ਕਰੱਸ਼ਰ ਮਾਲਕ ਨੂੰ ਬਿਜਲੀ ਕੁਨੈਕਸ਼ਨ ਦੇਣ ਲਈ ਕਾਹਲੇ ਪਏ ਅਧਿਕਾਰੀ ਸਾਬਕਾ ਮੁੱਖ ਮੰਤਰੀ ਦੇ ਨੇੜਲੇ ਕਰੱਸ਼ਰ ਮਾਲਕ ਨੂੰ ਬਿਜਲੀ ਕੁਨੈਕਸ਼ਨ ਦੇਣ ਲਈ ਕਾਹਲੇ ਪਏ ਅਧਿਕਾਰੀ
Publish Date: Fri, 23 Oct 2026 04:32 PM (IST)
Updated Date: Fri, 23 Oct 2026 04:34 PM (IST)
ਸਾਬਕਾ ਮੁੱਖ ਮੰਤਰੀ ਨਾਲ ਕਰੱਸ਼ਰ ਮਾਲਕ ਦੇ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ : ਆਗੂ ਸਿੰਬਲੀ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹਾਈਕੋਰਟ ਦੀਆਂ ਹਦਾਇਤਾਂ ਉੱਤੇ ਸੀਬੀਆਈ ਜਾਂਚ ਦੇ ਘੇਰੇ ਵਿੱਚ ਆਏ ਅਤੇ ਨਿਯਮਾਂ ਦੇ ਉਲਟ ਪਹਾੜ ਕੱਟ ਕੇ ਕੰਢੀ ਦੇ ਪਿੰਡ ਭੋਲ ਬਦਮਾਣੀਆਂ ਵਿੱਚ ਲੱਗੇ ਸਾਬਕਾ ਮੁੱਖ ਮੰਤਰੀ ਦੇ ਖਾਸਮਖਾਸ ਦੱਸੇ ਜਾਂਦੇ ਜਲੰਧਰ ਦੇ ਇੱਕ ਵਿਆਕਤੀ ਦੀ ਭਾਈਵਾਲੀ ਵਾਲੇ ਕਰੱਸ਼ਰ ਨੂੰ ਬਿਜਲੀ ਕੁਨੈਕਸ਼ਨ ਦੇਣ ਲਈ ਉੱਪ ਮੰਡਲ ਅਫਸਰ ਤੋਂ ਲੈ ਕੇ ਬਿਜਲੀ ਦੇ ਉੱਚ ਅਧਿਕਾਰੀਆਂ ਵਲੋਂ ਦਿਖਾਈ ਜਾ ਰਹੀ ਕਾਹਲ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ। ਇਹ ਕਰੱਸ਼ਰ ਮਾਨਯੋਗ ਹਾਈਕੋਰਟ ਦੀਆਂ ਹਦਾਇਤਾਂ ਉਪਰੰਤ ਸੀਬੀਆਈ ਜਾਂਚ ਦੇ ਘੇਰੇ ਵਿੱਚ ਹੈ ਅਤੇ ਗੁਰੂ ਸਟੋਨ ਕਰੱਸ਼ਰ ਵਲੋਂ ਪਹਾੜ ਕੱਟਣ ਖਿਲਾਫ਼ ਪਹਿਲਾਂ ਵੀ ਇੱਕ ਕੇਸ ਤਲਵਾੜਾ ਥਾਣੇ ‘ਚ ਦਰਜ਼ ਹੈ। ਇਸ ਸਬੰਧੀ ਐਕਸੀਅਨ ਮੁਕੇਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਅਤੇ ਉਹ ਦਾਤਾਰਪੁਰ ਦੇ ਐਸਡੀਓ ਤੋਂ ਜਾਣਕਾਰੀ ਹਾਸਲ ਕਰਨਗੇ। ਪਰ ਨਿਯਮਾਂ ਅਨੁਸਾਰ ਕਿਸੇ ਵੀ ਸਨਅਤੀ ਇਕਾਈ (ਕਰੱਸ਼ਰ) ਨੂੰ 350 ਕਿਲੋਵਾਟ ਦੇ ਕਰੀਬ ਸਮਰੱਥਾ ਦਾ ਕੁਨੈਕਸ਼ਨ ਡਵੀਜ਼ਨ/ਸਰਕਲ ਪੱਧਰ ਦੇ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਦਿੱਤਾ ਹੀ ਨਹੀਂ ਜਾ ਸਕਦਾ। ਜਦੋਂ ਕਿ ਕੁਨੈਕਸ਼ਨ ਦੀ ਦਰਖਾਸਤ ਦੇਣ ਵਾਲੇ ਪਰਵਿੰਦਰ ਸਿੰਘ ਦਾ ਦਾਅਵਾ ਹੈ ਕਿ ਕੁਨੈਕਸ਼ਨ ਦੇਣ ਦੀ ਕਾਰਵਾਈ ਲੱਗਪੱਗ ਮੁਕੰਮਲ ਹੋ ਚੁੱਕੀ ਹੈ ਅਤੇ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਅਧਿਕਾਰੀ ਸਾਬਕਾ ਮੁੱਖ ਮੰਤਰੀ ਦੇ ਨੇੜਲੇ ਕਰੱਸ਼ਰ ਮਾਲਕ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਅੰਦਰਖਾਤੇ ਕੁਨੈਕਸ਼ਨ ਦੇਣ ਦੀ ਕਾਰਵਾਈ ਨਿਪਟਾ ਰਹੇ ਹਨ। ਦੱਸਣਯੋਗ ਹੈ ਕਿ ਤਲਵਾੜਾ ਤੇ ਹਾਜੀਪੁਰ ਵਿੱਚ ਲੱਗੇ ਕਰੱਸ਼ਰਾਂ ਸਮੇਤ ਪਹਾੜ ਕੱਟ ਕੇ ਲੱਗੇ ਭੋਲ ਬਦਮਾਣੀਆਂ ਵਿੱਚ ਲੱਗੇ ਗੁਰੂ ਸਟੋਨ ਕਰੱਸ਼ਰ ਖਿਲਾਫ਼ ਮਾਨਯੋਗ ਹਾਈਕੋਰਟ ਨੇ ਜਾਂਚ ਸੀਬੀਆਈ ਨੂੰ ਸੌਂਪੀ ਹੋਈ ਹੈ। ਕਰੱਸ਼ਰ ਵਿੱਚ ਇੱਕ ਭਾਈਵਾਲ ਸਾਬਕਾ ਮੁੱਖ ਮੰਤਰੀ ਦਾ ਖਾਸਮਖਾਸ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਤੰਬਰ ਮਹੀਨੇ ਦੌਰਾਨ ਕੰਢੀ ਵਿੱਚ ਨਜਾਇਜ਼ ਮਾਈਨਿੰਗ ਖਿਲਾਫ਼ ਲੜ ਰਹੀ ‘ਖਨਣ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ’ ਦੇ ਇੱਕ ਵਫ਼ਦ ਨੇ ਐਸਡੀਓ ਦਾਤਾਰਪੁਰ ਨੂੰ ਲਿਖਤੀ ਮੰਗ ਪੱਤਰ ਦੇ ਕੇ ਗੁਰੂ ਸਟੋਨ ਕਰੱਸ਼ਰ ਨੂੰ ਬਿਜਲੀ ਕੁਨੈਕਸ਼ਨ ਨਾ ਦੇਣ ਦੀ ਮੰਗ ਕੀਤੀ ਸੀ। ਐਸਡੀਓ ਦਾਤਾਰਪੁਰ ਨੇ ਭਰੋਸਾ ਦਿੱਤਾ ਸੀ ਕਿ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਪਰ ਕਮੇਟੀ ਆਗੂਆਂ ਅਨੁਸਾਰ ਇਸ ਤੋਂ ਬਾਅਦ ਬਿਜਲੀ ਅਧਿਕਾਰੀਆਂ ਨੇ ਕੁਨੈਕਸ਼ਨ ਦੇਣ ਦੇ ਮਾਮਲੇ ਵਿੱਚ ਹੱਥੋ ਹੱਥੋ ਕੰਮ ਨਿਬੇੜੇ ਅਤੇ ਇਸ ਕਰੱਸ਼ਰ ਨੂੰ ਕੁਨੈਕਸ਼ਨ ਦੇਣ ਦੀ ਕਾਰਵਾਈ ਲੱਗਪੱਗ ਪੂਰੀ ਕਰ ਲਈ ਗਈ ਹੈ। ‘ਖਨਣ ਰੋਕੋ ਜ਼ਮੀਨ ਬਚਾਓ’ ਸੰਘਰਸ਼ ਕਮੇਟੀ ਦੇ ਆਗੂ ਧਰਮਿੰਦਰ ਸਿੰਘ ਸਿੰਬਲੀ ਨੇ ਕਿਹਾ ਕਿ ਕਰੱਸ਼ਰ ਮਾਲਕ ਦੇ ਸਾਬਕਾ ਮੁੱਖ ਮੰਤਰੀ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ। ਨਿਯਮਾਂ ਦੇ ਉਲਟ ਤੇ ਸੀਬੀਆਈ ਜਾਂਚ ਦੇ ਘੇਰੇ ਵਿੱਚ ਆਏ ਕਰੱਸ਼ਰ ਨੂੰ ਬਿਜਲੀ ਕੁਨੈਕਸ਼ਨ ਦੇਣ ਵਿੱਚ ਅਧਿਕਾਰੀਆਂ ਵਲੋਂ ਦਿਖਾਈ ਜਾ ਰਹੀ ਕਾਹਲ ਸਪੱਸ਼ਟ ਕਰਦੀ ਹੈ। ਕਰੱਸ਼ਰਾਂ ਨਾਲ ਆਪਸੀ ਗੰਢਤੁੱਪ ਦੇ ਮਾਮਲੇ ਵਿੱਚ ਪਹਿਲਾਂ ਹੀ ਇੱਕ ਉੱਚ ਅਧਿਕਾਰੀ ਦੀ ਭੂਮਿਕਾ ਸ਼ੱਕ ਦੇ ਘੇਰੇ ਅੰਦਰ ਹੈ। ਕਮੇਟੀ ਵਲੋਂ ਕੁਨੈਕਸ਼ਨ ਦੇਣ ਦਾ ਵਿਰੋਧ ਕੀਤੇ ਜਾਣ ਦੇ ਬਾਵਜੂਦ ਦਾਤਾਰਪੁਰ ਬਿਜਲੀ ਅਧਿਕਾਰੀਆਂ ਵਲੋਂ ਕੁਨੈਕਸ਼ਨ ਦੀ ਸਾਰੀ ਕਾਰਵਾਈ ਹੱਥੋ ਹੱਥ ਮੁਕੰਮਲ ਕਰਨਾ ਸ਼ੱਕ ਦੇ ਘੇਰੇ ਵਿੱਚ ਹੈ। ਉਨ੍ਹਾਂ ਸੀਬੀਆਈ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕਰੱਸ਼ਰ ਮਾਲਕਾਂ ਅਤੇ ਬਿਜਲੀ ਅਧਿਕਾਰੀਆਂ ਦੇ ਸਬੰਧਾਂ ਦੀ ਵੀ ਜਾਂਚ ਕੀਤੀ ਜਾਵੇ। ਇਸ ਸਬੰਧੀ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਦਲਜੀਤ ਕੁਮਾਰ ਨੇ ਕਿਹਾ ਕਿ ਗੁਰੂ ਸਟੋਨ ਕਰੱਸ਼ਰ ਨੂੰ ਜੰਗਲਾਤ ਵਿਭਾਗ ਵਲੋਂ ਕੋਈ ਇਤਰਾਜਹੀਣਤਾ ਸਰਟੀਫਿਕੇਟ ਨਹੀਂ ਮਿਲਿਆ ਅਤੇ ਜੰਗਲਾਤ ਵਿਭਾਗ ਦੀ ਐਨਓਸੀ ਤੋਂ ਬਿਨ੍ਹਾਂ ਕੰਢੀ ਖੇਤਰ ਵਿੱਚ ਵਪਾਰਿਕ ਗਤੀਵਿਧੀ ਕਰਨ ‘ਤੇ ਰੋਕ ਲੱਗੀ ਹੋਈ ਹੈ।