ਹਿੰਦੂ ਆਗੂਆਂ ਖ਼ਿਲਾਫ਼ ਝੂਠੇ ਪਰਚੇ ਕਰਨੇ ਬੰਦ ਕਰੇ ਸਰਕਾਰ : ਮਿੱਕੀ ਪੰਡਿਤ ਹਿੰਦੂ ਆਗੂਆਂ ਖ਼ਿਲਾਫ਼ ਝੂਠੇ ਪਰਚੇ ਦਰਜ ਕਰਨੇ ਬੰਦ ਕਰੇ ਸਰਕਾਰ, ਨਹੀਂ ਤਾਂ ਹੋਵੇਗਾ ਤਿੱਖਾ ਸੰਘਰਸ਼: ਮਿੱਕੀ ਪੰਡਿਤ
Publish Date: Tue, 03 Nov 2026 03:20 PM (IST)
Updated Date: Tue, 03 Nov 2026 03:23 PM (IST)
ਅੰਮ੍ਰਿਤਪਾਲ ਬਾਜਵਾ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਸ਼ਿਵ ਸੈਨਾ ਪੰਜਾਬ ਦੇ ਉੱਤਰੀ ਭਾਰਤ ਪ੍ਰਧਾਨ ਮਿੱਕੀ ਪੰਡਿਤ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ, ਜਿਸ ਵਿੱਚ ਹਿੰਦੂ ਆਗੂ ਮਹੰਤ ਕਸ਼ਮੀਰ ਗਿਰੀ ਖ਼ਿਲਾਫ਼ ਦਰਜ ਕੀਤੇ ਗਏ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟਾਇਆ ਗਿਆ। ਮੀਟਿੰਗ ਦੌਰਾਨ ਮਿੱਕੀ ਪੰਡਿਤ ਨੇ ਦੋਸ਼ ਲਗਾਇਆ ਕਿ ਮਹੰਤ ਕਸ਼ਮੀਰ ਗਿਰੀ ਵੱਲੋਂ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖੰਨਾ ਵਿਖੇ ਏਐੱਸਆਈ ਸੁਖਦੇਵ ਸਿੰਘ ਵੱਲੋਂ ਮਹੰਤ ਕਸ਼ਮੀਰ ਗਿਰੀ ਦੇ ਘਰ ਵਿੱਚ ਗੱਦੇ ਹੇਠਾਂ ਚਿੱਟਾ ਰੱਖ ਕੇ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਅਨੁਸਾਰ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਐੱਸਐੱਸਪੀ ਖੰਨਾ ਨੂੰ ਦਿਖਾਉਣ ਤੋਂ ਬਾਅਦ ਮਹੰਤ ਕਸ਼ਮੀਰ ਗਿਰੀ ਨੂੰ ਰਿਹਾਅ ਕਰਨ ਅਤੇ ਸਬੰਧਤ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਗਏ। ਮਿੱਕੀ ਪੰਡਿਤ ਨੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਅਤੇ ਸਬੰਧਤ ਪੁਲਿਸ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਜਿਹੀਆਂ ਘਟਨਾਵਾਂ ਬੰਦ ਨਾ ਹੋਈਆਂ ਤਾਂ ਸ਼ਿਵ ਸੈਨਾ ਪੰਜਾਬ ਵੱਲੋਂ ਹੋਰ ਹਿੰਦੂ ਜਥੇਬੰਦੀਆਂ ਦੇ ਸਹਿਯੋਗ ਨਾਲ ਸੜਕ ਜਾਮ ਅਤੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਸ਼ਿਵ ਸੈਨਾ ਵਰਕਰ ਹਾਜ਼ਰ ਸਨ।