154 ਨਵੇਂ ਆਮ ਆਦਮੀ ਕਲੀਨਿਕਾਂ ਦਾ ਤੋਹਫ਼ਾ, ਮਾਨ ਦੇ ਵਿਰੋਧੀਆਂ ’ਤੇ ਤਿੱਖੇ ਵਾਰ; ਬਾਦਲ ਪਰਿਵਾਰ ਨੂੰ ਵੀ ਲਿਆ ਨਿਸ਼ਾਨੇ ’ਤੇ
ਚੱਬੇਵਾਲ ’ਚ ਗਰੀਬ ਤੇ ਦੱਬੇ ਕੁਚਲੇ ਪਰਿਵਾਰਾਂ ਦੇ ਖੁਸ਼ੀ ਗਮੀ ਲਈ ਸਮਾਗਮ ਕਰਵਾਉਣ ਲਈ ਬਣਾਏ ਜਾ ਰਹੇ ਕਮਿਊਨਿਟੀ ਹਾਲ ਦੀ ਮੰਗ ਨੂੰ ਮੁੱਖ ਰੱਖਦਿਆਂ ਦੋ ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ।
Publish Date: Wed, 14 Oct 2026 02:35 PM (IST)
Updated Date: Wed, 14 Oct 2026 02:38 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੀ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਹਰਖੋਵਾਲ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਸੂਬੇ ਨੂੰ 154 ਨਵੇਂ ਹੋਰ ਆਮ ਆਦਮੀ ਕਲੀਨਿਕਾਂ ਦਾ ਤੋਹਫਾ ਦਿੱਤਾ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਨਾ ਸਿਰਫ ਵਿਰੋਧੀ ਧਿਰਾਂ ਤੇ ਤਿੱਖੇ ਹਮਲੇ ਕੀਤੇ ਬਲਕਿ ਹਲਕਾ ਚੱਬੇਵਾਲ ’ਚ ਗਰੀਬ ਤੇ ਦੱਬੇ ਕੁਚਲੇ ਪਰਿਵਾਰਾਂ ਦੇ ਖੁਸ਼ੀ ਗਮੀ ਲਈ ਸਮਾਗਮ ਕਰਵਾਉਣ ਲਈ ਬਣਾਏ ਜਾ ਰਹੇ ਕਮਿਊਨਿਟੀ ਹਾਲ ਦੀ ਮੰਗ ਨੂੰ ਮੁੱਖ ਰੱਖਦਿਆਂ ਦੋ ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ।
ਉਹਨਾਂ ਆਪਣੇ ਰਵਾਇਤੀ ਅੰਦਾਜ਼ ’ਚ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਕਾਂਗਰਸ ਤੇ ਹੋਰ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਨਹੀਂ ਬੋਲਦੀਆਂ ਬਲਕਿ ਉਹਨਾਂ ਦੇ ਕੋਲ ਇੱਕ ਹੀ ਵਿਸ਼ਾ ਹੈ ਉਹ ਹੈ ਮੁੱਖ ਮੰਤਰੀ ਭਗਵੰਤ ਮਾਨ। ਉਹਨਾਂ ਕਿਹਾ ਕਿ ਅਗਲੇ ਤਿੰਨ ਮਹੀਨੇ ਇਹਨਾਂ ਦਾ ਸਾਰਾ ਪ੍ਰਚਾਰ ਪੰਜਾਬ ਦੀ ਤਰੱਕੀ ਵੱਲ ਨਹੀਂ ਬਲਕਿ ਭਗਵੰਤ ਮਾਨ ਦੇ ਜੀਵਨ ਵੱਲ ਹੋਵੇਗਾ।
ਉਹਨਾਂ ਕਿਹਾ ਕਿ ਧਰਮ ਦੀਆਂ ਬੇਅਦਬੀਆਂ ਕਰਵਾਉਣ ਵਾਲੇ ਅਕਾਲੀ ਦਲ ਕੋਲ ਇਸ ਸਮੇਂ 25 ਬੰਦੇ ਵੀ ਨਹੀਂ ਹਨ ਉਹਨਾਂ ਕਿਹਾ ਕਿ ਲੋਕ ਆਪਣੀ ਅਗਲੀ ਸਰਕਾਰ ਬਣਾਉਣ ਲਈ ਪਹਿਲਾਂ ਹੀ ਸਰਬ ਸੰਮਤੀ ਦੇ ਚੁੱਕੇ ਹਨ ਹੁਣ ਤਾਂ ਸਿਰਫ ਚੋਣ ਪ੍ਰਕਿਰਿਆ ਨੂੰ ਹੀ ਪੂਰਾ ਕਰਨਾ ਹੈ। ਉਹਨਾਂ ਪ੍ਰਕਾਸ਼ ਸਿੰਘ ਬਾਦਲ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹਨਾਂ ਨਿਕੰਮਾ ਪੁੱਤ ਜੰਮਿਆ ਹੈ।