ਗ਼ਦਰੀ ਬਾਬਿਆਂ ਦੇ ਮੇਲੇ 'ਚ ਸੈਲਾ ਖੁਰਦ ਇਲਾਕੇ ਤੋਂ ਲੋਕ ਹੋਏ ਹਾਜ਼ਰ
ਗ਼ਦਰੀ ਬਾਬਿਆਂ ਦੇ ਮੇਲੇ 'ਚ ਸੈਲਾ ਖੁਰਦ ਇਲਾਕੇ ਤੋਂ ਲੋਕ ਹੋਏ ਹਾਜ਼ਰ
Publish Date: Wed, 04 Nov 2026 03:22 PM (IST)
Updated Date: Wed, 04 Nov 2026 03:23 PM (IST)
ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ ਸੈਲਾ ਖੁਰਦ : ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਵਾਏ ਗਏ ਗਦਰੀ ਬਾਬਿਆਂ ਦੇ ਮੇਲੇ ਤੋਂ ਪਰਤਦਿਆਂ ਕਿਸਾਨ ਆਗੂ ਅਤੇ ਉੱਘੇ ਸਮਾਜ ਸੇਵਕ ਤਲਵਿੰਦਰ ਹੀਰ ਨੰਗਲ ਖਿਡਾਰੀਆਂ ਨੇ ਦੱਸਿਆ ਕਿ ਮੇਲੇ ਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ ਨੇ ਲੋਕਾਂ ਦੇ ਮਨਾਂ ਵਿੱਚ ਚੇਤਨਾ ਦੇ ਚਿਰਾਗ ਜਗਾਏ। ਉਨ੍ਹਾਂ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਲਾ, ਇਤਿਹਾਸ ਅਤੇ ਸਮਾਜ ਦੀ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਗੁਰਸ਼ਰਨ ਸਿੰਘ ਦਾ ਨਾਟਕ ਅਸੀਂ ਯੁੱਗ ਸਿਰਜਾਂਗੇ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਤੂੰ ਬੁੱਲ੍ਹੇ ਵਾਂਗੂੰ ਬੋਲ ਅਤੇ ਸੀਸ ਤਲੀ ਤੇ ਨਾਟਕਾਂ ਨੇ ਸਮਾਜਿਕ ਸਰੋਕਾਰਾਂ ਨੂੰ ਉਭਾਰਿਆ। ਅਮੋਲਕ ਸਿੰਘ ਦਾ ਲਿਖਿਆ ਸੰਗੀਤ ਨਾਟ ਓਪੇਰਾ ਬਦਲ ਦਿਓ ਸਮਾਜ ਸੌ ਤੋਂ ਵੱਧ ਕਲਾਕਾਰਾਂ ਨੇ ਪੇਸ਼ ਕੀਤਾ। ਵੱਖ-ਵੱਖ ਕਵੀਸ਼ਰੀ ਜਥਿਆਂ, ਲੋਕ ਸੰਗੀਤ ਮੰਡਲੀਆਂ ਅਤੇ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਸਮਾਜਿਕ ਬੁਰਾਈਆਂ ਤੇ ਵਿਅੰਗ ਕੱਸੇ। ਮੇਲੇ ਦੇ ਅੰਤ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਕਿਤਾਬਾਂ ਵੀ ਖਰੀਦੀਆਂ।