ਡਾ. ਚੌਹਾਨ ਯਾਦਗਾਰੀ ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ ਲਾਇਆ ਇਤਿਹਾਸਕ ਗੁਰਦੁਆਰਾ ਪੁਲ ਪੁਖਤਾ ਸਾਹਿਬ ਵਿਖੇ ਡਾ. ਚੌਹਾਨ ਯਾਦਗਾਰੀ ਅੱਖਾਂ ਦਾ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਾਇਆ
Publish Date: Mon, 23 Nov 2026 05:37 PM (IST)
Updated Date: Mon, 23 Nov 2026 05:40 PM (IST)
ਅੰਮ੍ਰਿਤਪਾਲ ਬਾਜਵਾ, ਪੰਜਾਬੀ ਜਾਗਰਣ ਟਾਂਡਾ ਉੜਮੁੜ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਡਾ. ਮਨਪ੍ਰੀਤ ਸਿੰਘ ਚੌਹਾਨ ਦੀ ਯਾਦ ਵਿੱਚ ਅਮਰੀਕਾ ਦੀ ਸਮਾਜ ਸੇਵੀ ਸੰਸਥਾ ਯੂਨਾਈਟਿਡ ਸਿੱਖ ਮਿਸ਼ਨ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਪੁਲ ਪੁਖਤਾ ਸਾਹਿਬ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਾਇਆ ਗਿਆ। ਚੇਅਰਮੈਨ ਰਛਪਾਲ ਸਿੰਘ ਢੀਂਡਸਾ ਅਤੇ ਹਰਮੀਤ ਸਿੰਘ ਔਲਖ ਦੀ ਅਗਵਾਈ ਹੇਠ ਲੱਗੇ ਕੈਂਪ ਦਾ ਉਦਘਾਟਨ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਹੈੱਡ ਗ੍ਰੰਥੀ ਗਿਆਨੀ ਜਗਦੀਪ ਸਿੰਘ ਨੇ ਕੀਤਾ। ਉਨ੍ਹਾਂ ਡਾ. ਚੌਹਾਨ ਦੇ ਪਰਿਵਾਰ ਅਤੇ ਸੰਸਥਾ ਵੱਲੋਂ ਹਰ ਸਾਲ ਉਨ੍ਹਾਂ ਦੀ ਯਾਦ ਵਿੱਚ ਕੀਤੇ ਜਾਂਦੇ ਪਰਉਪਕਾਰੀ ਕਾਰਜਾਂ ਦੀ ਸ਼ਲਾਘਾ ਕੀਤੀ। ਦਿਲਬਾਗ ਸਿੰਘ ਚੌਹਾਨ ਅਤੇ ਪਰਮਪ੍ਰੀਤ ਕੌਰ ਚੌਹਾਨ ਦੇ ਵਿਸ਼ੇਸ਼ ਸਹਿਯੋਗ ਨਾਲ ਲੱਗੇ ਕੈਂਪ ਵਿੱਚ ਡਾ. ਪਿਯੂਸ਼ ਸੂਦ ਦੀ ਟੀਮ ਨੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਤੇ ਐਨਕਾਂ ਵੰਡੀਆਂ। ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਦੌਰਾਨ ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਹਸਪਤਾਲ ਵਿੱਚ ਮੁਫ਼ਤ ਕੀਤੇ ਜਾਣਗੇ ਅਤੇ ਲੈਂਜ਼ ਵੀ ਪਾਏ ਜਾਣਗੇ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸੰਸਥਾ ਅਤੇ ਪ੍ਰਬੰਧਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜੀਵਨ ਜੋਤ ਕੌਰ ਔਲਖ, ਸੁਖਵਿੰਦਰ ਸਿੰਘ ਖਾਲਸਾ, ਅਵਤਾਰ ਸਿੰਘ, ਹਰਭਜਨ ਸਿੰਘ, ਸਤਨਾਮ ਸਿੰਘ ਪਟਵਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ।