- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਨੇ ‘ਮੇਰਾ ਘਰ-ਮੇਰੇ ਨਾਮ’ ਸਕੀਮ ਸ਼ੁਰੂ ਕਰਕੇ ਲੋਕਾਂ ਦਾ ਸੁਪਨਾ ਕੀਤਾ ਸਾਕਾਰ : ਡਾ. ਰਵਜੋਤ ਸਿੰਘ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਪੰਜਾਬ ਦੇ ਜੇਲ੍ਹਾਂ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਪਿੰਡ ਹਾਜੀਖਾਨਪੁਰ ਵਿਖੇ ਲਾਲ ਲਕੀਰ ਅੰਦਰ ਆਉਂਦੇ 40 ਘਰਾਂ ਨੂੰ ਮਾਲਕੀ ਦੇ ਹੱਕ ਵਾਲੇ ਪ੍ਰਾਪਰਟੀ ਕਾਰਡ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ‘ਮੇਰਾ ਘਰ-ਮੇਰੇ ਨਾਮ’ ਸਕੀਮ ਸ਼ੁਰੂ ਕਰ ਕੇ ਹਜ਼ਾਰਾਂ ਪਰਿਵਾਰਾਂ ਦਾ ਲੰਮੇ ਸਮੇਂ ਤੋਂ ਚਲਿਆ ਆ ਰਿਹਾ ਸੁਪਨਾ ਸਾਕਾਰ ਕਰ ਕੇ ਇਤਿਹਾਸਕ ਕੰਮ ਕੀਤਾ ਹੈ। ‘ਮੇਰਾ ਘਰ-ਮੇਰੇ ਨਾਮ’ ਉਪਰਾਲੇ ਨੂੰ ਲਾਲ ਲਕੀਰ ਦੇ ਵਸਨੀਕਾਂ ਦੇ ਬੇਹੱਦ ਲਾਹੇਵੰਦ ਕਰਾਰ ਦਿੰਦਿਆਂ ਜੇਲ੍ਹਾਂ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸ਼ੁਰੂ ਕੀਤੀ ਗਈ ਇਸ ਸਕੀਮ ਨਾਲ ਲੋਕਾਂ ਨੂੰ ਵੱਡਾ ਫਾਇਦਾ ਹੋਇਆ ਹੈ, ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਲੋਕਪੱਖੀ ਸੋਚ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਪੱਖੀ ਫੈਸਲੇ ਲੈਂਦਿਆਂ ਪੰਜਾਬੀਆਂ ਨਾਲ ਕੀਤਾ ਹਰ ਇਕ ਵਾਅਦਾ ਪੂਰਾ ਕਰ ਕੇ ਲੋਕ ਭਲਾਈ ਦੇ ਅਨੇਕਾਂ ਫੈਸਲੇ ਲਏ ਹਨ, ਜਿਨ੍ਹਾਂ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲਾਲ ਲਕੀਰ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕਾਂ ਦੀ ਕਾਨੂੰਨੀ ਮਾਨਤਾ ਪ੍ਰਦਾਨ ਕੀਤੀ ਹੈ ਜਿਸ ਨਾਲ ਉਹ ਜ਼ਿੰਦਗੀ ਵਿਚ ਵੱਖ-ਵੱਖ ਤਰ੍ਹਾਂ ਦੀ ਤਰੱਕੀ ਲਈ ਆਪਣੀ ਜਾਇਦਾਦ ਵਰਤੋਂ ਕਰ ਸਕਦੇ ਹਨ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਬਿੰਦਰ ਸਿੰਘ ਪਾਬਲਾ ਅਤੇ ਮਾਲ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਸਮੇਤ ਲਾਭਪਾਤਰੀਆਂ ਨਾਲ ਗੱਲਬਾਤ ਉਪਰੰਤ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮਾਲ ਵਿਭਾਗ ਵਲੋਂ ਪੂਰੇ ਪਾਰਦਰਸ਼ੀ ਅਤੇ ਕਾਰਗਰ ਢੰਗ ਨਾਲ ਇਹ ਸਕੀਮ ਲਾਗੂ ਕੀਤੀ ਗਈ ਹੈ ਜਿਸ ਨਾਲ ਲਾਲ ਲਕੀਰ ਵਾਸੀਆਂ ਨੂੰ ਮਾਲਕੀ ਦੇ ਹੱਕ ਦਿੱਤੇ ਜਾ ਰਹੇ ਹਨ।