ਪਟਾਕਿਆਂ ਕਾਰਨ ਦੋ ਥਾਂ ਪਰਾਲੀ ਨੂੰ ਲੱਗੀ ਅੱਗ ਪਟਾਕਿਆਂ ਕਾਰਨ ਦੋ ਥਾਂ ਪਰਾਲੀ ਨੂੰ ਲੱਗੀ ਅੱਗ
Publish Date: Mon, 09 Nov 2026 06:06 PM (IST)
Updated Date: Tue, 10 Nov 2026 04:06 AM (IST)
ਇਲੈਕਟ੍ਰਾਨਿਕਸ ਦੀ ਦੁਕਾਨ ਦਾ ਸਟੋਰ ਵਾਲ-ਵਾਲ ਬਚਿਆ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ ਦੀਵਾਲੀ ਦੀ ਰਾਤ ਬਾਪੂ ਗੰਗਾ ਦਾਸ ਡੇਰੇ ਦੇ ਅਤੇ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਬਜਵਾੜਾ ਨਜ਼ਦੀਕ ਪਟਾਕਿਆਂ ਕਾਰਨ ਪਰਾਲੀ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਣ ਕਾਰਨ ਇਲਾਕੇ ’ਚ ਕੁਝ ਸਮੇਂ ਲਈ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਲੋਕਾਂ ਨੇ ਬੜੀ ਮੁਸ਼ਕਿਲ ਨਾਲ ਅੱਗ ’ਤੇ ਆਪ ਹੀ ਮੁਸ਼ਕਿਤ ਕਰ ਕੇ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਦੀਵਾਲੀ ਦੀ ਰਾਤ ਲੋਕਾਂ ਵੱਲੋਂ ਚਲਾਏ ਜਾ ਰਹੇ ਪਟਾਕਿਆਂ ’ਚੋਂ ਨਿਕਲੀ ਚੰਗਿਆੜੀ ਕਾਰਨ ਡੇਰੇ ਦੇ ਨਜ਼ਦੀਕ ਪਈ ਪਰਾਲੀ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਪਰਾਲੀ ਨੂੰ ਆਪਣੀ ਲਪੇਟ ’ਚ ਲੈ ਲਿਆ। ਅੱਗ ਦੀਆਂ ਲਪਟਾਂ ਨੇੜੇ ਸਥਿਤ ਇਲੈਕਟ੍ਰਾਨਿਕਸ ਦੀ ਇੱਕ ਦੁਕਾਨ ਦੇ ਸਟੋਰ ਤੱਕ ਪਹੁੰਚਣ ਦਾ ਖ਼ਤਰਾ ਪੈਦਾ ਹੋ ਗਿਆ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਆਲੇ-ਦੁਆਲੇ ਦੇ ਲੋਕਾਂ ’ਚ ਚਿੰਤਾ ਪੈਦਾ ਹੋ ਗਈ। ਖੁਸ਼ਕਿਸਮਤੀ ਰਹੀ ਕਿ ਅੱਗ ਇਲੈਕਟ੍ਰਾਨਿਕਸ ਦੀ ਦੁਕਾਨ ਦੇ ਸਟੋਰ ਤੱਕ ਨਹੀਂ ਪਹੁੰਚੀ ਤੇ ਦੁਕਾਨ ਦਾ ਸਾਮਾਨ ਵੱਡੇ ਨੁਕਸਾਨ ਤੋਂ ਬਚ ਗਿਆ। ਇਸ ਤਰ੍ਹਾਂ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸ ਘਟਨਾ ਨੇ ਇੱਕ ਵਾਰ ਫਿਰ ਪਟਾਕਿਆਂ ਕਾਰਨ ਅੱਗ ਲੱਗਣ ਦੇ ਖ਼ਤਰਿਆਂ ਨੂੰ ਉਜਾਗਰ ਕੀਤਾ ਹੈ। ਪਸ਼ੂਆਂ ਦਾ ਚਾਰਾ ਵੱਡੀ ਮਾਤਰਾ ’ਚ ਸੜ ਕੇ ਸੁਆਹ ਹੋ ਗਿਆ। ਦੂਜੀ ਘਟਨਾ ’ਚ ਬਜਵਾੜਾ ਪਿੰਡ ਦੇ ਵਿਚ ਆਤਿਸ਼ਬਾਜ਼ੀ ਨਾਲ ਪਰਾਲੀ ਦੇ ਢੇਰ ਨੂੰ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਵਧੀ ਕਿ ਉਸ ’ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ। ਲੋਕਾਂ ਵਲੋਂ ਇੱਕਠੇ ਹੋ ਕੇ ਕੋਸ਼ਿਸ਼ ਕੀਤੀ ਪਰ ਉਹ ਪਸ਼ੂਆਂ ਦੇ ਚਾਰੇ ਦਾ ਬਚਾਅ ਨਾ ਕਰ ਸਕੇ।