇ ਰਸਤੇ ’ਤੇ ਮਿੱਟੀ ਪਾ ਕੇ ਟੋਏ ਪੂਰ ਦਿੱਤੇ ਗਏ, ਜਦਕਿ ਮੰਡੀ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਅਤੇ ਰਸਤੇ ਖ਼ਸਤਾ ਹਾਲਤ ਵਿਚ ਹਨ।
15 ਸਤੰਬਰ ਤੋਂ ਆ ਰਿਹਾ ਮੰਡੀਆਂ ’ਚ ਝੋਨਾ : ਪੰਜਾਬ ਵਿਚ ਹਰ ਸਾਲ 15 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੁੰਦੀ ਹੈ ਪਰ ਇਸ ਵਾਰ ਸਰਕਾਰ ਨੇ ਕਿਸਾਨਾਂ ਨੂੰ ਪਹਿਲੀ ਜੂਨ ਤੋਂ ਝੋਨਾ ਲਗਾਉਣ ਦੀ ਛੋਟ ਦੇ ਦਿੱਤੀ ਸੀ, ਜਿਸ ਕਾਰਨ 10 ਤੋਂ 15 ਸਤੰਬਰ ਦੌਰਾਨ ਝੋਨਾ ਮੰਡੀਆਂ ਵਿਖ ਆਉਣਾ ਸ਼ੁਰੂ ਹੋ ਗਿਆ ਸੀ। ਖ਼ਰੀਦ ਨਾ ਸ਼ੁਰੂ ਹੋਣ ਕਾਰਨ ਮੰਡੀਆਂ ਵਿਚ ਕਿਸਾਨਾਂ ਅਤੇ ਆੜ੍ਹਤੀਆਂ ਨੇ ਆਪਣੇ ਪੱਧਰ ’ਤੇ ਬਾਰਦਾਨੇ ਦਾ ਪ੍ਰਬੰਧ ਕਰ ਕੇ ਅਗੇਤਾ ਝੋਨਾ ਸੰਭਾਲ ਲਿਆ ਪਰ ਸਰਕਾਰੀ ਤੌਰ ’ਤੇ ਖ਼ਰੀਦ ਪਹਿਲੀ ਅਕਤੂਬਰ ਨੂੰ ਸ਼ੁਰੂ ਹੋਈ ਕਰ ਕੇ ਹੋਰ ਝੋਨਾ ਰੱਖਣ ਦੀ ਸਮਰੱਥਾ ਨਾਮਾਤਰ ਹੈ।
ਛੇ ਲੱਖ ਦੇ ਕਰੀਬ ਬੋਰੀ ਹੁੰਦੀ ਹਰ ਸਾਲ : ਆੜ੍ਹਤੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਦਾਣਾ ਮੰਡੀ ’ਚ ਤੀਹ ਦੇ ਕਰੀਬ ਆੜ੍ਹਤੀ ਹਨ ਅਤੇ ਹਰ ਇੱਕ ਆੜ੍ਹਤੀ ਕੋਲ ਹਰ ਸਾਲ 15 ਤੋਂ 20 ਹਜ਼ਾਰ ਤੱਕ ਬੋਰੀ ਪਹੁੰਚਦੀ ਹੈ। ਉਨ੍ਹਾਂ ਦੱਸਿਆ ਕਿ ਕੁੱਲ ਖ਼ਪਤ ਦਾ 20 ਤੋਂ 25 ਫ਼ੀਸਦੀ ਤੱਕ ਝੋਨਾ ਪਹਿਲਾਂ ਹੀ ਪਹੁੰਚ ਚੁੱਕਾ ਹੈ। ਬਾਰਦਾਨੇ ਦੀ ਕਮੀ ਅਤੇ ਲਿਫਟਿੰਗ ਦੀ ਕਮੀ ਆਉਣ ਵਾਲੇ ਦਿਲਾਂ ਵਿਚ ਵੱਡੀ ਪੱਧਰ ’ਤੇ ਹੋਵੇਗੀ।
ਕੀ ਕਹਿੰਦੇ ਹਨ ਚੇਅਰਮੈਨ : ਇਸ ਸਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ ਨੇ ਦੱਸਿਆ ਕਿ ਮੰਡੀ ਵਿਚ ਦੁਕਾਨਦਾਰਾਂ ਕਰ ਕੇ ਗੰਦ ਪੈਂਦਾ ਹੈ। ਉਨ੍ਹਾਂ ਅੱਜ ਹੀ ਸਾਰੇ ਆੜ੍ਹਤੀਆਂ ਨਾਲ ਮੀਟਿੰਗ ਕਰ ਕੇ ਰਸਤੇ ਸਾਫ਼ ਕਰਨ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਅਤੇ ਆੜ੍ਹਤੀ ਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਸਰਕਾਰ ਨੇ ਸਾਰੇ ਪ੍ਰਬੰਧ ਪੂਰੇ ਕਰ ਲਏ ਹਨ।