- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤੀਬਾੜੀ ਵਿਭਾਗ ਨੇ ਹਾੜ੍ਹੀ ਦੀਆਂ ਫਸਲਾਂ ਸਬੰਧੀ ਲਾਇਆ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਸਥਾਨਕ ਸਿਟੀ ਸੈਂਟਰ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ, ਜਿਸ ਵਿਚ ਵਿਭਾਗ ਦੇ ਖੇਤੀ ਮਾਹਿਰਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਟੀਮ ਨੇ ਕਿਸਾਨਾਂ ਨੂੰ ਨਵੀਨਤਮ ਖੇਤੀਬਾੜੀ ਤਕਨੀਕਾਂ ਸਬੰਧੀ ਜਾਣੂ ਕਰਵਾਉਂਦਿਆਂ ਫ਼ਸਲੀ ਰਹਿੰਦ-ਖੂਹੰਦ ਨੂੰ ਅੱਗ ਨਾ ਲਾਉਣ ਅਤੇ ਕੁਦਰਤੀ ਸੋਮਿਆਂ ਦੀ ਬੱਚਤ ਦੀ ਅਪੀਲ ਕੀਤੀ। ਕਿਸਾਨ ਮੇਲੇ ਵਿਚ ਸਹਾਇਕ ਕਮਿਸ਼ਨਰ ਡਾ. ਸੁਮਿਤ ਮੁਧ ਨੇ ਕਿਸਾਨਾਂ ਨੂੰ ਜ਼ਿਲ੍ਹੇ ਵਿੱਚ ਪਿਛਲੇ ਸਾਲਾਂ ਦੌਰਾਨ ਸਬਸਿਡੀ ਤੇ ਉਪਲਬਧ ਕਰਵਾਈ ਗਈ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰ ਕੇ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਅਤੇ ਫਸਲੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਦਾ ਸੱਦਾ ਦਿੰਦਿਆਂ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਇਸ ਦੇ ਮਨੁੱਖੀ ਸਿਹਤ ਅਤੇ ਜੀਵ ਜੰਤੂਆਂ ਤੇ ਬਹੁਤ ਮਾੜੇ ਪ੍ਰਭਾਵ ਪੈਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਦਾ ਯੋਗ ਪ੍ਰਬੰਧਨ ਕਰਕੇ ਜ਼ਿਲ੍ਹੇ ਨੂੰ ਸੂਬੇ ਵਿੱਚ ਇੱਕ ਮੋਹਰੀ ਜ਼ਿਲ੍ਹਾ ਬਣਾਉਣ ਵਿੱਚ ਸਹਿਯੋਗ ਦੀ ਗੱਲ ਆਖੀ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨੇ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈਣ ਲਈ ਮਹਿਕਮੇ ਨਾਲ ਲਗਾਤਾਰ ਰਾਬਤਾ ਕਾਇਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਤੀਬਾੜੀ ਖੇਤਰ ਅਤੇ ਕਿਸਾਨਾਂ ਦੀ ਭਲਾਈ ਲਈ ਵੱਡੇ ਪੱਧਰ ’ਤੇ ਕਦਮ ਚੁੱਕੇ ਜਾ ਰਹੇ ਹਨ, ਜਿਸ ਨਾਲ ਸੂਬੇ ਦੀ ਕਿਸਾਨੀ ਨੂੰ ਹੋਰ ਖੁਸ਼ਹਾਲ ਕੀਤਾ ਜਾ ਸਕੇ।
ਮੁੱਖ ਖੇਤੀਬਾੜੀ ਅਫ਼ਸਰ ਡਾ. ਦਪਿੰਦਰ ਸਿੰਘ ਸੰਧੂ ਨੇ ਕਿਸਾਨਾਂ ਨੂੰ ਭੌਂ ਪਰਖ ਕਰਵਾਉਣ ਅਤੇ ਭੂਮੀ ਪਰਖ ਦੇ ਆਧਾਰ ਤੇ ਪ੍ਰਾਪਤ ਕੀਤੇ ਭੋਂ-ਸਿਹਤ ਕਾਰਡ ਅਨੁਸਾਰ ਹੀ ਖਾਦਾਂ ਦੀ ਵਰਤੋ ਕਰਨ ਲਈ ਅਤੇ ਮਹਿਕਮੇ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਕਿਸਾਨ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਮਹਿਕਮੇ ਨਾਲ ਸਪੰਰਕ ਵਿੱਚ ਰਹਿਣ ਲਈ ਕਿਹਾ। ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਹਿਯੋਗੀ ਨਿਰਦੇਸ਼ਕ ਡਾ. ਮਨਿੰਦਰ ਸਿੰਘ ਬੋਂਸ ਅਤੇ ਉਨ੍ਹਾਂ ਦੀ ਟੀਮ ਦੇ ਮਾਹਰਾਂ ਵਲੋਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂਹੰਦ ਦੀ ਸਾਂਭ ਸੰਭਾਲ, ਸਬਜ਼ੀਆਂ ਦੀ ਕਾਸ਼ਤ, ਉਨੱਤ ਬੀਜ ਅਤੇ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਆਦਿ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਜ਼ਿਲ੍ਹਾ ਸਿਖਲਾਈ ਅਫ਼ਸਰ ਹੁਸ਼ਿਆਰਪੁਰ ਦੀਪਕ ਪੁਰੀ ,ਚੌਧਰੀ ਕਮਲ ਧੂਤ, ਚੇਅਰਮੈਨ ਵੇਰਕਾ ਮਿਲਕ ਪਲਾਂਟ, ਪਰਵਿੰਦਰ ਸਿੰਘ ਸੱਜਣ ਹਲਕਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਸ਼ਾਮਚੁਰਾਸੀ ਨੇ ਵੀ ਸ਼ਮੂਲਿਅਤ ਕੀਤੀ। ਕੈਂਪ ਵਿੱਚ ਵੱਖ-ਵੱਖ ਸੈਲਫ ਹੈਲਪ ਗਰੁੱਪਾਂ, ਵਿਭਾਗਾਂ ਵਲੋਂ ਪ੍ਰਦਰਸ਼ਨੀ ਸਟਾਲ ਵੀ ਲਗਾਏ ਗਏ।