ਖਾਦ ਦੀ ਘਾਟ ਕਾਰਨ ਕਣਕ ਦੀ ਬਿਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਖਾਦ ਦੀ ਘਾਟ ਕਾਰਨ ਕਣਕ ਦੀ ਬਿਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ: ਅਮਰਜੀਤ ਸਿੰਘ ਢਾਡੇਕਟਵਾਲ
Publish Date: Fri, 30 Oct 2026 03:50 PM (IST)
Updated Date: Fri, 30 Oct 2026 03:52 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਪੰਜਾਬ ਅੰਦਰ ਡੀਏਪੀ ਖਾਦ ਦੀ ਕਿੱਲਤ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਣਕ ਦੀ ਬਿਜਾਈ ਦੇ ਅਹਿਮ ਸੀਜ਼ਨ ਦੌਰਾਨ ਲੋੜੀਂਦੀ ਖਾਦ ਉਪਲੱਬਧ ਨਾ ਹੋਣ ਕਾਰਨ ਕਿਸਾਨਾਂ ਦੀਆਂ ਖੇਤੀਬਾੜੀ ਸਬੰਧੀ ਯੋਜਨਾਵਾਂ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਬਿਜਾਈ ਵਿੱਚ ਦੇਰੀ ਹੋਣ ਦੇ ਨਾਲ-ਨਾਲ ਫ਼ਸਲ ਦੀ ਪੈਦਾਵਾਰ ’ਤੇ ਵੀ ਮਾੜਾ ਅਸਰ ਪੈਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਰੋਸ ਪ੍ਰਗਟ ਕਰਦਿਆਂ ਕਾਂਗਰਸ ਕਿਸਾਨ ਸੈੱਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਨੇ ਕਿਹਾ ਕਿ ਮੁਕੇਰੀਆਂ ਹਲਕੇ ਸਮੇਤ ਪੂਰੇ ਪੰਜਾਬ ਵਿੱਚ ਕਿਸਾਨਾਂ ਦੀ ਸਹੂਲਤ ਲਈ ਚਲਾਈਆਂ ਜਾ ਰਹੀਆਂ ਬਹੁਮੰਤਵੀ ਸਹਿਕਾਰੀ ਸਭਾਵਾਂ ਵਿੱਚ ਡੀਏਪੀ ਖਾਦ ਉਪਲੱਬਧ ਨਹੀਂ ਹੈ। ਇੱਥੋਂ ਤੱਕ ਕਿ ਨਿੱਜੀ ਖਾਦ ਵਿਕ੍ਰੇਤਾਵਾਂ ਕੋਲ ਵੀ ਕਿਸਾਨਾਂ ਨੂੰ ਲੋੜ ਅਨੁਸਾਰ ਖਾਦ ਨਹੀਂ ਮਿਲ ਰਹੀ, ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਸੂਬੇ ਵਿਚਲੀ ਆਪ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਤਾਂ ਕਰਦੀਆਂ ਹਨ, ਪਰ ਹਰ ਖੇਤੀ ਸੀਜ਼ਨ ਦੌਰਾਨ ਖਾਦ ਦੀ ਕਿੱਲਤ ਵਰਗੀ ਬੁਨਿਆਦੀ ਸਮੱਸਿਆ ਦਾ ਹੱਲ ਕਰਨ ਲਈ ਠੋਸ ਪ੍ਰਬੰਧ ਨਜ਼ਰ ਨਹੀਂ ਆਉਂਦੇ। ਉਨ੍ਹਾਂ ਮੰਗ ਕੀਤੀ ਕਿ ਮੁਕੇਰੀਆਂ ਹਲਕੇ ਸਮੇਤ ਪੂਰੇ ਪੰਜਾਬ ਵਿੱਚ ਡੀਏਪੀ ਖਾਦ ਦੀ ਸਪਲਾਈ ਤੁਰੰਤ ਬਹਾਲ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜਲਦ ਖਾਦ ਦੀ ਕਿੱਲਤ ਦੂਰ ਨਾ ਕੀਤੀ ਗਈ ਤਾਂ ਕਾਂਗਰਸ ਪਾਰਟੀ ਕਿਸਾਨਾਂ ਨੂੰ ਨਾਲ ਲੈ ਕੇ ਸਰਕਾਰਾਂ ਵਿਰੁੱਧ ਤਿੱਖਾ ਸੰਘਰਸ਼ ਵਿੱਢੇਗੀ।