- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰੀ ਬਨਸਪਤੀ ਨੂੰ ਨਿਗਲਣ ਲੱਗਾ ਮਾਈਨਿੰਗ ਮਾਫੀਆ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੀਆਂ 11 ਮਾਲ ਇਕਾਈਆਂ ਦੇ ਪੈਂਦੇ ਪਿੰਡਾਂ ਵਿਚ ਮਾਈਨਿੰਗ ਮਾਫੀਆ ਨੇ ਇਸ ਵਾਰ ਬਰਸਾਤਾਂ ਵਿਚ ਵੀ ਆਪਣਾ ਕੰਮ ਜਾਰੀ ਰੱਖਿਆ। ਇੱਕ ਤਾਂ ਬਰਸਾਤ ਘੱਟ ਲੱਗੀ ਉੱਪਰੋਂ ਮਾਈਨਿੰਗ ਮਾਫੀਆ ਨੇ ਆਪਣੀ ਖ਼ੁਦਾਈ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਰੱਖ਼ਦੇ ਹੋਏ ਨਾ ਸਿਰਫ਼ ਰੇਤਲੀ, ਬਲਕਿ ਪੱਕੀ ਮਿੱਟੀ ਨੂੰ ਖ਼ੋਰਾ ਲਗਾਉਂਦੇ ਹੋਏ ਮੀਂਹਾਂ ਤੋਂ ਬਾਅਦ ਪੈਦਾ ਹੋਈ ਕੁਦਰਤੀ ਹਰੀ ਕਚੂਰ ਬਨਸਪਤੀ ਨੂੰ ਵੀ ਖ਼ੋਰਾ ਲਗਾ ਕੇ ਨਿਗਲਣਾ ਸ਼ੁਰੂ ਕਰ ਦਿੱਤਾ। ‘ਪੰਜਾਬੀ ਜਾਗਰਣ’ ਦੀ ਟੀਮ ਵੱਲੋਂ ਜ਼ਿਲ੍ਹੇ ਭਰ ਦੀਆਂ ਡਵੀਜ਼ਨਾਂ ਅਤੇ ਸਬ ਡਵੀਜ਼ਨਾਂ ਅਧੀਨ ਪੈਂਦੇ ਪਿੰਡਾਂ ਵਿਚ 50 ਦੇ ਕਰੀਬ ਸਥਾਨਾਂ ’ਤੇ ਮਾਈਨਿੰਗ ਸਥਾਨਾਂ ਨੂੰ ਚੈੱਕ ਕੀਤਾ ਹੈ।
- 10 ਤੋਂ 15 ਫ਼ੁੱਟ ਤੱਕ ਕੀਤੀ ਮਾਈਨਿੰਗ
‘ਪੰਜਾਬੀ ਜਾਗਰਣ’ ਟੀਮ ਦੇ ਵੱਖ-ਵੱਖ ਸਟੇਸ਼ਨਾਂ ’ਤੇ ਕੀਤੀ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਜਿਨ੍ਹਾਂ ਪਿੰਡਾਂ ਵਿਚ ਮਾਈਨਿੰਗ ਹੋ ਰਹੀ ਹੈ ਉੱਥੇ ਇਸ ਸੌਖ਼ੇ ਅਤੇ ਗੈਰਕਾਨੂੰਨੀ ਵਪਾਰ ਨੇ ਨਾ ਸਿਰਫ਼ ਕੁਦਰਤੀ, ਬਲਕਿ ਸਰਕਾਰੀ ਖਜ਼ਾਨੇ ਨੂੰ ਵੀ ਚੂਨਾ ਲਗਾਇਆ ਹੈ। ਚੋਆਂ ਅਤੇ ਬੰਦ ਪਏ ਨਾਲਿਆਂ ਵਿਚ 10 ਤੋਂ 15 ਫ਼ੁੱਟ ਤੱਕ ਕੀਤੀ ਮਾਈਨਿੰਗ ਆਮ ਦੇਖ਼ਣ ਨੂੰ ਮਿਲਦੀ ਹੈ। ਕਈ ਥਾਵਾਂ ’ਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸ਼ਿਕਾਇਤਾਂ ਵੀ ਕੀਤੀਆਂ ਜਾਂਦੀਆਂ ਹਨ ਪਰ ਸਰੰਧਤ, ਜੰਗਲਾਤ ਅਤੇ ਡਰੇਨੇਜ਼ ਵਿਭਾਗ ਦੇ ਕਰਮਚਾਰੀ ਪੰਚਾਇਤਾਂ ਨੂੰ ਹੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਆਮ ਲੋਕ ਅਤੇ ਪੰਚਾਇਤਾਂ ਸ਼ਿਕਾਇਤ ਕਰਨ ਤੋਂ ਵੀ ਗੁਰੇਜ਼ ਕਰਨ ਲੱਗੀਆਂ ਹਨ।
- ਕਿੱਥੇ-ਕਿੱਥੇ ਹੁੰਦੀ ਹੈ ਮਾਈਨਿੰਗ
ਕਸਬਾ ਗੜ੍ਹਦੀਵਾਲਾ ਦੇ ਪਿੰਡ ਖੰਗਵਾੜੀ, ਨਰੂੜ, ਟੈਂਟਪਾਲਾ, ਰਾਮ ਟਟਵਾਲੀ, ਦੁਸੜਕਾ, ਹਰਿਆਣਾ ਦੇ ਪਿੰਡ ਮਹਿੰਗਰੋਵਾਲ ਚੋਅ, ਸ਼ੇਰਪੁਰ ਚੋਅ, ਡਡਿਆਣਾ ਕਲਾਂ ਚੋਅ, ਤੱਖਣੀ, ਜਨੋੜੀ ਚੋਅ, ਚੱਕ ਗੁਜਰਾ ਚੋਅ, ਕੈਲੋਂ ਚੋਅ, ਮੁਕੇਰੀਆਂ ਦੇ ਪਿੰਡ ਚੱਕ ਮੀਰਪੁਰ, ਬੇਲਾ ਸਰਿਆਣਾ, ਤਲਵਾੜਾ ਦੇ ਪਿੰਡ ਹੰਦਵਾਲ, ਚੱਕਮੀਰ ਪੁਰ, ਅਮਰੋਹ, ਸੁਖਚੈਨ ਪੁਰ, ਮੰਗੂ ਮੈਰਾ, ਸਵਾਂ ਨਦੀ ਤਲਵਾੜਾ, ਬਰਿੰਗਲੀ, ਢਾਡੇਕਟਵਾਲ, ਸੰਧਵਾਲ, ਹੰਦੋਵਾਲ, ਧਾਮੀਆਂ, ਬਿਆਸ ਦਰਿਆ 52 ਗੇਟ ਦੇ ਆਸ-ਪਾਸ, ਸਿੱਬੋ ਚੱਕ, ਕੁੱਲੀਆਂ ਲੁਬਾਣਾ, ਜੀਵਨਵਾਲ, ਖੁੰਡਾਂ, ਪੂਰੋ ਚੱਕ, ਗੜ੍ਹਸ਼ੰਕਰ ਦੇ ਪਿੰਡ ਲਹਿਰਾਂ, ਸੌਲੀ, ਖ਼ਾਨਪੁਰ, ਕੁਨੈਲ, ਹਾਜੀਪੁਰ, ਹਿਲਰਾ, ਬਿਲੜੋ, ਸੈਲਾ ਕਲਾਂ, ਸੈਲਾ ਖ਼ੁਰਦ, ਨਸਰਲਾ ਦੇ ਪਿੰਡ, ਮਾਹਿਲਪੁਰ ਦੇ ਪਿੰਡ ਟੂਟੋਮਜਾਰਾ, ਡੰਡੇਵਾਲ, ਟਾਡਾ ਕਲਾਂ, ਟਾਡਾ ਖ਼ੁਰਦ, ਬਾੜੀਆਂ ਕਲਾਂ, ਬਾੜੀਆਂ ਖ਼ੁਰਦ, ਬਾਹੋਵਾਲ, ਬੂੜੋਬਾੜੀ, ਨੌਨੀਤਪੁਰ, ਮੱਖ਼ਣਗੜ੍ਹ, ਚੱਬੇਵਾਲ ਦੇ ਪਿੰਡ ਬਸੀ ਕਲਾਂ, ਪਰਸੋਵਾਲ, ਹੰਦੋਵਾਲ, ਪੁੰਜਾ, ਬਿਹਾਲਾ, ਸੈਦਪੁਰ, ਭਾਮ, ਰਹੱਲੀ, ਪੱਟੀ, ਬੋਹਣ, ਮੇਹਟੀਆਣਾ ਦੇ ਖ਼ੇਤਰ ਰਾਜਪੁਰ, ਬੱਡਲਾ, ਹਾਰਟਾ, ਲਲਵਾਣ, ਫ਼ਤਿਹਪੁਰ ਕੋਠੀ,ਕਾਂਗੜ, ਹੁਸ਼ਿਆਰਪੁਰ ਦੇ ਪਿੰਡ ਬਸੀ ਗੁਲਾਮ ਹੁਸੈਨ, ਨਾਰੂ ਨੰਗਲ, ਮੰਨਣ, ਜਹਾਨ ਖ਼ੇਲ੍ਹਾ ਸਮੇਤ ਛੋਟੇ ਛੋਟੇ ਪਿੰਡਾਂ ਸਤਿਆਲ ਸਮੇਤ ਵੱਡੇ ਅਤੇ ਛੋਟੇ ਪਿੰਡਾਂ ਵਿਚ ਮਾਈਨਿੰਗ ਮਾਫੀਆ ਨੇ ਬਰਸਾਤ ਦੇ ਤਿੰਨ ਮਹੀਨੇ ਸਰਕਾਰੀ ਪਾਬੰਦੀ ਦੇ ਬਾਵਜੂਦ ਆਪਣਾ ਕੰਮ ਜਾਰੀ ਰੱਖਿਆ।
- ਹਰੀ ਬਨਸਪਤੀ ਨੂੰ ਨਿਗਲ ਗਿਆ ਮਾਫੀਆ
ਲਗਾਤਾਰ ਹੋ ਰਹੀ ਮਾਈਨਿੰਗ ਨੇ ਨਾ ਸਿਰਫ਼ ਕੁਦਰਤੀ ਮਿੱਟੀ ਅਤੇ ਰੇਤਾ ਦਾ ਘਾਣ ਕੀਤਾ ਹੈ, ਬਲਕਿ ਮਾਈਨਿੰਗ ਦੇ ਰਸਤੇ ਵਿਚ ਆਉਣ ਵਾਲੀ ਕੁਦਰਤੀ ਬਨਸਪਤੀ ਨੂੰ ਵੀ ਨਿਗਲ ਲਿਆ ਹੈ। ਫੋਰੈਸਟ ਸਰਵੇ ਆਫ਼ ਇੰਡੀਆਂ ਦੇ 2023 ਦੀ ਰਿਪੋਰਟ ਅਨੁਸਾਰ ਹੁਸ਼ਿਆਰਪੁਰ ਵਿਚ 697.31 ਵਰਗ ਕਿੱਲੋਮੀਟਰ ਰਕਬਾ ਜੰਗਲ ਹੇਠ ਸੀ। ਐੱਫਐੱਸਆਈ ਦੀ 2024 ਦੀ ਪਿਛਲੀਆਂ ਰਿਪੋਰਟਾਂ ਅਨੁਸਾਰ 2.76 ਫ਼ੀਸਦੀ ਜੰਗਲੀ ਰਕਬਾ ਘਟ ਗਿਆ ਸੀ ਅਤੇ ਇਹ ਘਾਟਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਮੌਜੂਦਾ ਸਮੇਂ ਦੌਰਾਨ ਹੋ ਰਹੀ ਮਾਈਨਿੰਗ ਦੌਰਾਨ ਕੁਦਰਤੀ ਚੋਆਂ ਦੇ ਕੰਢੇ ’ਤੇ ਲੱਗੀ ਕੁਦਰਤੀ ਬਨਸਪਤੀ ਦਾ ਰਕਬਾ ਵੀ ਦਿਨ ਪ੍ਰਤੀ ਦਿਨ ਘੱਟ ਰਿਹਾ ਹੈ।
- ਖ਼ਾਨਾਪੂਰਤੀ ਲਈ ਹੁੰਦੀ ਹੈ ਕਾਰਵਾਈ
ਬੀਤੇ ਕੱਲ੍ਹ ਦਸੂਹਾ ਪੁਲਿਸ ਨੇ ਚਾਰ ਸਥਾਨਾਂ ’ਤੇ ਹੋਈ ਮਾੲਂਨਿੰਗ ਦੌਰਾਨ ਮਾਈਨਿੰਗ ਦਾ ਰਕਬਾ ਗਿਣ ਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ। ਇਸੇ ਤਰ੍ਹਾਂ ਚੱਬੇਵਾਲ ਹਲਕੇ ਦੇ ਪਿੰਡ ਵਿਚ ਪੰਚਾਇਤ ਵੱਲੋਂ ਫੜਾਈਆਂ ਟਰਾਲੀਆਂ ਦੇ ਬਾਵਜੂਦ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲੇ ਦਰਜ ਕੀਤੇ। ਪੰਚਾਇਤਾਂ ਅਤੇ ਆਮ ਲੋਕਾਂ ਵੱਲੋਂ ਰੌਲਾ ਪਾਉਣ ਤੋਂ ਬਾਅਦ ਜਿਹੜੀ ਕਾਰਵਾਈ ਹੁੰਦੀ ਹੈ, ਗੋਂਗਲੂਆਂ ਤੋਂ ਮਿੱਟੀ ਚਾੜ੍ਹਨ ਦੇ ਬਰਾਬਰ ਹੁੰਦੀ ਹੈ।
- ਕੀ ਕਹਿੰਦੇ ਹਨ ਮਾਈਨਿੰਗ ਵਿਭਾਗ ਦੇ ਕਰਮਚਾਰੀ
ਇਸ ਸਬੰਧੀ ਮਾਈਨਿੰਗ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਈਨਿੰਗ ਸਥਾਨਾਂ ਅਨੁਸਾਰ ਵੀ ਕਾਰਵਾਈ ਹੁੰਦੀ ਹੈ। ਲੋਕਾਂ ਦਾ ਸਹਿਯੋਗ ਨਹੀਂ ਮਿਲ ਰਿਹਾ, ਜਿਸ ਕਾਰਨ ਕਾਰਵਾਈਆਂ ਮੱਧਮ ਹੁੰਦੀਆਂ ਹਨ।