ਚੱਬੇਵਾਲ ’ਚ ਕਾਂਗਰਸ ਪਾਰਟੀ ਦੀ ਜਥੇਬੰਦਕ ਕਾਰਗੁਜ਼ਾਰੀ ’ਤੇ ਉੱਠਣ ਲੱਗੇ ਸਵਾਲ ਚੱਬੇਵਾਲ ’ਚ ਸਾਢੇ ਚਾਰ ਸਾਲ ਸੁੱਤੀ ਰਹੀ ਕਾਂਗਰਸ
Publish Date: Thu, 22 Oct 2026 04:17 PM (IST)
Updated Date: Thu, 22 Oct 2026 04:18 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹਲਕਾ ਚੱਬੇਵਾਲ ਵਿੱਚ ਕਾਂਗਰਸ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਲਗਭਗ ਠੱਪ ਰਹਿਣ ਦਾ ਮੁੱਦਾ ਹੁਣ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜਿਹੜੇ ਕਾਂਗਰਸੀ ਵਰਕਰਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕੀਤੀ, ਉਹ ਆਪਣੇ ਆਪ ਨੂੰ ਸਿਆਸੀ ਤੌਰ ’ਤੇ ਇਕੱਲੇ ਮਹਿਸੂਸ ਕਰਦੇ ਰਹੇ। ਇਸ ਦੌਰਾਨ ਨਾ ਤਾਂ ਪਾਰਟੀ ਦੀ ਸਰਗਰਮ ਮੌਜੂਦਗੀ ਲੋਕਾਂ ਵਿੱਚ ਨਜ਼ਰ ਆਈ ਅਤੇ ਨਾ ਹੀ ਵਰਕਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਕੋਈ ਪ੍ਰਭਾਵਸ਼ਾਲੀ ਪ੍ਰਬੰਧ ਦਿਖਾਈ ਦਿੱਤਾ। ਜਥੇਬੰਦਕ ਢਾਂਚੇ ’ਤੇ ਵੀ ਸਵਾਲ ਕਾਂਗਰਸ ਦੀ ਜਥੇਬੰਦਕ ਕਾਰਗੁਜ਼ਾਰੀ ਨੂੰ ਲੈ ਕੇ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਪਾਰਟੀ ਨੇ ਇੰਨੇ ਲੰਮੇ ਸਮੇਂ ਦੌਰਾਨ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਜਦੋਂ ਸੱਤਾਧਾਰੀ ਧਿਰ ਅਤੇ ਹੋਰ ਸਿਆਸੀ ਪਾਰਟੀਆਂ ਆਪੋ-ਆਪਣੀਆਂ ਸਰਗਰਮੀਆਂ ਰਾਹੀਂ ਲੋਕਾਂ ਤੱਕ ਪਹੁੰਚ ਬਣਾਉਣ ਵਿੱਚ ਜੁਟੀਆਂ ਰਹੀਆਂ, ਤਾਂ ਕਾਂਗਰਸ ਦੀ ਹਲਕੇ ਵਿੱਚ ਸਰਗਰਮ ਭੂਮਿਕਾ ਦੀ ਘਾਟ ਮਹਿਸੂਸ ਕੀਤੀ ਜਾਂਦੀ ਰਹੀ। ਆਖਰੀ ਛੇ ਮਹੀਨਿਆਂ ਵਿੱਚ ਖੁੱਲ੍ਹਿਆ ਦਫ਼ਤਰ ਲੰਮੇ ਅਰਸੇ ਤੱਕ ਸੁਸਤ ਰਹਿਣ ਤੋਂ ਬਾਅਦ ਕਾਂਗਰਸ ਵੱਲੋਂ ਹਲਕੇ ਵਿੱਚ ਆਖਰੀ ਛੇ ਮਹੀਨਿਆਂ ਦੌਰਾਨ ਦਫ਼ਤਰ ਖੋਲ੍ਹਿਆ ਗਿਆ। ਸਿਆਸੀ ਹਲਕਿਆਂ ਵਿੱਚ ਇਸ ਗੱਲ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਕਿ ਜੇਕਰ ਪਾਰਟੀ ਨੂੰ ਵਰਕਰਾਂ ਨਾਲ ਤਾਲਮੇਲ ਬਣਾਉਣ, ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਦਫ਼ਤਰ ਦੀ ਲੋੜ ਸੀ, ਤਾਂ ਇਹ ਕਦਮ ਪਹਿਲਾਂ ਕਿਉਂ ਨਹੀਂ ਚੁੱਕਿਆ ਗਿਆ? ਸਿਆਸੀ ਦਫ਼ਤਰ ਸਿਰਫ਼ ਬੈਠਕ ਕਰਨ ਜਾਂ ਪਾਰਟੀ ਦੀ ਮੌਜੂਦਗੀ ਦਰਸਾਉਣ ਦਾ ਸਾਧਨ ਨਹੀਂ ਹੁੰਦਾ, ਸਗੋਂ ਇਹ ਵਰਕਰਾਂ ਅਤੇ ਆਮ ਲੋਕਾਂ ਨਾਲ ਸੰਪਰਕ ਬਣਾਈ ਰੱਖਣ ਦਾ ਅਹਿਮ ਕੇਂਦਰ ਹੁੰਦਾ ਹੈ। ਅਜਿਹੇ ਵਿੱਚ ਆਖਰੀ ਸਮੇਂ ਦਫ਼ਤਰ ਖੋਲ੍ਹਣ ਨਾਲ ਪਾਰਟੀ ਨੂੰ ਕਿੰਨਾ ਸਿਆਸੀ ਲਾਭ ਮਿਲੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਵਰਕਰਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਡਾਕਟਰ ਰਾਜ ਕੁਮਾਰ ਦੀ ਆਪ ਵਿਚ ਕਲਟੀ ਮਾਰਨ ਤੋਂ ਬਾਅਦ ਕਾਂਗਰਸ ਦੇ ਜ਼ਮੀਨੀ ਪੱਧਰ ਦੇ ਵਰਕਰਾਂ ਦੀ ਸਭ ਤੋਂ ਵੱਡੀ ਸ਼ਿਕਾਇਤ ਇਹ ਰਹੀ ਕਿ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਕੋਈ ਅੱਗੇ ਨਹੀਂ ਆਇਆ। ਵਰਕਰ ਕਿਸੇ ਵੀ ਸਿਆਸੀ ਪਾਰਟੀ ਦੀ ਅਸਲ ਤਾਕਤ ਹੁੰਦੇ ਹਨ। ਜੇਕਰ ਇਹੀ ਵਰਕਰ ਨਿਰਾਸ਼ ਹੋ ਜਾਣ ਤਾਂ ਪਾਰਟੀ ਲਈ ਲੋਕਾਂ ਵਿੱਚ ਆਪਣਾ ਆਧਾਰ ਕਾਇਮ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਪਾਰਟੀ ਆਗੂਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਪਾਰਟੀ ਕੋਲ ਇਸ ਹਲਕੇ ਵਿਚ 30 ਪ੍ਰਤੀਸ਼ਤ ਦੇ ਕਰੀਬ ਆਪਣੀ ਵੋਟ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਲਈ ਸਿਰਫ਼ ਚੋਣਾਂ ਨੇੜੇ ਸਰਗਰਮ ਹੋਣਾ ਕਾਫ਼ੀ ਨਹੀਂ ਹੁੰਦਾ। ਲਗਾਤਾਰ ਲੋਕ ਸੰਪਰਕ, ਜਥੇਬੰਦਕ ਮਜ਼ਬੂਤੀ ਅਤੇ ਵਰਕਰਾਂ ਦੀ ਸੁਣਵਾਈ ਹੀ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਬਣਾਉਂਦੀ ਹੈ। ਹਲਕਾ ਚੱਬੇਵਾਲ ਵਿੱਚ ਕਾਂਗਰਸ ਲਈ ਹੁਣ ਸਭ ਤੋਂ ਵੱਡੀ ਚੁਣੌਤੀ ਆਪਣੀ ਗੁਆਚੀ ਸਰਗਰਮੀ ਨੂੰ ਮੁੜ ਸੁਰਜੀਤ ਕਰਨਾ ਅਤੇ ਨਿਰਾਸ਼ ਵਰਕਰਾਂ ਵਿੱਚ ਨਵਾਂ ਜੋਸ਼ ਭਰਨਾ ਹੋਵੇਗੀ। ਐਡਵੋਕੇਟ ਰਣਜੀਤ ਨੇ ਖ਼ੋਲਿ੍ਆ ਦਫਤਰ ਵੋਟਾਂ ਤੋਂ ਛੇ ਮਹੀਨੇ ਪਹਿਲਾਂ ਹੀ ਪਿਛਲੀ ਵਾਰ ਚੋਣ ਲੜੇ ਰਣਜੀਤ ਸਿੰਘ ਕਿੱਟੀ ਨੇ ਦਫ਼ਤਰ ਖ਼ੋਹਲ ਕੇ ਆਪਣੀ ਪਹਿਲੀ ਹਾਜ਼ਰੀ ਦਰਸਾਈ ਹੈ। ਸਰਕਾਰੀ ਦਰਬਾਰੇ ਵੀ ਵਰਕਰਾਂ ਨੂੰ ਆਪ ਹੀ ਜੂਝਣਾ ਪਿਆ।