- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੱਤ ਮਹੀਨਿਆਂ ’ਚ ਮਾਹਿਲਪੁਰ ਦੀ ਇੱਕ ਹੀ ਦੁਕਾਨ ’ਤੇ ਚੱਲੀ ਤੀਜੀ ਵਾਰ ਗੋਲੀ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਮਾਹਿਲਪੁਰ ਸ਼ਹਿਰ ਵਿਚ ਆਏ ਦਿਨ ਗੋਲੀ ਚੱਲਣ ਦੇ ਮਾਮਲੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ। ਪਿਛਲੇ ਸੱਤ ਮਹੀਨਿਆਂ ਦੌਰਾਨ ਇੱਕ ਹੀ ਦੁਕਾਨ ’ਤੇ ਚੱਲੀ ਤੀਜੀ ਵਾਰ ਗੋਲੀ ਸਮੇਤ ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡਾਂ ਅਤੇ ਸ਼ਹਿਰ ਵਿਚ ਗੋਲੀ ਚੱਲਣ ਦੇ ਅੱਧਾ ਦਰਜਨ ਮਾਮਲੇ ਹੋ ਚੁੱਕੇ ਹਨ। ਮਾਹਿਲਪੁਰ ਪੁਲਿਸ ਵੱਲੋਂ ਹਰ ਵਾਰ ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕਰ ਕੇ ਮਾਹਿਲਪੁਰ ਪੁਲਿਸ ਆਪਣੀ ਕਾਰਵਾਈ ਨੂੰ ਅੰਜਾਮ ਦੇ ਦਿੰਦੀ ਹੈ।
ਕੀ ਹੈ ਮਾਮਲਾ : ਬੀਤੀ ਸ਼ਾਮ ਮਾਹਿਲਪੁਰ ਸ਼ਹਿਰ ਦੇ ਗੁਰਦੁਆਰਾ ਸ਼ਹੀਦਾਂ ਰੋਡ ’ਤੇ ਸਥਿਤ ਰੀਲੋਡ ਗਾਰਮੈਂਟਸ ’ਤੇ ਇੱਕ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ। ਜਸਵੀਰ ਸਿੰਘ ਪੁੱਤਰ ਯੋਗਰਾਜ ਸਿੰਘ ਵਾਸੀ ਗੱਜਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ ਭਰਾਵਾਂ ਨਾਲ ਆਪਣੀ ਦੁਕਾਨ ਬੰਦ ਕਰ ਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਇੱਕ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀ ਆਏ ਜਿਨ੍ਹਾਂ ਵਿੱਚੋਂ ਇੱਕ ਮੋਟਰਸਾਈਕਲ ’ਤੇ ਹੀ ਬੈਠਾ ਰਿਹਾ, ਜਦਿਕ ਦੂਜੇ ਨੇ ਅੰਦਰ ਆ ਕੇ ਗੋਲੀ ਚਲਾ ਦਿੱਤੀ, ਜੋ ਉਸ ਦੇ ਪੱਟ ਦੇ ਬਾਹਰਲੇ ਪਾਸੇ ਵੱਜ ਕੇ ਅੱਗੇ ਨਿਕਲ ਗਈ। ਉਨ੍ਹਾਂ ਦੱਸਿਆ ਕਿ ਉਹ ਜ਼ਮੀਨ ’ਤੇ ਡਿੱਗ ਪਿਆ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਾਲ ’ਚ ਛੇਵੀਂ ਘਟਨਾ : ਜ਼ਿਕਰਯੋਗ ਹੈ ਕਿ ਮਾਹਿਲਪੁਰ ਸ਼ਹਿਰ ਵਿਚ ਗੋਲੀ ਚੱਲਣ ਦੀ ਪਿਛਲੇ ਇੱਕ ਸਾਲ ਵਿਚ ਇਹ ਛੇਵੀਂ ਘਟਨਾ ਹੈ। ਸਭ ਤੋਂ ਪਹਿਲਾਂ ਇਸੇ ਦੁਕਾਨ ’ਤੇ 28 ਫਰਵਰੀ ਨੂੰ ਇਸੇ ਦੁਕਾਨ ’ਤੇ ਆਏ ਦੋ ਵਿਅਕਤੀਆਂ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਗੋਲੀ ਚੱਲੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ 25 ਮਾਰਚ ਨੂੰ ਉਨ੍ਹਾਂ ਦੀ ਦੁਕਾਨ ’ਤੇ ਦੁਪਹਿਰ ਵੇਲੇ ਅਣਪਛਾਤੇ ਵਿਅਕਤੀਆਂ ਨੇ ਗੋਲੀ ਚਲਾਈ ਪਰ ਉਹ ਸ਼ੀਸ਼ੇ ਵਿਚ ਵੱਜ ਕੇ ਅੱਗੇ ਨਿਕਲ ਗਈ। ਉਸ ਤੋਂ ਪਿੰਡ ਨਮੋਲੀਆਂ ਵਿਕੁਲਦੀਪ ਸਿੰਘ ਦੇ ਘਰ ਰਾਤ ਦੇ ਸਮੇਂ ਗੋਲੀ ਚਲਾਈ ਸੀ। ਉਸ ਤੋਂ ਬਾਅਦ ਮਾਹਿਲਪੁਰ ਸ਼ਹਿਰ ਦੇ ਇੱਕ ਸੁਨਿਆਰੇ ਦੀ ਦੁਕਾਨ ’ਤੇ ਅਤੇ ਹੁਣ ਮੁੜ ਇਸੇ ਦੁਕਾਨ ’ਤੇ ਗੋਲੀ ਚੱਲ ਗਈ।
ਹਰ ਵਾਰ ਅਣਪਛਾਤਿਆਂ ’ਤੇ ਮਾਮਲਾ ਦਰਜ : ਜਸਵੀਰ ਸਿੰਘ ਅਤੇ ਉਸ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ’ਤੇ ਇਹ ਤੀਜੀ ਘਟਨਾ ਹੈ, ਜਦਿਕ ਉਨ੍ਹਾਂ ਦੇ ਨਮੋਲੀਆਂ ਵਾਲੇ ਸਾਥੀ ਸਮੇਤ ਚੌਥੀ ਘਟਨਾ ਹੈ। ਉਨ੍ਹਾਂ ਦੱਸਿਆ ਕਿ ਗੋਲੀ ਚਲਾਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਜ਼ਿੰਮੇਵਾਰੀ ਵੀ ਲਈ ਜਾਂਦੀ ਹੈ ਪਰ ਪੁਲਿਸ ਵੱਲੋਂ ਹਰ ਵਾਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਆਪਣੀਕਾਰਵਾਈ ਪੂਰੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਤੱਕ ਦੀ ਕਿਸੇ ਵੀ ਵਾਰਦਾਤ ਵਿਚ ਮਾਹਿਲਪੁਰ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਡੀਵੀਆਰ ਵੀ ਪੁਲਿਸ ਨਾਲ ਲੈ ਜਾਂਦੀ ਹੈ ਅਤੇ ਮੁੜ ਵਾਪਸ ਨਹੀਂ ਕਰਦੀ। ਸਿਰਫ਼ ਮੌਕੇ ’ਤੇ ਸਰਗਰਮੀ ਦਿਖ਼ਾ ਕੇ ਮਾਮਲੇ ਠੰਢੇ ਬਸਤੇ ਵਿਚ ਪਾ ਦਿੱਤੇ ਜਾਂਦੇ ਹਨ।
ਕਿਉਂ ਚੱਲਦੀ ਹੈ ਗੋਲੀ : ਮਾਹਿਲਪੁਰ ਸ਼ਹਿਰ ਵਿਚ ਇਸੇ ਧੜੇ ਨਾਲ ਸਬੰਧਿਤ ਇੱਕ ਸੰਨੀ ਨਾਮਕ ਨੌਜਵਾਨ ਦਾ ਮਾਹਿਲਪੁਰ ਦੇ ਮੁੱਖ ਚੌਕ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੀੜਤਾਂ ਅਨੁਸਾਰ ਉਸੇ ਮਾਮਲੇ ਵਿਚ ਮਾਣਯੋਗ ਅਦਾਲਤ ਵਿਚ ਉਨ੍ਹਾਂ ਦੀਆਂ ਗਵਾਹੀਆਂ ਰੋਕਣ ਅਤੇ ਰਾਜੀਨਾਮਾ ਕਰਨ ਲਈ ਦਬਾਅ ਬਣਾਉਣ ਲਈ ਵਾਰ-ਵਾਰ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਤੁਰੰਤ ਹਮਲਾਵਰਾਂ ਨੂੰ ਕਾਬੂ ਕਰ ਕੇ ਉਨ੍ਹਾਂ ’ਤੇ ਹੋ ਰਹੇ ਹਮਲਿਆਂ ਨੂੰ ਰੋਕੇ।
ਇਸ ਸਬੰਧੀ ਡੀਐੱਸਪੀ ਭਾਰਤ ਭੂਸ਼ਣ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਵੱਖ-ਵੱਖ ਕੋਣਾਂ ਅਤੇ ਤਕਨੀਕੀ ਢੰਗ ਨਾਲ ਪੜਤਾਲ ਕਰ ਕੇ ਹਮਲਾਵਰਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।