- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਨੇ ਆਪਣੇ ਜੋਧਾਮਲ ਰੋਡ ਸਥਿਤ ਨਿਵਾਸ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦੋ ਦਿਨ ਤੱਕ ਚੱਲੀ ਕਾਰਵਾਈ ਤੋਂ ਬਾਅਦ ਮੰਗਲਵਾਰ ਨੂੰ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਕਰੀਬ 42 ਘੰਟੇ ਤੱਕ ਚੱਲੀ ਪੁੱਛਗਿੱਛ ਅਤੇ ਜਾਂਚ ਦੌਰਾਨ ਅਧਿਕਾਰੀਆਂ ਨੂੰ ਕੁਝ ਵੀ ਨਹੀਂ ਮਿਲਿਆ।

ਹਜ਼ਾਰੀ ਲਾਲ, ਜਾਗਰਣ, ਹੁਸ਼ਿਆਰਪੁਰ : ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਨੇ ਆਪਣੇ ਜੋਧਾਮਲ ਰੋਡ ਸਥਿਤ ਨਿਵਾਸ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦੋ ਦਿਨ ਤੱਕ ਚੱਲੀ ਕਾਰਵਾਈ ਤੋਂ ਬਾਅਦ ਮੰਗਲਵਾਰ ਨੂੰ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਕਰੀਬ 42 ਘੰਟੇ ਤੱਕ ਚੱਲੀ ਪੁੱਛਗਿੱਛ ਅਤੇ ਜਾਂਚ ਦੌਰਾਨ ਅਧਿਕਾਰੀਆਂ ਨੂੰ ਕੁਝ ਵੀ ਨਹੀਂ ਮਿਲਿਆ। ਨਾ ਤਾਂ ਕੋਈ ਨਕਦੀ ਮਿਲੀ ਅਤੇ ਨਾ ਹੀ ਕੋਈ ਅਜਿਹਾ ਦਸਤਾਵੇਜ਼ ਜਾਂ ਹੋਰ ਸਾਮਾਨ ਮਿਲਿਆ, ਜਿਸ ਨੂੰ ਈਡੀ ਦੀ ਟੀਮ ਆਪਣੇ ਨਾਲ ਲੈ ਕੇ ਗਈ ਹੋਵੇ।
ਅਰੋੜਾ ਨੇ ਦਾਅਵਾ ਕੀਤਾ ਕਿ ਅਧਿਕਾਰੀਆਂ ਨੇ ਉਨ੍ਹਾਂ ਤੋਂ ਵੱਖ-ਵੱਖ ਦਸਤਾਵੇਜ਼ ਮੰਗੇ ਸਨ, ਜੋ ਉਨ੍ਹਾਂ ਵੱਲੋਂ ਮੁਹੱਈਆ ਕਰਵਾ ਦਿੱਤੇ ਗਏ। ਇਨ੍ਹਾਂ ਵਿੱਚ ਵਿਜੀਲੈਂਸ ਅਤੇ ਇਨਕਮ ਟੈਕਸ ਵਿਭਾਗ ਦੀਆਂ ਪਹਿਲਾਂ ਹੋਈਆਂ ਜਾਂਚਾਂ ਨਾਲ ਸਬੰਧਤ ਰਿਪੋਰਟਾਂ ਵੀ ਸ਼ਾਮਲ ਸਨ। ਉਨ੍ਹਾਂ ਅਨੁਸਾਰ ਵਿਜੀਲੈਂਸ ਪਹਿਲਾਂ ਹੀ ਜਾਂਚ ਕਰ ਚੁੱਕੀ ਹੈ ਅਤੇ ਇਨਕਮ ਟੈਕਸ ਵਿਭਾਗ ਦੀ ਜਾਂਚ ਵਿੱਚ ਵੀ ਕੁਝ ਸਾਹਮਣੇ ਨਹੀਂ ਆਇਆ ਸੀ। ਹੁਣ ਈਡੀ ਨੇ ਵੀ ਦੋ ਦਿਨ ਤੱਕ ਉਨ੍ਹਾਂ ਦੇ ਘਰ ਜਾਂਚ ਕੀਤੀ, ਪਰ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ।
ਅਰੋੜਾ ਨੇ ਈਡੀ ਦੀ ਕਾਰਵਾਈ ਨੂੰ ਸਿਆਸੀ ਘਟਨਾਕ੍ਰਮ ਨਾਲ ਜੋੜਦਿਆਂ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਹੀ ਕੇਂਦਰੀ ਜਾਂਚ ਏਜੰਸੀਆਂ ਦੀ ਸਰਗਰਮੀ ਵਧ ਜਾਂਦੀ ਹੈ। ਉਨ੍ਹਾਂ ਇਸ ਨੂੰ ਆਪਣੇ ਸਿਆਸੀ ਗ੍ਰਾਫ਼ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸ਼ਾਹਕੋਟ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਪਿਆਰ ਅਤੇ ਸਮਰਥਨ ਮਿਲ ਰਿਹਾ ਹੈ ਅਤੇ ਅਜਿਹੀਆਂ ਕਾਰਵਾਈਆਂ ਤੋਂ ਉਹ ਘਬਰਾਉਣ ਵਾਲੇ ਨਹੀਂ ਹਨ।
ਪਲਾਟ ਅਲਾਟਮੈਂਟ ਮਾਮਲੇ ’ਚ ਵੀ ਦਿੱਤੀ ਸਫ਼ਾਈ
ਪਲਾਟ ਅਲਾਟਮੈਂਟ ਨਾਲ ਜੁੜੇ ਮਾਮਲੇ ਬਾਰੇ ਅਰੋੜਾ ਨੇ ਕਿਹਾ ਕਿ ਜਦੋਂ ਉਹ ਕੌਂਸਲਰ ਬਣੇ ਸਨ, ਉਸ ਸਮੇਂ ਉਨ੍ਹਾਂ ਖ਼ਿਲਾਫ਼ ਕਿਸੇ ਪਲਾਟ ਦੀ ਅਲਾਟਮੈਂਟ ਦਾ ਕੋਈ ਮਾਮਲਾ ਹੀ ਨਹੀਂ ਸੀ। ਉਨ੍ਹਾਂ ਸਵਾਲ ਉਠਾਇਆ ਕਿ ਕਰੀਬ ਪੰਜ ਸਾਲ ਬਾਅਦ ਇਸ ਸਬੰਧੀ ਪੁੱਛਗਿੱਛ ਕਰਨ ਦਾ ਕੀ ਔਚਿਤ ਹੈ। ਉਨ੍ਹਾਂ ਦੱਸਿਆ ਕਿ ਈਡੀ ਦੇ ਅਧਿਕਾਰੀਆਂ ਨੇ ਦੁਬਾਰਾ ਪੁੱਛਗਿੱਛ ਲਈ ਕੋਈ ਤਰੀਕ ਨਹੀਂ ਦਿੱਤੀ ਹੈ। ਜੇਕਰ ਭਵਿੱਖ ਵਿੱਚ ਕਿਸੇ ਹੋਰ ਦਸਤਾਵੇਜ਼ ਦੀ ਲੋੜ ਪੈਂਦੀ ਹੈ ਤਾਂ ਉਹ ਮੁਹੱਈਆ ਕਰਵਾਉਣ ਲਈ ਤਿਆਰ ਹਨ। ਅਰੋੜਾ ਨੇ ਸਪੱਸ਼ਟ ਕਿਹਾ ਕਿ ਉਹ ਕਿਸੇ ਵੀ ਜਾਂਚ ਤੋਂ ਨਹੀਂ ਡਰਦੇ। ਉਨ੍ਹਾਂ ਕਿਹਾ ਕਿ ਉਹ ਕਾਂਗਰਸੀ ਹੈ, ਕਾਂਗਰਸੀ ਰਹਾਂਗਾ ਅਤੇ ਕਾਂਗਰਸੀ ਹੀ ਮਰਾਂਗਾ। ਕੋਈ ਵੀ ਜਾਂਚ ਏਜੰਸੀ ਉਨ੍ਹਾਂ ਨੂੰ ਡਰਾ ਨਹੀਂ ਸਕਦੀ।