- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੜਤਾਲ ਤੋਂ ਬਾਅਦ ਮੀਂਹ ਨੇ ਵਿਗਾੜੀ ਜਿਲ੍ਹੇ ਦੇ ਕੂੜਾ ਪ੍ਰਬੰਧਨ ਦੀ ਸਥਿਤ

- ਮੁਹੱਲਿਆਂ ’ਚ ਉੱਠਦੀ ਬਦਬੂ ਨਾਲ ਲੋਕ ਹੋਏ ਪਰੇਸ਼ਾਨ
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਸਫ਼ਾਈ ਕਰਮਚਾਰੀਆਂ ਦੀ ਹੜਤਾਲ ਬੇਸ਼ੱਕ ਖ਼ਤਮ ਹੋ ਗਈ ਹੈ ਅਤੇ ਉਨ੍ਹਾਂ ਵੱਲੋਂ ਲਗਾਤਾਰ ਕੂੜਾ ਚੁੱਕਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਪਰ ਨਗਰ ਨਿਗਮ ਵਲੋਂ ਬਣਾਏ ਕੂੜੇ ਦੇ ਡੰਪਾਂ ਵਿੱਚੋਂ ਹੀ ਕੂੜਾ ਚੁੱਕਣਾ ਸ਼ੁਰ ਹੋਇਆ ਹੈ। ਮੁਹੱਲਿਆਂ ਅਤੇ ਗਲੀਆਂ ਸਮੇਤ ਬਾਜਾਰਾਂ ਵਿਚ ਲੱਗੇ ਕੂੜੇ ਦੇ ਢੇਰਾਂ ਨੇ ਨਾ ਸਿਰਫ਼ ਦੁਕਾਨਦਾਰਾਂ ਬਲਕਿ ਲੋਕਾਂ ਦਾ ਵੀ ਜਿਊਣਾ ਮੁਹਾਲ ਕਰ ਦਿੱਤਾ ਹੈ। ਇਨ੍ਹਾਂ ਢੇਰਾਂ ਵਿੱਚੋਂ ਉੱਠਦੀ ਬਦਬੂ ਕਾਰਨ ਲੋਕਾਂ ਦਾ ਨੱਕ ਵਿਚ ਦਮ ਆ ਚੁੱਕਾ ਹੈ। ਇਹ ਹਾਲਤ ਸਿਫ਼ਰ ਨਗਰ ਨਿਗਮ ਦੇ ਹੀ ਨਹੀਂ, ਬਲਕਿ ਹੁਸ਼ਿਆਰਪੁਰ ਅਧੀਨ ਪੈਂਦੇ ਨਗਰ ਕੌਂਸਲਾਂ ਦਾ ਵੀ ਹੈ।
ਨਗਰ ਨਿਗਮ ਸਮੇਤ ਹਰ ਕੌਂਸਲ ਦੀ ਹਾਲਤ ਹੋਈ ਖ਼ਰਾਬ : ਹੁਸ਼ਿਆਰਪੁਰ ਸ਼ਹਿਰ ਵਿਚ ਨਗਰ ਨਿਗਮ ਦੇ ਨਾਲ ਨਗਰ ਕੌਂਸਲ ਗੜ੍ਹਸ਼ੰਕਰ, ਟਾਂਡਾ ਉੜਮੁੜ, ਮੁਕੇਰੀਆਂ, ਦਸੂਹਾ, ਹਰਿਆਣਾ, ਗੜ੍ਹਦੀਵਾਲਾ, ਮਾਹਿਲਪੁਰ, ਸ਼ਾਮ ਚੁਰਾਸੀ ਵਿਚ ਵੀ ਹਾਲਤ ਜਿਉਂ ਦੇ ਤਿਉਂ ਬਣੇ ਹੋਏ ਹਨ। ਇਨ੍ਹਾਂ ਅਧੀਨ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਦੀ ਪਹਿਲਾਂ ਹੜਤਾਲ ਤੇ ਬਾਅਦ ਵਿਚ ਪਈ ਬਰਸਾਤ ਨਾਲ ਕੂੜੇ ਦੇ ਢਰਾਂ ਵਿਚ ਪਾਣੀ ਪੈਣ ਨਾਲ ਹਾਲਾਤ ਖ਼ਰਾਬ ਹੋ ਗਏ। ਬੇਸ਼ੱਕ ਸਾਰੀਆਂ ਕੌਂਸਲਾਂ ਅਤੇ ਨਿਗਮਾਂ ਵਲੋਂ ਕੂੜਾ ਸੁੱਟਣ ਵਾਲੀਆਂ ਥਾਵਾਂ ਨਿਸ਼ਚਤ ਕੀਤੀਆਂ ਹੋਈਆਂ ਹਨ ਪਰ ਘਰਾਂ ਵਿੱਚੋਂ ਗਿੱਲਾ ਅਤੇ ਸੁੱਕਾ ਕੂੜਾ ਹੜਤਾਲ ਕਾਰਨ ਨਾ ਚੁੱਕੇ ਜਾ ਸਕਣ ਕਾਰਨ ਲੋਕਾਂ ਨੇ ਥਾਂ-ਥਾਂ ਢੇਰ ਬਣਾ ਲਏ।
ਪੌਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਨੇ ਵਿਗਾੜੀ ਸਥਿਤੀ : ਸਾਰੇ ਹੀ ਕਸਬਿਆਂ ਵਿਚ ਹੜਤਾਲ ਤੋਂ ਬਾਅਦ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਨਗਰ ਨਿਗਮ ਅਤੇ ਨਗਰ ਕੌਂਸਲਾਂ ਵਿਚ ਪੌਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਖ਼ੁੱਲ ਕੇ ਸਾਹਮਣੇ ਆਈ ਹੈ। ਇਨ੍ਹਾਂ ਸ਼ਹਿਰਾਂ ਦੇ ਹੇਠਲੇ ਇਲਾਕਿਆਂ ਵਿਚ ਮੀਂਹ ਦਾ ਪਾਣੀ ਗਲੀਆਂ ਅਤੇ ਘਰਾਂ ਵਿਚ ਦਾਖ਼ਲ ਹੋਣ ਦਾ ਕਾਰਨ ਪਾਣੀ ਦੀ ਨਿਕਾਸੀ ਪੌਲੀਥੀਨ ਦੇ ਲਿਫਾਫਿਆਂ ਕਾਰਨ ਹੀ ਬੰਦ ਹੋਈ ਸੀ। ਥਾਂ-ਥਾਂ ’ਤੇ ਲੱਗੇ ਕੂੜੇ ਦੇ ਢੇਰਾਂ ਵਿਚ ਪਲਾਸਟਿਕ ਲਿਫਾਫਿਆਂ ਦੀ ਬਹੁਤਾਤ ਦੇਖ਼ਣ ਨੂੰ ਮਿਲੀ ਅਤੇ ਢੇਰਾਂ ਵਿਚ ਇਨ੍ਹਾਂ ਲਿਫਾਫਿਆਂ ਵਿਚਲਾ ਘਰਾਂ ਦਾ ਗੰਦ ਮੰਦ ਸੁੱਟਣ ਕਾਰਨ ਉੱਠੀ ਬਦਬੂ ਨੇ ਤੰਦਰੁਸਤਾਂ ਨੂੰ ਬਿਮਾਰ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ।
ਕੂੜਾ ਪ੍ਰਬੰਧਨ ’ਚ ਮਾਹਿਲਪੁਰ ਫ਼ਾਡੀ : ਸਰਕਾਰ ਵੱਲੋਂ ਕੂੜਾ ਪ੍ਰਬੰਧਨ ਨੂੰ ਲੈ ਕੇ ਬੇਸ਼ੱਕ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਨੂੰ ਸਰਟੀਫਿਕੇਟ ਦੇ ਕੇ ਕੂੜਾ ਪ੍ਰਬੰਧਨ ਲਈ ਸਨਮਾਨਿਤ ਵੀ ਕੀਤਾ ਜਾਂਦਾ ਹੈ ਅਤੇ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ ਪਰ ਹੁਸ਼ਿਆਰਪੁਰ ਸ਼ਹਿਰ, ਗੜ੍ਹਸ਼ੰਕਰ ਅਤੇ ਟਾਂਡਾ ਨੂੰ ਛੱਡ ਕੇ ਮੁਕੇਰੀਆਂ, ਦਸੂਹਾ, ਹਰਿਆਣਾ ਵਿਚ ਔਸਤਨ ਹਾਲਾਤ ਬਣੇ ਹੋਏ ਹਨ ਜਦਕਿ ਗੜਦੀਵਾਲਾਅਤੇ ਮਾਹਿਲਪੁਰ ਵਿਚ ਸਰਕਾਰੀ ਆਂਕੜਿਆਂ ਅਨੁਸਾਰ ਸੁਧਾਰ ਦੀ ਬਹੁਤ ਲੋੜ ਹੈ। ਇਸੇ ਤਰ੍ਹਾਂ ਸੜਕ ਸਫ਼ਾਈ, ਕੂੜੇ ਦੀ ਕਾਂਟ ਛਾਂਟ, ਵਿਗਿਆਨਕ ਨਿਪਟਾਰਾ ਵਿਚ ਵੀ ਮਾਹਿਲਪੁਰ ਅਤੇ ਗੜ੍ਹਸ਼ੰਕਰ ਦੀ ਜ਼ਿਲ੍ਹੇ ਭਰ ਵਿਚ ਸਥਿਤ ਮਾੜੀ ਗਿਣੀ ਜਾਂਦੀ ਹੈ।
ਡਸਟਬਿੰਨਾਂ ਦੀ ਘਾਟ : ਹੁਸ਼ਿਆਰਪੁਰ ਸਮੇਤ ਸਾਰੇ ਹੀ ਸ਼ਹਿਰਾਂ ਵਿਚ ਨਗਰ ਨਿਗਮ ਅਤੇ ਕੌਂਸਲਾਂ ਆਬਾਦੀ ਦੇ ਹਿਸਾਬ ਨਾਲ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਸੁੱਟਣ ਦੇ ਪ੍ਰਬੰਧ ਅੱਜ ਤੱਕ ਨਾ ਕਰ ਸਕੇ ਜਿਸ ਕਾਰਨ ਕੂੜੇ ਵਿੱਚੋਂ ਉੱਠਦੀ ਬਦਬੂ ਨੇ ਸਾਰੇ ਕਸਬਿਆਂ ਅਤੇ ਸ਼ਹਿਰ ਵਿਚ ਸਥਿਤ ਭਿਆਨਕ ਬਣਾ ਦਿੱਤੀ। ਮੀਂਹ ਪੈਣ ਤੋਂ ਬਾਅਦ ਕੂੜੇ ਦੇ ਢੇਰਾਂ ਵਿੱਚੋਂ ਮੀਂਹ ਦੇ ਪਾਣੀ ਨਾਲ ਰੁੜੇ ਇਹ ਲਿਫਾਫੇ ਨਾਲੀਆਂ ਵਿਚ ਜਾ ਫਸੇ ਅਤੇ ਪਾਣੀ ਦੇ ਵਹਾਅ ਵਿਚ ਰੁਕਾਵਟ ਆਉਣ ਮੀਂਹ ਦਾ ਪਾਣੀ ਗਲੀਆਂ ਅਤੇ ਘਰਾਂ ਵਿਚ ਇਕੱਠਾ ਹੋ ਗਿਆ।
ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਜੋਤੀ ਬਾਲਾ ਨੇ ਦੱਸਿਆ ਕਿ ਉਨ੍ਹਾਂ ਪੌਲੀਥੀਨ ਦੀ ਵਰਤੋਂ ਵਿਰੁੱਧ ਮੁਹਿੰਮ ਛੇੜੀ ਹੈ। ਪੌਲੀਥੀਨ ਦੀ ਵਰਤੋਂ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੋਣ ਨਾਲ ਇੱਕ ਦੋ ਦਿਨ ਵਿਚ ਸਥਿਤੀ ਠੀਕ ਹੋ ਜਾਵੇਗੀ।