ਵਿਗਿਆਨ ਪ੍ਰਦਰਸ਼ਨੀ ’ਚ ਸਰਕਾਰੀ ਹਾਈ ਸਕੂਲ ਗੜ੍ਹੀ ਦੀ ਝੰਡੀ
ਵਿਗਿਆਨ ਪ੍ਰਦਰਸ਼ਨੀ ਵਿੱਚ ਸਰਕਾਰੀ ਹਾਈ ਸਕੂਲ ਗੜ੍ਹੀ ਮਾਨਸੋਵਾਲ ਦੀ ਰਹੀ ਝੰਡੀ
Publish Date: Mon, 09 Nov 2026 05:22 PM (IST)
Updated Date: Tue, 10 Nov 2026 04:03 AM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਸਰਕਾਰੀ ਹਾਈ ਸਕੂਲ ਗੜ੍ਹੀ ਮਾਨਸੋਵਾਲ ਦੇ ਵਿਦਿਆਰਥੀਆਂ ਨੇ ਸਾਇੰਸ ਮਿਸਟ੍ਰੈਸ ਸੁਨੀਤਾ ਰਾਣੀ ਦੀ ਅਗਵਾਈ ਹੇਠ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜ ਇਨਾਮ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਹੈੱਡਮਾਸਟਰ ਬਲਜੀਤ ਸਿੰਘ ਨੇ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪ੍ਰਦਰਸ਼ਨੀ ਦੇ ਛੇ ਈਵੈਂਟਾਂ ਵਿੱਚੋਂ ਸਕੂਲ ਦੇ ਵਿਦਿਆਰਥੀਆਂ ਨੇ ਪੰਜ ਵਿੱਚ ਹਿੱਸਾ ਲਿਆ ਅਤੇ ਤਿੰਨ ਥੀਮਾਂ ਵਿੱਚ ਪਹਿਲਾ ਜਦਕਿ ਦੋ ਵਿੱਚ ਦੂਜਾ ਸਥਾਨ ਹਾਸਲ ਕੀਤਾ। ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਨੌਵੀਂ ਜਮਾਤ ਦੀ ਕਮਲਜੀਤ ਕੌਰ, ਕੁਦਰਤੀ ਆਫ਼ਤਾਂ ਵਿੱਚ ਸਾਹਿਬਦੀਪ ਸਿੰਘ ਅਤੇ ਹਰਸ਼ਪ੍ਰੀਤ ਸਿੰਘ ਅਤੇ ਸਿਹਤ, ਸਫ਼ਾਈ ਤੇ ਸਵੱਛਤਾ ਵਿੱਚ ਅੱਠਵੀਂ ਜਮਾਤ ਦੀ ਨਵਨੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਾਇੰਸ ਫਾਰ ਫਿਊਲ ਟਰਾਂਸਫਾਰਮੇਸ਼ਨ ਵਿੱਚ ਹਰਮਨਜੀਤ ਕੌਰ ਅਤੇ ਇੰਡੀਜਨਸ ਐਗਰੀਕਲਚਰਲ ਪ੍ਰੈਕਟਿਸ ਵਿੱਚ ਹਰਮਨ ਬੈਂਸ ਨੇ ਦੂਜਾ ਸਥਾਨ ਹਾਸਲ ਕੀਤਾ। ਹੈੱਡਮਾਸਟਰ ਬਲਜੀਤ ਸਿੰਘ ਨੇ ਕਿਹਾ ਕਿ ਇਹ ਸਫਲਤਾ ਸਾਇੰਸ ਅਧਿਆਪਕਾ ਸੁਨੀਤਾ ਰਾਣੀ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ। ਸਕੂਲ ਮੁਖੀ ਅਤੇ ਸਮੂਹ ਸਟਾਫ਼ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।