- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੜ੍ਹਦੀਵਾਲਾ ’ਚ ਸਵ. ਡਾ. ਮੋਹਨ ਲਾਲ ਥੰਮਣ ਦੀ ਯਾਦ ’ਚ ਮੁਫ਼ਤ ਮੈਡੀਕਲ, ਅੱਖਾਂ ਤੇ ਖ਼ੂਨਦਾਨ ਕੈਂਪ

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਸਵ. ਡਾ. ਮੋਹਨ ਲਾਲ ਥੰਮਣ ਦੀ ਯਾਦ ਵਿੱਚ ਥੰਮਣ ਪਰਿਵਾਰ ਵੱਲੋਂ ਗੜ੍ਹਦੀਵਾਲਾ ਦੇ ਜੰਜ ਘਰ ਵਿਖੇ ਮੁਫ਼ਤ ਮੈਡੀਕਲ, ਅੱਖਾਂ ਦੀ ਜਾਂਚ ਅਤੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੇਵਾ ਸਿੰਘ ਨੇ ਕੀਤਾ। ਕੈਂਪ ਦੌਰਾਨ ਡਾ. ਅਜੇ ਥੰਮਣ, ਡਾ. ਅਭਿਸ਼ੇਕ ਥੰਮਣ ਅਤੇ ਅੱਖਾਂ ਦੇ ਮਾਹਿਰ ਡਾ. ਅਨੂਜ ਸਮੇਤ ਮੈਡੀਕਲ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ। ਇਸ ਕੈਂਪ ਵਿੱਚ ਲਗਭਗ 300 ਲੋਕਾਂ ਨੇ ਸਿਹਤ ਜਾਂਚ ਦਾ ਲਾਭ ਲਿਆ। ਅੱਖਾਂ ਦੀ ਜਾਂਚ ਤੋਂ ਬਾਅਦ 24 ਮਰੀਜ਼ਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਦੇ ਮੁਫ਼ਤ ਆਪ੍ਰੇਸ਼ਨ ਜਲੰਧਰ ਵਿਖੇ ਕਰਵਾਏ ਜਾਣਗੇ। ਖ਼ੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ 24 ਯੂਨਿਟ ਖ਼ੂਨਦਾਨ ਕੀਤਾ। ਥੰਮਣ ਪਰਿਵਾਰ ਵੱਲੋਂ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਸ਼ਿਰਕਤ ਕਰਦਿਆਂ ਪਰਿਵਾਰ ਦੇ ਸਮਾਜ ਸੇਵੀ ਉਪਰਾਲੇ ਦੀ ਸ਼ਲਾਘਾ ਕੀਤੀ। ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ।