ਪੁਤਲਿਆਂ ਦੀ ਗੂੰਜ ਤੋਂ ਲੈ ਕੇ ਪਰੰਪਰਾਵਾਂ ਦੀ ਪੈੜ ਤੱਕ ਹੁਸ਼ਿਆਰਪੁਰ ਦਾ ਦੁਸਹਿਰਾ ਪੁਤਲਿਆਂ ਦੀ ਗੂੰਜ ਤੋਂ ਲੈ ਕੇ ਪਰੰਪਰਾਵਾਂ ਦੀ ਪੈੜ ਤੱਕ ਹੁਸ਼ਿਆਰਪੁਰ ਦਾ ਦੁਸਿਹਰਾ
Publish Date: Mon, 05 Oct 2026 04:12 PM (IST)
Updated Date: Tue, 06 Oct 2026 04:02 AM (IST)
ਸਦੀਆਂ ਪੁਰਾਣੀ ਵਿਰਾਸਤ ਦਾ ਗਵਾਹ ਹੁਸ਼ਿਆਰਪੁਰ ਦਾ ਦੁਸਹਿਰਾ, 13 ਦਿਨ ਚੱਲਣ ਵਾਲੇ ਏਸ਼ੀਆ ਦੇ ਇੱਕੋ-ਇੱਕ ਦੁਸਹਿਰੇ ਦੀਆਂ ਰੌਣਕਾਂ ਸ਼ੁਰੂ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਦਾ ਦੁਸਹਿਰਾ ਸਿਰਫ਼ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜਨ ਤੱਕ ਸੀਮਤ ਨਹੀਂ, ਸਗੋਂ ਇਹ ਸ਼ਹਿਰ ਦੀ ਪੁਰਾਤਨ ਧਾਰਮਿਕ, ਸੱਭਿਆਚਾਰਕ ਤੇ ਸਮਾਜਿਕ ਵਿਰਾਸਤ ਦਾ ਪ੍ਰਤੀਕ ਹੈ। ਹਰ ਸਾਲ ਦਸਹਿਰੇ ਮੌਕੇ ਸ਼ਹਿਰ ਵਿੱਚ ਕਈ ਦਿਨ ਪਹਿਲਾਂ ਤੋਂ ਰੌਣਕਾਂ ਸ਼ੁਰੂ ਹੋ ਜਾਂਦੀਆਂ ਹਨ। ਵੱਡੇ-ਵੱਡੇ ਪੁਤਲੇ, ਰਾਮਲੀਲਾ, ਧਾਰਮਿਕ ਝਾਕੀਆਂ ਅਤੇ ਮੇਲੇ ਵਰਗਾ ਮਾਹੌਲ ਲੋਕਾਂ ਲਈ ਖਿੱਚ ਦਾ ਕੇਂਦਰ ਬਣਦਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਇਸ ਤਿਉਹਾਰ ਨਾਲ ਜੁੜਦਾ ਹੈ। ਹੁਸ਼ਿਆਰਪੁਰ ਦਾ ਦੁਸਹਿਰਾ ਬੁਰਾਈ ’ਤੇ ਚੰਗਿਆਈ ਦੀ ਜਿੱਤ ਦੇ ਸੰਦੇਸ਼ ਦੇ ਨਾਲ-ਨਾਲ ਸ਼ਹਿਰ ਦੀ ਸਾਂਝੀ ਭਾਈਚਾਰਕ ਸੱਭਿਆਚਾਰਕ ਪਛਾਣ ਨੂੰ ਵੀ ਦਰਸਾਉਂਦਾ ਹੈ। ਇਹ ਸ਼ਹਿਰ ਦੀ ਸਾਂਝੀ ਯਾਦ, ਰਾਮਲੀਲਾ ਦੀ ਪਰੰਪਰਾ, ਪੁਤਲਾ-ਕਲਾ, ਧਾਰਮਿਕ ਆਸਥਾ ਅਤੇ ਲੋਕ-ਮੇਲੇ ਦਾ ਅਜਿਹਾ ਰੂਪ ਬਣ ਚੁੱਕਾ ਹੈ, ਜਿਸ ਵਿੱਚ ਹਰ ਪੀੜ੍ਹੀ ਆਪਣੀ ਕੋਈ ਨਾ ਕੋਈ ਯਾਦ ਜੋੜਦੀ ਆਈ ਹੈ। ਅੱਜ ਜਦੋਂ ਦੁਸਹਿਰਾ ਗਰਾਊਂਡ ਵਿੱਚ ਰਾਵਣ ਦਾ ਪੁਤਲਾ ਖੜ੍ਹਾ ਹੁੰਦਾ ਹੈ ਤਾਂ ਉਸ ਦੇ ਪਿੱਛੇ ਸਿਰਫ਼ ਬਾਂਸ, ਕਾਗਜ਼ ਅਤੇ ਰੰਗ ਨਹੀਂ ਹੁੰਦੇ—ਉਸ ਦੇ ਪਿੱਛੇ ਹੁਸ਼ਿਆਰਪੁਰ ਦੀ ਲੰਮੀ ਸੱਭਿਆਚਾਰਕ ਪਰੰਪਰਾ ਵੀ ਖੜ੍ਹੀ ਹੁੰਦੀ ਹੈ। ਹੁਸ਼ਿਆਰਪੁਰ ਦੇ ਦੁਸਹਿਰੇ ਦੀ ਖਾਸੀਅਤ ਹੁਸ਼ਿਆਰਪੁਰ ਵਿੱਚ ਦੁਸਹਿਰੇ ਅਤੇ ਰਾਮਲੀਲਾ ਦੀ ਪਰੰਪਰਾ ਕਾਫ਼ੀ ਪੁਰਾਣੀ ਦੱਸੀ ਜਾਂਦੀ ਹੈ। ਇੱਕ ਰਿਪੋਰਟ ਅਨੁਸਾਰ, ਹੁਸ਼ਿਆਰਪੁਰ ਦੇ ਮੌਜੂਦਾ ਦੁਸਹਿਰਾ ਮੈਦਾਨ ਵਿੱਚ ਲਗਭਗ 100 ਸਾਲ ਤੋਂ ਵੀ ਵੱਧ ਸਮੇਂ ਤੋਂ ਦੁਸਹਿਰਾ ਮਨਾਇਆ ਜਾ ਰਿਹਾ ਹੈ। ਇਤਿਹਾਸਕ ਸਰੋਤ ਅਨੁਸਾਰ 1887 ਵਿੱਚ ਹੁਸ਼ਿਆਰਪੁਰ ਵਿੱਚ ਦੁਸਹਿਰੇ ਅਤੇ ਮੁਹਰਮ ਦੇ ਮੌਕੇ ਫਸਾਦ ਹੋਏ ਸਨ, ਜਿਸ ਤੋਂ ਬਾਅਦ 1894 ਤੱਕ ਮਿਊਂਸਪਲ ਕਮੇਟੀ ਭੰਗ ਰਹੀ। 19ਵੀਂ ਸਦੀ ਦੇ ਅੰਤ ਤੱਕ ਦੁਸਹਿਰਾ ਹੁਸ਼ਿਆਰਪੁਰ ਦੇ ਜਨਤਕ ਜੀਵਨ ਵਿੱਚ ਇੱਕ ਮਹੱਤਵਪੂਰਨ ਤਿਉਹਾਰ ਬਣ ਚੁੱਕਾ ਸੀ 60 ਫ਼ੁੱਟ ਉੱਚੇ ਬਣਦੇ ਪੁਤਲੇ ਇੱਥੇ ਇੱਕ ਦਿਲਚਸਪ ਗੱਲ ਹੈ ਕਿ ਪੰਜਾਬ ਦੇ ਕਈ ਵੱਡੇ ਦੁਸਹਿਰਿਆਂ ਲਈ ਉੱਤਰ ਪ੍ਰਦੇਸ਼, ਖ਼ਾਸ ਕਰ ਕੇ ਆਗਰਾ ਤੇ ਸਹਾਰਨਪੁਰ ਇਲਾਕੇ ਤੋਂ ਆਉਣ ਵਾਲੇ ਮਾਹਿਰ ਕਾਰੀਗਰਾਂ ਦੀਆਂ ਟੀਮਾਂ ਪੁਤਲੇ ਬਣਾਉਣ ਲਈ ਆਉਂਦੀਆਂ ਹਨ। ਇਹ ਕੰਮ ਆਮ ਤੌਰ ’ਤੇ ਬਾਂਸ, ਤਾਰ, ਰੱਸੀ ਅਤੇ ਕਾਗਜ਼ ਨਾਲ ਹੁੰਦਾ ਹੈ। ਪਹਿਲਾਂ ਬਾਂਸ ਦਾ ਢਾਂਚਾ ਬਣਾਇਆ ਜਾਂਦਾ ਹੈ, ਫਿਰ ਕਾਗਜ਼ ਦੀਆਂ ਪਰਤਾਂ ਲਗਾ ਕੇ ਸਰੀਰ ਤਿਆਰ ਕੀਤਾ ਜਾਂਦਾ ਹੈ ਤੇ ਆਖ਼ਰ ’ਚ ਚਿਹਰੇ, ਮੁਕਟ, ਕੱਪੜਿਆਂ ਤੇ ਹੋਰ ਸਜਾਵਟ ਨਾਲ ਪੁਤਲੇ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ। ਇਹ ਸਭ ਕੁੱਝ ਦੁਸਹਿਰੇ ਤੋਂ ਚਾਰ ਪੰਜ ਦਿਨ ਪਹਿਲਾਂ ਬਾਹਰੋਂ ਆਏ ਕਾਰੀਗਰ ਬਣਾਉਂਦੇ ਹਨ। ਮੁਸਲਿਮ ਕਾਰੀਗਰ ਬਣਾਉਂਦੇ ਨੇ ਪੁਤਲੇ ਇਸ ਕਲਾ ਨਾਲ ਮੁਸਲਿਮ ਕਾਰੀਗਰ ਪਰਿਵਾਰਾਂ ਦਾ ਵੀ ਲੰਮੇ ਸਮੇਂ ਤੋਂ ਜੁੜਾਅ ਹੈ। ਸਹਾਰਨਪੁਰ ਤੇ ਆਗਰਾ ਦੀਆਂ ਕੁਝ ਕਾਰੀਗਰ ਟੀਮਾਂ ਕਈ ਪੀੜ੍ਹੀਆਂ ਤੋਂ ਰਾਵਣ ਦੇ ਪੁਤਲੇ ਬਣਾਉਂਦੀਆਂ ਆ ਰਹੀਆਂ ਹਨ। ਸਮਾਗਮਾਂ ਲਈ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜਿਲ੍ਹਿਆਂ ਤੋਂ ਆਉਣ ਵਾਲੀਆਂ ਟੀਮਾਂ ਵਿੱਚ ਮੁਸਲਿਮ ਅਤੇ ਹਿੰਦੂ ਕਾਰੀਗਰ ਇਕੱਠੇ ਕੰਮ ਕਰਦੇ ਹਨ। 13 ਦਿਨ ਚੱਲਦਾ ਦੁਸਹਿਰਾ ਕੁੱਲੂ ਦਾ ਦੁਸਿਹਰਾ ਦਸ ਦਿਨ ਚੱਲਦਾ ਹੈ, ਜਦਕਿ ਏਸ਼ੀਆ ਦਾ ਇੱਕੋ ਇੱਕ ਹੁਸ਼ਿਆਰਪੁਰ ਦਾ ਦੁਸਹਿਰਾ 13 ਦਿਨ ਚੱਲਦਾ ਹੈ। ਪਹਿਲੇ ਦਿਨ ਬ੍ਰਹਮਾ ਦੀ ਪੂਜਾ ਤੇ ਝਾਕੀ ਤੋਂ ਇਸ ਦੀ ਸ਼ੁਰੂਆਤ ਹੁੰਦੀ ਹੈ। ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਸਾੜਨ ਤੋਂ ਬਾਅਦ ਭਰਤ ਮਿਲਾਪ ਤੱਕ ਦੁਸਹਿਰਾ ਖ਼ਤਮ ਹੋ ਜਾਂਦਾ ਹੈ ਪਰੰਤੂ ਹੁਸ਼ਿਆਰਪਰ ਦਾ ਇਹ ਦੁਸਹਿਰਾ 13ਵੇਂ ਦਿਨ ਰਾਜ ਤਿਲਕ ਹੋਣ ਤੋਂ ਬਾਅਦ ਕਰਵਾਏ ਜਾਂਦੇ ਹਵਨ ’ਤੇ ਜਾ ਕੇ ਖ਼ਤਮ ਹੁੰਦਾ ਹੈ। ਦੋ ਸਾਲ ਪਹਿਲਾਂ ਹੁੰਦੀ ਹੈ ਬੁਕਿੰਗ ਇਸ ਦੁਸਹਿਰੇ ਵਿਚ ਸ੍ਰੀ ਰਾਮ ਚੰਦਰ, ਲਕਸਮਣ ਤੇ ਮਾਤਾ ਸੀਤਾ ਦੇ ਸਰੂਪ ਬਣਨ ਵਾਲੇ ਕਲਕਾਰਾਂ ਨੂੰ ਆਪਣੇ ਘਰ ਖ਼ਾਣਾ ਬਣਾ ਖਿਲਾਉਣ ਲਈ ਬੁਕਿੰਗ ਹੁੰਦੀ ਹੈ ਤੇ ਸ੍ਰੀ ਰਾਮ ਚੰਦਰ ਦੇ ਚਰਣ ਘਰ ਪੁਆਉਣ ਲਈ ਲੋਕਾਂ ਵਲੋਂ ਦੋ ਦੋ ਸਾਲ ਪਹਿਲਾਂ ਬੁਕਿੰਗ ਕਰਵਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ।