75 ਲੀਟਰ ਮਿਆਦ ਪੁੱਗ ਚੁੱਕੀ ਬਨਸਪਤੀ ਬਰਾਮਦ ਗੁੜ ਅਤੇ ਸ਼ੱਕਰ ਵੇਲਣੇ ’ਤੇ 75 ਲੀਟਰ ਮਿਆਦ ਪੁੱਗ ਚੁੱਕੀ ਬਨਸਪਤੀ ਬਰਾਮਦ
Publish Date: Tue, 20 Oct 2026 06:28 PM (IST)
Updated Date: Tue, 20 Oct 2026 06:30 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹੇ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫੂਡ ਸੇਫਟੀ ਵਿਭਾਗ ਵੱਲੋਂ ਲਗਾਤਾਰ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਗੜ੍ਹਸ਼ੰਕਰ ਵਿਖੇ ਗੁੜ ਅਤੇ ਸ਼ੱਕਰ ਬਣਾਉਣ ਵਾਲੀਆਂ ਇਕਾਈਆਂ ਦੀ ਜਾਂਚ ਕੀਤੀ ਗਈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਫੂਡ ਸੇਫਟੀ ਅਫ਼ਸਰ ਇਸ਼ਾਨ ਬਾਂਸਲ ਅਤੇ ਟੀਮ ਵੱਲੋਂ ਕੀਤੀ ਗਈ ਇਸ ਜਾਂਚ ਦੌਰਾਨ ਗੁੜ ਅਤੇ ਸ਼ੱਕਰ ਦੇ ਕੁੱਲ ਤਿੰਨ ਸੈਂਪਲ ਜਾਂਚ ਲਈ ਲਏ ਗਏ, ਤਾਂ ਜੋ ਇਨ੍ਹਾਂ ਦੀ ਗੁਣਵੱਤਾ ਅਤੇ ਖਾਣ-ਪੀਣ ਲਈ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਜਾਂਚ ਦੌਰਾਨ 75 ਲੀਟਰ ਮਿਆਦ ਪੁੱਗ ਚੁੱਕੀ ਬਨਸਪਤੀ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ, ਤਾਂ ਜੋ ਇਸ ਦੀ ਵਰਤੋਂ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨ ਜਾਂ ਵੇਚਣ ਲਈ ਨਾ ਕੀਤੀ ਜਾ ਸਕੇ। ਫੂਡ ਸੇਫਟੀ ਟੀਮ ਵੱਲੋਂ ਨਿਰਮਾਤਾਵਾਂ ਨੂੰ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ, ਉਤਪਾਦਨ ਇਕਾਈਆਂ ਵਿੱਚ ਸਫ਼ਾਈ ਦੇ ਮਿਆਰਾਂ ਨੂੰ ਕਾਇਮ ਰੱਖਣ ਅਤੇ ਫੂਡ ਸੇਫਟੀ ਸਬੰਧੀ ਨਿਰਧਾਰਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ। ਇਸ ਮੌਕੇ ਫੂਡ ਸੇਫਟੀ ਟੀਮ ਵੱਲੋਂ ਕਾਰੋਬਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਖਾਣ-ਪੀਣ ਵਾਲੀਆਂ ਵਸਤਾਂ ਦੀ ਤਿਆਰੀ ਵਿੱਚ ਸਿਰਫ਼ ਸੁਰੱਖਿਅਤ ਅਤੇ ਮਿਆਦ ਅੰਦਰ ਵਰਤੋਂਯੋਗ ਸਮੱਗਰੀ ਦੀ ਹੀ ਵਰਤੋਂ ਕਰਨ। ਇਸ ਦੇ ਨਾਲ ਹੀ ਉਤਪਾਦਨ ਅਤੇ ਸਟੋਰੇਜ ਦੌਰਾਨ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਫੂਡ ਸੇਫਟੀ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਜ਼ਿਲ੍ਹੇ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ਿਲ੍ਹੇ ਭਰ ਵਿੱਚ ਜਾਂਚ ਅਤੇ ਸੈਂਪਲਿੰਗ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ।