ਸਾਬੀ ਦੀ ਅਗਵਾਈ, ਮੁਲਤਾਨੀ ਦੀ ਦਾਅਵੇਦਾਰੀ ਅਤੇ ਟਿਕਟ ਦਾ ਪੇਚ ਸਾਬੀ ਦੀ ਅਗਵਾਈ, ਮੁਲਤਾਨੀ ਦੀ ਦਾਅਵੇਦਾਰੀ ਅਤੇ ਟਿਕਟ ਦਾ ਪੇਚ
Publish Date: Wed, 21 Oct 2026 03:28 PM (IST)
Updated Date: Wed, 21 Oct 2026 03:30 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਜੁਲਾਈ 2026 ਦੀ ਸ਼ੁਰੂਆਤ ਨਾਲ ਹੀ ਆਮ ਆਦਮੀ ਪਾਰਟੀ ਦੇ ਮੁਕੇਰੀਆਂ ਸੰਗਠਨ ਵਿੱਚ ਹੋਏ ਵੱਡੇ ਫੇਰਬਦਲ ਨੇ ਹਲਕੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਤਤਕਾਲੀਨ ਹਲਕਾ ਇੰਚਾਰਜ ਪ੍ਰੋ. ਜੀਐੱਸ ਮੁਲਤਾਨੀ ਦੀ ਥਾਂ ਸ਼੍ਰੋਮਣੀ ਅਕਾਲੀ ਦਲ (ਬ) ਤੋਂ ਵਾਇਆ ਕਾਂਗਰਸ ਹੁੰਦੇ ਹੋਏ ‘ਆਪ’ ਵਿੱਚ ਸ਼ਾਮਲ ਹੋਏ ਸਰਬਜੋਤ ਸਿੰਘ ਸਾਬੀ ਨੂੰ ਕਮਾਨ ਸੌਂਪੇ ਜਾਣ ਤੋਂ ਬਾਅਦ ਪਾਰਟੀ ਸਾਹਮਣੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਨਾਲ ਅੰਦਰੂਨੀ ਸੰਤੁਲਨ ਬਣਾਈ ਰੱਖਣ ਦੀ ਚੁਣੌਤੀ ਵੀ ਖੜ੍ਹੀ ਹੋ ਗਈ ਹੈ। ਹੁਣ ਸਭ ਦੀਆਂ ਨਜ਼ਰਾਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਟਿਕਟ ’ਤੇ ਟਿਕੀਆਂ ਹੋਈਆਂ ਹਨ। ‘ਆਪ’ ਦਾ ਸਿਆਸੀ ਆਧਾਰ ਮੁਕੇਰੀਆਂ ਦੀਆਂ ਪਿਛਲੀਆਂ ਚੋਣਾਂ ਦੇ ਅੰਕੜੇ ‘ਆਪ’ ਦੇ ਵਧਦੇ ਸਿਆਸੀ ਆਧਾਰ ਦੀ ਤਸਵੀਰ ਪੇਸ਼ ਕਰਦੇ ਹਨ। ਸਾਲ 2017 ਵਿੱਚ ਤਤਕਾਲੀਨ ਹਲਕਾ ਇੰਚਾਰਜ ਸੁਲੱਖਣ ਸਿੰਘ ਜੱਗੀ ਨੇ 17005 ਵੋਟਾਂ ਹਾਸਲ ਕੀਤੀਆਂ, ਜਦਕਿ 2019 ਦੀ ਜ਼ਿਮਨੀ ਚੋਣ ਵਿੱਚ ਜੱਗੀ ਨੂੰ ਹਟਾ ਕੇ ਲਗਾਏ ਉਸ ਸਮੇਂ ਦੇ ਹਲਕਾ ਇੰਚਾਰਜ ਪ੍ਰੋ. ਜੀਐੱਸ ਮੁਲਤਾਨੀ ਨੂੰ 8261 ਵੋਟਾਂ ਮਿਲੀਆਂ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰੋ. ਮੁਲਤਾਨੀ ਨੇ 38353 ਵੋਟਾਂ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ ਅਤੇ ਭਾਜਪਾ ਦੇ ਜੇਤੂ ਉਮੀਦਵਾਰ ਜੰਗੀ ਲਾਲ ਮਹਾਜਨ ਤੋਂ 2691 ਵੋਟਾਂ ਪਿੱਛੇ ਰਹਿ ਗਏ। ਪ੍ਰੋ. ਮੁਲਤਾਨੀ ਦੀਆਂ ਸਰਗਰਮੀਆਂ ਜੁਲਾਈ ਤੋਂ ਅਕਤੂਬਰ ਤੱਕ ਸਾਬਕਾ ਹਲਕਾ ਇੰਚਾਰਜ ਪ੍ਰੋ. ਮੁਲਤਾਨੀ ਨੇ ‘ਮਿਸ਼ਨ 2027’ ਦੇ ਬੈਨਰ ਹੇਠ ਪਿੰਡਾਂ ਵਿੱਚ ਮੀਟਿੰਗਾਂ ਅਤੇ ਲੋਕ ਸੰਪਰਕ ਰਾਹੀਂ ਆਪਣੀ ਸਰਗਰਮੀ ਜਾਰੀ ਰੱਖੀ ਹੈ। ਪਾਰਟੀ ਅਹੁੱਦੇਦਾਰਾਂ ਤੇ ਸਮਰਥਕਾਂ ਅੰਦਰ ਉਨ੍ਹਾਂ ਨੂੰ ਕਥਿਤ ਤੌਰ ’ਤੇ ਨਜ਼ਰਅੰਦਾਜ਼ ਕੀਤੇ ਜਾਣ ਦੀ ਚਰਚਾ ਵੀ ਹੁੰਦੀ ਰਹੀ। ਮੁੱਖ ਮੰਤਰੀ ਭਗਵੰਤ ਮਾਨ ਦੀ 15 ਜੁਲਾਈ ਨੂੰ ਮੁਕੇਰੀਆਂ ਵਿੱਚ ਹੋਈ ਰੈਲੀ ਦੌਰਾਨ ਉਨ੍ਹਾਂ ਦੀ ਗੈਰਹਾਜ਼ਰੀ ਅਤੇ ਮੌਜ਼ੂਦਾ ਹਲਕਾ ਇੰਚਾਰਜ ਨਾਲ ਕਥਿਤ ਤੌਰ ਤੇ ਸਹਿਯੋਗ ਨਾ ਕਰਨ ਤੋਂ ਬਾਅਦ ਪਾਰਟੀ ਵੱਲੋਂ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਨੇ ਵੀ ਸਿਆਸੀ ਹਲਕਿਆਂ ਦਾ ਧਿਆਨ ਖਿੱਚਿਆ। ਆਪਣੀਆਂ ਸਰਗਰਮੀਆਂ ਕਾਇਮ ਰੱਖਣਾ ਟਿਕਟ ਦੀ ਦੌੜ ਨੂੰ ਦਿਲਚਸਪ ਬਣਾ ਰਿਹਾ ਹੈ। ਹਲਕਾ ਇੰਚਾਰਜ ਸਾਬੀ ਨੂੰ ਦਰਪੇਸ਼ ਚੁਣੌਤੀਆਂ ਹਲਕਾ ਇੰਚਾਰਜ ਸਰਬਜੋਤ ਸਾਬੀ ਦੀ ਅਗਵਾਈ ਹੇਠ ਪਾਰਟੀ ਨੂੰ ਅਗਸਤ ਵਿੱਚ ਮੁਕੇਰੀਆਂ ਨਗਰ ਕੌਂਸਲ ਦੇ ਸਿਆਸੀ ਸਮੀਕਰਨਾਂ ਵਿੱਚ ਵੱਡੀ ਸਫ਼ਲਤਾ ਮਿਲੀ। 15 ਮੈਂਬਰੀ ਕੌਂਸਲ ਵਿੱਚ ਮਈ ਦੀਆਂ ਚੋਣਾਂ ਦੌਰਾਨ ਸਿਰਫ਼ ਇੱਕ ਸੀਟ ਜਿੱਤਣ ਦੇ ਬਾਵਜੂਦ ਹੋਰ ਪਾਰਟੀਆਂ ਦੇ ਕੌਂਸਲਰਾਂ ਅਤੇ ਆਜ਼ਾਦ ਕੌਂਸਲਰ ਦੇ ਦਲ ਬਦਲ ਅਤੇ ਸਮਰਥਨ ਨਾਲ ‘ਆਪ’ ਨੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁੱਦੇ ਹਾਸਲ ਕਰ ਲਏ। ਇਸ ਦੌਰਾਨ ਪੁਰਾਣੇ ਆਗੂਆਂ ਦੀ ਨਾਰਾਜ਼ਗੀ ਅਤੇ ਸਾਬਕਾ ਹਲਕਾ ਇੰਚਾਰਜ ਸੁਲੱਖਣ ਸਿੰਘ ਜੱਗੀ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਵਰਗੇ ਘਟਨਾਕ੍ਰਮ ਨੇ ਸੰਗਠਨਾਤਮਿਕ ਇਕਜੁੱਟਤਾ ਬਾਰੇ ਸਵਾਲ ਖੜ੍ਹੇ ਕੀਤੇ ਹਨ। ਪਾਰਟੀ ਦੇ ਕਈ ਪੁਰਾਣੇ ਆਗੂ ਅਜੇ ਵੀ ਸਾਬਕਾ ਹਲਕਾ ਇੰਚਾਰਜ ਪ੍ਰੋ. ਜੀਐੱਸ ਮੁਲਤਾਨੀ ਦੀ ਅਗਵਾਈ ਕਬੂਲ ਕਰ ਰਹੇ ਹਨ। ਅਜਿਹੇ ਵਿੱਚ ਸਾਬੀ ਲਈ ਨਵਾਂ ਵੋਟ ਆਧਾਰ ਬਣਾਉਣ ਦੇ ਨਾਲ ਪੁਰਾਣੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਾ ਅਤੇ ਸਥਾਨਕ ਮੁਸ਼ਕਿਲਾਂ ਦਾ ਹੱਲ ਕਰਵਾਉਣਾ ਅਹਿਮ ਬਣਿਆ ਹੋਇਆ ਹੈ। ਪਾਰਟੀ ਮੂਹਰੇ ਸਭ ਤੋਂ ਵੱਡਾ ਸਵਾਲ ਹੁਣ ਪਾਰਟੀ ਹਾਈਕਮਾਨ ਸਾਹਮਣੇ ਸਭ ਤੋਂ ਵੱਡਾ ਸਵਾਲ ਉਮੀਦਵਾਰ ਦੀ ਚੋਣ ਦਾ ਹੈ। ਇੱਕ ਪਾਸੇ ਸਾਬੀ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਰਹੇ ਹਨ, ਦੂਜੇ ਪਾਸੇ ਪ੍ਰੋ. ਮੁਲਤਾਨੀ ਵੀ ਜ਼ਮੀਨੀ ਸਰਗਰਮੀਆਂ ਰਾਹੀਂ ਟਿਕਟ ਦੀ ਉਮੀਦ ਲਾਈ ਬੈਠੇ ਹਨ। ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਸੁਲੱਖਣ ਸਿੰਘ ਜੱਗੀ ਦੀ ਬਰਖਾਸਤਗੀ ਮਹਿੰਗੀ ਪੈਣ ਦਾ ਖ਼ਦਸ਼ਾ ਬਣਿਆ ਹੋਇਆ ਹੈ ਤੇ ਜੇ ਹੁਣ ਪਾਰਟੀ ਪ੍ਰੋ. ਜੀਐੱਸ ਮੁਲਤਾਨੀ ਨੂੰ ਕਿਸੇ ਵੀ ਤਰ੍ਹਾਂ ਅੱਖੋਂ-ਪਰੋਖੇ ਕਰਦੀ ਹੈ ਤਾਂ ਨਿਸ਼ਚਿਤ ਰੂਪ ਵਿੱਚ ਵੱਡਾ ਨੁਕਸਾਨ ਝੱਲੇਗੀ।