ਨਗਰ ਪੰਚਾਇਤ ਦੀਆਂ ਦੁਕਾਨਾਂ ਨੂੰ ਨਹੀਂ ਪਿਆ ਆਮਦਨ ਬੂਰ ਆਮਦਨ ਬੂਰ ਨਹੀਂ ਪਿਆ ਨਗਰ ਪੰਚਾਇਤ ਦੀਆਂ ਦੁਕਾਨਾਂ ਨੂੰ
Publish Date: Tue, 11 Aug 2026 07:38 PM (IST)
Updated Date: Tue, 11 Aug 2026 07:41 PM (IST)
- ਛੇ ਸਾਲ ਪਹਿਲਾਂ ਆਮਦਨ ਵਧਾਉਣ ਲਈ ਬਣਾਈਆਂ ਸਨ ਦੁਕਾਨਾਂ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਜ਼ਿਲ੍ਹੇ ਦੇ ਕਸਬਾ ਮਾਹਿਲਪੁਰ ਦੀ ਹਦੂਦ ਅੰਦਰ ਫ਼ਗਵਾੜਾ ਰੋਡ ’ਤੇ ਨਗਰ ਪੰਚਾਇਤ ਵੱਲੋਂ ਆਪਣੀ ਆਮਦਨ ’ਚ ਇਜ਼ਾਫ਼ਾ ਕਰਨ ਦੇ ਮਕਸਦ ਨਾਲ ਬਣਾਈਆਂ ਗਈਆਂ ਤਿੰਨ ਦੁਕਾਨਾਂ ਨਾ ਸਿਰਫ਼ ਅਮਲੀਆਂ ਦਾ ਰਾਤ ਬਰਾਤੇ ਬੈਠਣ ਦਾ ਰੈਣ ਬਸੇਰਾ ਬਣ ਚੁੱਕੀਆਂ ਹਨ, ਬਲਕਿ ਛੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਇੱਕ ਪੈਸੇ ਦੀ ਆਮਦਨ ਵੀ ਨਹੀਂ ਦੇ ਸਕੀਆਂ। ਇਸ ਸਬੰਧੀ ਪੁੱਛਣ ’ਤੇ ਕਾਰਜ ਸਾਧਕ ਅਫ਼ਸਰ ਨੂੰ ਇਹ ਹੀ ਨਹੀਂ ਪਤਾ ਕਿ ਦੁਕਾਨਾਂ ਹੈ ਵੀ ਜਾਂ ਨਹੀਂ। ਕੀ ਹੈ ਮਾਮਲਾ : ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੀ ਫ਼ਗਵਾੜਾ ਰੋਡ ’ਤੇ ਉਸ ਵੇਲੇ ਦੀ ਸਰਕਾਰ ਵੱਲੋਂ ਨਗਰ ਪੰਚਾਇਤ ਦੀ ਇੱਕ ਥਾਂ ’ਤੇ ਨਗਰ ਨਿਗਮ ਦੀ ਆਮਦਨ ਵਧਾਉਣ ਲਈ ਹਜ਼ਾਰਾਂ ਰੁਪਏ ਖ਼ਰਚ ਕਰ ਕੇ ਤਿੰਨ ਦੁਕਾਨਾਂ ਬਣਾਈਆਂ ਸਨ। ਠੇਕੇਦਾਰ ਨੇ ਵੀ ਦੁਕਾਨਾਂ ਬਣਾ ਕੇ ਨਗਰ ਪੰਚਾਇਤ ਦੇ ਹਵਾਲੇ ਕਰ ਦਿੱਤੀਆਂ ਸਨ ਪਰ ਨਗਰ ਪੰਚਾਇਤ ਨੇ ਹੀ ਇੱਥੇ ਸ਼ਹਿਰ ਦੇ ਅੱਧੇ ਹਿੱਸੇ ਦੀ ਆਬਾਦੀ ਦਾ ਕੂੜਾ ਸੁੱਟਣ ਦਾ ਡੰਪ ਬਣਾ ਦਿੱਤਾ। ਫ਼ਗਵਾੜਾ ਰੋਡ ਸਮੇਤ ਹੁਸ਼ਿਆਰਪੁਰ ਅਤੇ ਗੜ੍ਹਸ਼ੰਕਰ ਰੋਡ ’ਤੇ ਸਥਿਤ ਦੁਕਾਨਦਾਰਾਂ ਵੱਲੋਂ ਇੱਥੇ ਕੂੜਾ ਸੁੱਟਣਾ ਸ਼ੁਰੂ ਕੀਤਾ ਤਾਂ ਇਹ ਸ਼ਹਿਰ ਦਾ ਸਥਾਪਿਤ ਕੂੜੇ ਦਾ ਡੰਪ ਬਣ ਗਿਆ। ਇਸ ਕੂੜੇ ਦੇ ਡੰਪ ਤੋਂ ਉੱਠਣ ਵਾਲੀ ਬਦਬੂ ਨੇ ਆਸ-ਪਾਸ ਦੇ ਦੁਕਾਨਦਾਰਾਂ ਅਤੇ ਆਬਾਦੀ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਨਗਰ ਪੰਚਾਇਤ ਨੂੰ ਸਥਾਨਕ ਵਾਸੀਆਂ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਤੋਂ ਬਾਅਦ ਨਗਰ ਪੰਚਾਇਤ ਨੇ ਇਨ੍ਹਾਂ ਦੁਕਾਨਾਂ ਅੱਗੇ ਫਰਸ਼ ਲਗਾ ਦਿੱਤਾ। ਕੋਰੋਨਾ ਕਾਲ ਤੋਂ ਬਾਅਦ ਇਸ ਦੇ ਆਸ-ਪਾਸ ਦੇ ਦੁਕਾਨਦਾਰਾਂ ਨੇ ਨਗਰ ਪੰਚਾਇਤ ਦੇ ਅਧਿਕਾਰੀਆਂ ਦੀ ਬੇਨਤੀ ’ਤੇ ਕੂੜਾ ਸੁੱਟਣ ਤੋਂ ਰੋਕਣ ਲਈ ਆਪਣੇ ਪੱਧਰ ’ਤੇ ਇੱਕ ਚੌਕੀਦਾਰ ਰੱਖ ਦਿੱਤਾ। ਦੁਕਾਨਾਂ ਦੀ ਆਮਦਨ ਨੂੰ ਸੁਰਜੀਤ ਕਰਨ ਲਈ ਜਦੋਂ ਨਗਰ ਪੰਚਾਇਤ ਦੇ ਅਧਿਕਾਰੀਆਂ ਨੇ ਇਨ੍ਹਾਂ ਦੁਕਾਨਾਂ ਦੇ ਸ਼ਟ ਚੁੱਕੇ ਤਾਂ ਉਨ੍ਹਾਂ ਦੰਦਾਂ ਹੇਠ ਜੀਭ ਲੈ ਲਈ। ਨਸ਼ਈ ਚੋਰਾਂ ਵੱਲੋਂ ਅੰਦਰੋਂ ਬਿਜਲੀ ਦੀ ਸਾਰੀ ਫਿਟਿੰਗ, ਬਿਜਲੀ ਦੇ ਬੋਰਡ, ਪਾਈਆਂ ਗਈਆਂ ਤਾਰਾਂ ਅਤੇ ਬਿਜਲੀ ਯੰਤਰ ਚੋਰੀ ਕਰ ਲਏ ਸਨ। ਹੁਣ ਕੁੱਝ ਲੋਕਾਂ ਵੱਲੋਂ ਇਸ ਦੇ ਨਾਲ ਵਾਲੀ ਖ਼ਾਲੀ ਸਥਾਨ ’ਤੇ ਗੱਡੀਆਂ ਖ਼ੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅੱਜ ਤੱਕ ਇਨ੍ਹਾਂ ਦੀ ਆਮਦਨ ਨੂੰ ਬੂਰ ਨਹੀਂ ਪਿਆ। ਇਸ ਸਬੰਧੀ ਕਾਰਜ ਸਾਧਕ ਅਫ਼ਸਰ ਸਿਮਰਨਜੀਤ ਸਿੰਘ ਢੀਂਡਸਾ ਨੂੰ ਪੁੱਛਿਆ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਸਨ ਕਿ ਉਨ੍ਹਾਂ ਦੇ ਅਧਿਕਾਰੀ ਖ਼ੇਤਰ ਵਿਚ ਇਹ ਦੁਕਾਨਾਂ ਬਣੀਆਂ ਹੋਈਆਂ ਹਨ। ਉਨ੍ਹਾਂ ਫ਼ੋਨ ’ਤੇ ਹੀ ਆਪਣੇ ਅਧੀਨ ਮੁਲਾਜ਼ਮਾਂ ਨੂੰ ਦੁਕਾਨਾਂ ਬਾਰੇ ਪੁੱਛਣਾ ਸ਼ੁਰੂ ਕਰਦੇ ਹੋਏ ਕਿਹਾ ਕਿ ਉਹ ਪਤਾ ਕਰ ਕੇ ਹੀ ਦੱਸ ਸਕਦੇ ਹਨ।