ਮਾਡਰਨ ਗਰੁੱਪ ਆਫ਼ ਕਾਲਜਿਸ ਦੇ ਫੈਸ਼ਨ ਡਿਜ਼ਾਇਨ ਵਿਭਾਗ ਨੇ ਉਦਯੋਗਿਕ ਦੌਰਾ ਕਰਵਾਇਆ ਮਾਡਰਨ ਗਰੁੱਪ ਆਫ਼ ਕਾਲਜਿਸ ਦੇ ਫੈਸ਼ਨ ਡਿਜ਼ਾਇਨ ਵਿਭਾਗ ਨੇ ਉਦਯੋਗਿਕ ਦੌਰਾ ਕਰਵਾਇਆ
Publish Date: Sat, 14 Nov 2026 04:14 PM (IST)
Updated Date: Sat, 14 Nov 2026 04:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਮੁਕੇਰੀਆਂ ਦੇ ਫੈਸ਼ਨ ਡਿਜ਼ਾਇਨ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਉਦਯੋਗਿਕ ਖੇਤਰ ਦੀ ਵਿਹਾਰਕ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅੰਮ੍ਰਿਤਸਰ ਸਥਿਤ ਨਿੱਜੀ ਅਦਾਰੇ ਵਿਖੇ ਉਦਯੋਗਿਕ ਦੌਰਾ ਕਰਵਾਇਆ ਗਿਆ। ਇਸ ਦੌਰੇ ਦਾ ਸੰਚਾਲਨ ਅਸਿਸਟੈਂਟ ਪ੍ਰੋਫੈੱਸਰ ਸਪਰਸ਼ ਮਿਨਹਾਸ, ਅਸਿਸਟੈਂਟ ਪ੍ਰੋਫੈੱਸਰ ਦੀਕਸ਼ਾ ਸ਼ਰਮਾ ਅਤੇ ਸ਼ਰਨਜੀਤ ਕੌਰ ਵੱਲੋਂ ਕੀਤਾ ਗਿਆ। ਪਲਾਂਟ ਵਿਖੇ ਪਹੁੰਚਣ ਤੇ ਲਖਵਿੰਦਰ ਕੁਮਾਰ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਫੈਬਰਿਕ ਨਿਰਮਾਣ, ਕਢਾਈ ਅਤੇ ਡਾਇੰਗ ਲਈ ਵਰਤੀਆਂ ਜਾਣ ਵਾਲੀਆਂ ਆਧੁਨਿਕ ਮਸ਼ੀਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਨੇ ਕੰਪਿਊਟਰਾਈਜ਼ਡ ਮਸ਼ੀਨਾਂ ਰਾਹੀਂ ਫੈਬਰਿਕ ਨਿਰਮਾਣ, ਵੱਖ-ਵੱਖ ਕਿਸਮਾਂ ਦੇ ਕੱਪੜਿਆਂ ਦੀ ਗੁਣਵੱਤਾ ਜਾਂਚ, ਉਤਪਾਦਨ ਪ੍ਰਕਿਰਿਆ ਅਤੇ ਉਦਯੋਗਿਕ ਪ੍ਰਬੰਧਨ ਦੇ ਵਿਹਾਰਕ ਪਹਿਲੂਆਂ ਬਾਰੇ ਅਹਿਮ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਕੈਂਪਸ ਡਾਇਰੈਕਟਰ ਵਿਜੇਤਾ ਸ਼ਰਮਾ ਨੇ ਉਦਯੋਗਿਕ ਦੌਰਿਆਂ ਨੂੰ ਵਿਦਿਆਰਥੀਆਂ ਦੇ ਤਕਨੀਕੀ ਗਿਆਨ ਅਤੇ ਹੁਨਰ ਵਿਕਾਸ ਲਈ ਮਹੱਤਵਪੂਰਨ ਦੱਸਿਆ। ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਨੇ ਫੈਸ਼ਨ ਡਿਜ਼ਾਇਨ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਉਦਯੋਗਿਕ ਖੇਤਰ ਦੀਆਂ ਅਸਲ ਲੋੜਾਂ ਨੂੰ ਸਮਝਣ ਵਿੱਚ ਸਹਾਇਕ ਹੁੰਦੇ ਹਨ।