ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ ਦਾ ਹੋਕਾ ਦੇਣ ਵਾਲਾ ਸਿਹਤ ਵਿਭਾਗ ਖੁਦ ਡੇਂਗੂ ਦੇ ਸਾਏ ਹੇਠ ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ ਦਾ ਹੋਕਾ ਦੇਣ ਵਾਲਾ ਸਿਹਤ ਵਿਭਾਗ ਖੁਦ ਡੇਂਗੂ ਦੇ ਸਾਏ ਹੇਠ !
Publish Date: Thu, 12 Nov 2026 04:57 PM (IST)
Updated Date: Thu, 12 Nov 2026 05:00 PM (IST)
ਮੈਡੀਕਲ ਵਾਰਡ ਨਾਲ ਲੱਗਦੇ ਪਾਰਕ ਵਿੱਚ ਪਨਪ ਰਿਹਾ ਡੇਂਗੂ ਦਾ ਲਾਰਵਾ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਲੋਕਾਂ ਨੂੰ ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ ਕਰਨ ਦਾ ਸੁਨੇਹਾ ਦੇਣ ਵਾਲਾ ਸਿਹਤ ਵਿਭਾਗ ਹੁਣ ਖੁਦ ਡੇਂਗੂ ਦੇ ਖ਼ਤਰੇ ਹੇਠ ਨਜ਼ਰ ਆ ਰਿਹਾ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ, ਕੂਲਰਾਂ ਅਤੇ ਹੋਰ ਪਾਣੀ ਵਾਲੀਆਂ ਥਾਵਾਂ ਦੀ ਸਫ਼ਾਈ ਕਰਨ ਦੀਆਂ ਨਸੀਹਤਾਂ ਦਿੱਤੀਆਂ ਜਾਂਦੀਆਂ ਹਨ, ਪਰ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਅੰਦਰ ਹੀ ਸਫ਼ਾਈ ਅਤੇ ਲਾਰਵੇ ਦੀ ਰੋਕਥਾਮ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਬਰਾਮਦੇ ਵਿੱਚ ਬਣੇ ਮੈਡੀਕਲ ਵਾਰਡ ਦੇ ਨਾਲ ਲੱਗਦੇ ਪਾਰਕ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਡੇਂਗੂ ਦਾ ਲਾਰਵਾ ਪਨਪਣ ਦੀ ਸ਼ਿਕਾਇਤ ਸਾਹਮਣੇ ਆਈ ਹੈ। ਇਹ ਸਥਿਤੀ ਇਸ ਲਈ ਵੀ ਗੰਭੀਰ ਹੈ ਕਿਉਂਕਿ ਹਸਪਤਾਲ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਮਰੀਜ਼ ਇਲਾਜ ਲਈ ਪਹੁੰਚਦੇ ਹਨ। ਜੇਕਰ ਹਸਪਤਾਲ ਦੇ ਅੰਦਰ ਹੀ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਦੇ ਪ੍ਰਬੰਧ ਨਹੀਂ ਹੋ ਸਕਦੇ ਤਾਂ ਆਮ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਦਿੱਤੀਆਂ ਜਾ ਰਹੀਆਂ ਹਦਾਇਤਾਂ ਕਿੰਨੀਆਂ ਪ੍ਰਭਾਵਸ਼ਾਲੀ ਹਨ, ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ। ਦੂਜੇ ਪਾਸੇ ਹਸਪਤਾਲ ਦੇ ਮੈਡੀਕਲ ਵਾਰਡਾਂ ਵਿੱਚ ਮਰੀਜ਼ਾਂ ਦੀ ਭੀੜ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਾਰਡਾਂ ਵਿੱਚ ਸਮਰੱਥਾ ਦੇ ਮੁਕਾਬਲੇ ਵੱਧ ਮਰੀਜ਼ ਹੋਣ ਕਾਰਨ ਇਲਾਜ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਮਰੀਜ਼ਾਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਮਾਹੌਲ ਦੇਣ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਦੀ ਹੈ, ਦੂਜੇ ਪਾਸੇ ਹਸਪਤਾਲ ਦੇ ਅੰਦਰ ਹੀ ਅਜਿਹੀਆਂ ਖਾਮੀਆਂ ਸਾਹਮਣੇ ਆਉਣਾ ਵਿਭਾਗ ਦੀ ਨਾਕਸ ਕਾਰਗੁਜ਼ਾਰੀ ਦਰਸਾਉਂਦਾ ਹੈ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਜਦੋਂ ਸਿਹਤ ਵਿਭਾਗ ਆਪਣੇ ਹੀ ਹਸਪਤਾਲ ਵਿੱਚ ਡੇਂਗੂ ਦੇ ਲਾਰਵੇ ਨੂੰ ਰੋਕਣ ਵਿੱਚ ਨਾਕਾਮ ਦਿਖਾਈ ਦੇ ਰਿਹਾ ਹੈ ਤਾਂ ਆਮ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਦੇ ਦਾਅਵੇ ਕਿੰਨੇ ਕੁ ਜਾਇਜ਼ ਹਨ। ਹਾਸੋਹੀਣੇ ਉੱਤਰਾਂ ਨਾਲ ਟਾਲਿਆ ਸਿਵਲ ਸਰਜਨ ਨੇ ਇਸ ਸਬੰਧੀ ਜਦੋਂ ਸਿਵਲ ਸਰਜਨ ਤੋਂ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਦਿੱਤੇ ਗਏ ਜਵਾਬਾਂ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਸਮੱਸਿਆ ਦੇ ਠੋਸ ਹੱਲ ਅਤੇ ਲਾਰਵੇ ਦੀ ਜਾਂਚ ਕਰਵਾਉਣ ਸਬੰਧੀ ਸਪੱਸ਼ਟ ਜਵਾਬ ਦੇਣ ਦੀ ਬਜਾਏ ਹਾਸੋਹੀਣੇ ਜਵਾਬਾਂ ਨਾਲ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਹਸਪਤਾਲ ਅੰਦਰ ਨਿਰਮਾਣ ਕਾਰਜਾਂ ਕਰਕੇ ਸਥਿਤੀ ਬਣੀ ਹੈ। ਇਸ ਗੱਲ ਦਾ ਪਤਾ ਜੀਫ਼ ਸਕੱਤਰ ਤੋਂ ਲੈ ਕੇ ਸਾਰੇ ਉੱਚ ਅਧਿਕਾਰੀਆਂ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੇੇ ਡਾਕਟਰ ਨਵਦੀਪ ਸਿੰਘ ਅਧੀਨ ਹਸਪਤਾਲ ਦਾ ਕੈਂਪਸ ਪੈਂਦਾ ਹੈ। ਉਨ੍ਹਾਂ ਪੁੱਛੋਂ । ਜਦੋਂ ਉਨ੍ਹਾਂ ਪੁੱਛਿਆ ਕਿ ਡਾ ਨਵਦੀਪ ਤੁਹਾਡੇ ਅਧੀਨ ਨਹੀਂ ਤਾਂ ਉਹ ਪਾਸਾ ਵੱਟ ਗਏ।