ਨੀਹ ਪੱਥਰ ਤੱਕ ਸੀਮਤ ਰਹੇ ਪੰਜ ਕਰੋੜੀ ਪਾਰਕ ’ਤੇ ਬਣੇਗਾ ਸ਼ਾਨਦਾਰ ਸਕੂਲ ਵਿਧਾਇਕ ਜਿੰਪਾ ਦੇ ਉੱਦਮਾਂ ਨੂੰ ਪਿਆ ਬੂਰ
Publish Date: Tue, 10 Nov 2026 03:31 PM (IST)
Updated Date: Tue, 10 Nov 2026 03:32 PM (IST)
5 ਸਾਲ ਪਹਿਲਾਂ ਹੋਇਆ ਸੀ ਪਾਰਕ ਦਾ ਸਰਕਾਰੀ ਐਲਾਨ ਜੋ ਹਕੀਕਤ ਨਾ ਬਣਿਆ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਸ਼ਹਿਰ ਦੇ ਨੇੜਲੇ ਪਿੰਡ ਬਜਵਾੜਾ ਦੇ ਨਜ਼ਦੀਕ ਨਗਰ ਨਿਗਮ ਦੀ ਹਦੂਦ ਅੰਦਰ ਲਗਭਗ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਪਾਰਕ ਦਾ ਪ੍ਰਾਜੈਕਟ ਸਰਕਾਰੀ ਐਲਾਨਾਂ ਅਤੇ ਨੀਹ ਪੱਥਰ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। 18 ਦਸੰਬਰ 2021 ਨੂੰ ਇਸ ਪਾਰਕ ਦਾ ਨੀਹ ਪੱਥਰ ਰੱਖ ਕੇ ਉਸ ਵੇਲੇ ਦੇ ਵਿਧਾਇਕ ਨੇ ਇਲਾਕੇ ਦੇ ਲੋਕਾਂ ਨੂੰ ਇੱਕ ਵੱਡੀ ਸਹੂਲਤ ਦੇਣ ਦਾ ਸੁਪਨਾ ਦਿਖਾਇਆ ਸੀ ਪਰ ਲਗਭਗ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਇਹ ਸੁਪਨਾ ਹਕੀਕਤ ਵਿੱਚ ਨਹੀਂ ਬਦਲ ਸਕਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪਾਰਕ ਦੇ ਨਿਰਮਾਣ ਲਈ ਅੱਜ ਤੱਕ ਨਾ ਤਾਂ ਕੋਈ ਟੈਂਡਰ ਲਗਾਇਆ ਗਿਆ ਅਤੇ ਨਾ ਹੀ ਕਿਸੇ ਠੇਕੇਦਾਰ ਨੂੰ ਇਸ ਦਾ ਠੇਕਾ ਅਲਾਟ ਕੀਤਾ ਗਿਆ। ਇਸ ਤਰ੍ਹਾਂ ਕਰੋੜਾਂ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਕਾਗਜ਼ਾਂ ਅਤੇ ਐਲਾਨਾਂ ਤੋਂ ਅੱਗੇ ਨਹੀਂ ਵਧ ਸਕਿਆ। ਨੀਹ ਪੱਥਰ ਰੱਖਣ ਸਮੇਂ ਕੀਤੇ ਗਏ ਵਿਕਾਸ ਦੇ ਵਾਅਦਿਆਂ ਨੂੰ ਲੈ ਕੇ ਹੁਣ ਕਈ ਸਵਾਲ ਖੜ੍ਹੇ ਹੋ ਰਹੇ ਹਨ ਪਰੰਤੂ ਹੁਣ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੇ ਉੱਦਮਾਂ ਨਾਲ 25 ਕਰੋੜ ਦੀ ਲਾਗਤ ਵਾਲਾ ਆਧੁਨਿਕ ਸੁਵਿਧਾਵਾਂ ਵਾਲਾ ਸਕੂਲ ਬਣੇਗਾ ਜਿਸ ਦਾ ਦੋ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਵੀ ਫ਼ਾਇਦਾ ਹੋਵੇਗਾ। ਕੀ ਹੈ ਮਾਮਲਾ ਉਸ ਵੇਲੇ ਦੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਹੁਸ਼ਿਆਰਪੁਰ ਸ਼ਹਿਰ ਦੇ ਆਸ-ਪਾਸ ਨਵੀਂਆਂ ਕਚਿਹਰੀਆਂ ਨਜਦੀਕ ਇੱਕ ਵੱਡੇ ਪਾਰਕ ਦੀ ਉਸਾਰੀ ਨਾਲ ਲੋਕਾਂ ਨੂੰ ਸੈਰ ਕਰਨ, ਕਸਰਤ ਕਰਨ ਅਤੇ ਪਰਿਵਾਰ ਸਮੇਤ ਕੁੱਝ ਸਮਾਂ ਕੁਦਰਤੀ ਮਾਹੌਲ ਵਿੱਚ ਬਿਤਾਉਣ ਦੀ ਸਹੂਲਤ ਦੇਣ ਦਾ ਸਬਜਬਾਗ ਦਿਖਾ ਕੇ ਇਸ ਪਾਰਕ ਦਾ ਨੀਂਹ ਪੱਥਰ ਰਖਿਆ ਸੀ। ਇਸ ਪਾਰਕ ਨੂੰ ਇਲਾਕੇ ਦੇ ਵਿਕਾਸ ਲਈ ਅਹਿਮ ਮੰਨਿਆ ਜਾ ਰਿਹਾ ਸੀ ਪਰ ਨਿਰਮਾਣ ਕਾਰਜ ਸ਼ੁਰੂ ਨਾ ਹੋਣ ਕਾਰਨ ਲੋਕਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਕੋਈ ਠੋਸ ਯੋਜਨਾ ਹੀ ਤਿਆਰ ਹੀ ਨਹੀਂ ਕੀਤੀ ਗਈ। ਨਾਂ ਤਾਂ ਇਸ ਪ੍ਰਾਜੈਕਟ ਲਈ ਲੋੜੀਂਦੀ ਸਰਕਾਰੀ ਪ੍ਰਵਾਨਗੀ ਲਈ ਗਈ ਅਤੇ ਨਾ ਹੀ ਅਤੇ ਬਜਟ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਕਾਰਨ ਇਹ ਨੀਂਹ ਪੱਥਰ ਹੀ ਬਣ ਕੇ ਰਹਿ ਗਿਆ। ਹੁਣ 25 ਕਰੋੜ ਦੀ ਲਾਗਤ ਨਾਲ ਬਣੇਗਾ ਸਕੂਲ ਵਿਧਾਇਕ ਜਿੰਪਾ ਇਸ ਸਬੰਧੀ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਣ ਇੱਥੇ ਚਾਰ ਏਕੜ ਜ਼ਮੀਨ ਵਿੱਚ ਲਗਭਗ 25 ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਨ੍ਹਾਂ ਅਰਥ ਰੱਖੇ ਨੀਂਹ ਪੱਥਰ ਵਾਲੇ ਸਥਾਨ ਦੀ ਥਾਂ ’ਤੇ ਸਕੂਲ ਬਣਨ ਨਾਲ ਇਲਾਕੇ ਦੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਸਹੂਲਤਾਂ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਸਕੂਲ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ ਅਤੇ ਲੋਕਾਂ ਨੂੰ ਸਿੱਖਿਆ ਲਈ ਦੂਰ ਨਹੀਂ ਜਾਣਾ ਪਵੇਗਾ। ਪੰਜਾਬ ਕੈਬਨਿਟ ਵਿਚ ਸਕੂਲ ਪ੍ਰੋਜੈਕਟ ਪਾਸ ਹੋ ਚੁੱਕਾ ਹੈ। ਸਕੂਲ ਵਿਚ ਹਾਈ ਟੈਕ ਸੁਵਿਧਾਵਾਂ ਹੋਣਗੀਆਂ। ਕੀ ਕਹਿੰਦੇ ਹਨ ਐਕਸੀਅਨ ਨਗਰ ਨਿਗਮ ਇਸ ਸਬੰਧੀ ਨਗਰ ਨਿਗਮ ਦੇ ਐਕਸੀਅਨ ਕੁਲਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਕੈਬਨਿਟ ਵਿਚ ਪਾਸ ਹੋਏ ਸਕੂਲ ਪ੍ਰੋਜੈਕਟ ਲਈ ਟੈਂਡਰ ਵੀ ਲੱਗ ਗਿਆ ਹੈ ਅਤੇ ਜਲਦ ਹੀ ਸਕੂਲ ਨਿਰਮਾਣ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਕ ਦਾ ਨੀਂਹ ਪੱਥਰ ਕਿਉਂ ਰੱਖਿਆ ਗਿਆ ਇਹ ਅੱਜ ਤੱਕ ਨਿਗਮ ਅਧਿਕਾਰੀਆਂ ਨੂੰ ਵੀ ਸਮਝ ਨਹੀਂ ਆਇਆ।