- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਰਟ ਰਾਸ਼ਨ ਕਾਰਡ ਲਈ ਜਿਲ੍ਹੇ ਦੇ 155 ਅਧਿਆਪਕਾਂ ਦੀ ਡਿਊਟੀ ਨੂੰ ਲੈ ਕੇ ਰੱਫ਼ੜ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਆਪਣੇ ਸਿੱਖਿਆ ਵਿਭਾਗ ਦੀਆਂ ਡੀਂਗਾਂ ਮਾਰਨ ਵਾਲੀ ਸਰਕਾਰ ਨੇ ਹੁਸ਼ਿਆਰਪੁਰ ਵਿਧਾਨ ਸਭਾ ਅਧੀਨ ਪੈਂਦੇ ਪੰਜ ਦਰਜਨ ਸਕੂਲਾਂ ਦੇ 155 ਅਧਿਆਪਕਾਂ ਦੀ ਡਿਊਟੀ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ 2013 ਅਧੀਨ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਮੌਜੂਦਾ ਰਾਸ਼ਨ ਕਾਰਡਾਂ ਵਿਚ ਮੈਂਬਰ ਸ਼ਾਮਲ ਕਰਨ ਸਬੰਧੀ ਐੱਸਡੀਐੱਮ ਹੁਸ਼ਿਆਰਪੁਰ ਦੇ ਦਫ਼ਤਰ ਵੱਲੋਂ ਪੱਤਰ ਜਾਰੀ ਕਰ ਕੇ ਲਗਾਈ ਗਈ ਹੈ। ਇਸ ਪੱਤਰ ਨਾਲ ਸਰਕਾਰੀ ਐਲੀਮੈਂਟਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਵੱਲੋਂ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਅਧਿਆਪਕ ਯੂਨੀਅਨ ਨਾਲ ਸਬੰਧਿਤ ਆਗੂਆਂ ਵੱਲੋਂ ਡਿਊਟੀ ਨਾ ਦੇਣ ਦਾ ਐਲਾਨ ਵੀ ਕਰ ਦਿੱਤੀ ਹੈ।
ਕੀ ਹੈ ਮਾਮਲਾ : ਉਪ ਮੰਡਲ ਮੈਜਿਸਟ੍ਰੇਟ ਹੁਸ਼ਿਆਰਪੁਰ ਨੇ ਇੱਕ ਪੱਤਰ ਨੰਬਰ 3290-92 ਜਾਰੀ ਕਰ ਕੇ/ ਐੱਸਡੀਏ 17 ਸਤੰਬਰ ਨੂੰ ਜਾਰੀ ਕਰ ਕੇ ਪੰਜ ਦਰਜਨ ਸਕੂਲਾਂ ਦੇ 155 ਅਧਿਆਪਕਾਂ ਦੀ ਡਿਊਟੀ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ 2013 ਅਧੀਨ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਮੌਜੂਦਾ ਰਾਸ਼ਨ ਕਾਰਡਾਂ ਵਿਚ ਮੈਂਬਰ ਸ਼ਾਮਲ ਕਰਨ ਸਬੰਧੀ ਡਿਊਟੀ ਲਗਾਈ ਹੈ। ਐੱਸਡੀਐੱਮ ਦਫ਼ਤਰ ਵੱਲੋਂ ਜਿਹੜੀ 155 ਅਧਿਆਪਕਾਂ ਦੀ ਲਿਸਟ ਜਾਰੀ ਕੀਤੀ ਹੈ, ਉਸ ਅਨੁਸਾਰ ਪੰਜ ਦਰਜਨ ਤੋਂ ਵੱਧ ਸਕੂਲਾਂ ਵਿਚ ਅਜਿਹੇ ਸਕੂਲ ਵੀ ਹਨ, ਜਿਨ੍ਹਾਂ ਵਿਚ ਚਾਰ ਤੋਂ 9 ਅਧਿਆਪਕਾਂ ਦੀ ਇੱਕ ਹੀ ਸਕੂਲ ਵਿੱਚੋਂ ਡਿਊਟੀ ਲਗਾਈ ਗਈ ਹੈ। ਪੱਤਰ ਅਨੁਸਾਰ ਰਾਸ਼ਨ ਕਾਰਡਾਂ ਦੀ ਪੜਤਾਲ ਕਰਨ ਲਈ ਵੱਖਰੇ ਅਫ਼ਸਰ ਵੀ ਨਿਯੁਕਤ ਕੀਤੇ ਗਏ, ਜਿਨ੍ਹਾਂ ਨੂੰ ਟ੍ਰੇਨਿੰਗ ਦੇ ਕੇ ਪਿੰਡਾਂ ਵਿਚ ਭੇਜਿਆ ਜਾ ਰਿਹਾ ਹੈ। ਟ੍ਰੇਨਿੰਗ ਤੋਂ ਬਾਅਦ ਅਧਿਆਪਕ ਆਪਣਾ ਕੰਮ ਸ਼ੁਰੂ ਕਰਨਗੇ। ਪੱਤਰ ਅਨੁਸਾਰ ਅਣਗਹਿਲੀ ਜਾਂ ਲਾਪ੍ਰਵਾਹੀ ਕਰਨ ਵਾਲੇ ਅਧਿਆਪਕਾਂ ਵਿਰੁੱਧ ਕਾਰਵਾਈ ਕਰਨ ਦੀ ਠੰਢੀ ਧਮਕੀ ਦਿੱਤੀ ਗਈ ਹੈ।
30 ਰੁਪਏ ਪ੍ਰਤੀ ਰਾਸ਼ਨ ਕਾਰਡ ਮਿਲਣਗੇ : ਪੱਤਰ ਅਨੁਸਾਰ ਡਿਊਟੀ ਦੇਣ ਵਾਲੇ ਹਰ ਅਧਿਆਪਕ ਨੂੰ 30 ਰੁਪਏ ਪ੍ਰਤੀ ਕਾਰਡ ਦਿੱਤੇ ਜਾਣਗੇ। ਅਧਿਆਪਕ ਵਿਧਾਨ ਸਭਾ ਅਧੀਨ ਪੈਂਦੇ ਹਰ ਪਿੰਡ ਦੇ ਹਰ ਘਰ ਵਿਚ ਪਹੁੰਚ ਕਰ ਕੇ ਰਾਸ਼ਨ ਕਾਰਡਾਂ ਦੀ ਪੜਤਾਲ ਕਰਨਗੇ। ਇਸ ਕੰਮ ਲਈ ਕਿੰਨੇ ਦਿਨ ਲੱਗਣਗੇ, ਇਸ ਸਬੰਧੀ ਪੱਤਰ ਵਿਚ ਕੋਈ ਹਦਾਇਤ ਨਹੀਂ ਦਿੱਤੀ ਗਈ ਹੈ।
2 ਤੋਂ ਲੈ ਕੇ 9 ਅਧਿਆਪਕ : ਐੱਸਡੀਐੱਮ ਦਫ਼ਤਰ ਵੱਲੋਂ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੂੰ ਲਿਖ਼ੇ ਪੱਤਰ ਵਿਚ ਜਿਹੜੀ 155 ਅਧਿਆਪਕਾਂ ਦੀ ਲਿਸਟ ਭੇਜੀ ਗਈ ਹੈ, ਉਸ ਵਿਚ ਬਹੁਤੇ ਸਕੂਲਾਂ ਵਿੱਚੋਂ 2 ਤੋਂ ਲੈ ਕੇ 9 ਤੱਕ ਅਧਿਆਪਕਾਂ ਦੇ ਨਾਮ ਦਿੱਤੇ ਗਏ ਹਨ, ਜਿਸ ਕਾਰਨ ਸਕੂਲਾਂ ਵਿਚ ਪਹਿਲਾਂ ਤੋਂ ਹੀ ਚੱਲ ਰਹੀ ਅਧਿਆਪਕਾਂ ਦੀ ਘੱਟ ਗਿਣਤੀ ਕਾਰਨ ਸਕੂਲ ਖ਼ਾਲ੍ਹੀ ਹੋ ਜਾਣਗੇ। ਕੁੱਝ ਅਧਿਆਪਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਦੇ ਵਿਸ਼ੇ ਨਾਲ ਸਬੰਧਿਤ ਸਿਲੇਬਸ ਵੀ ਪੱਛੜ ਜਾਵੇਗਾ ਅਤੇ ਹਰ ਮਹੀਨੇ ਸਕੂਲ ਦੀ ਜਾਣ ਵਾਲੀ ਰਿਪੋਰਟਰ ਵਿਚ ਉਨ੍ਹਾਂ ਨੂੰ ਸਿਲੇਬਸ ਖ਼ਤਮ ਕਰਨ ਲਈ ਪਰੇਸ਼ਾਨੀ ਆਵੇਗੀ।
ਅਧਿਆਪਕ ਯੂਨੀਅਨਾਂ ਨੇ ਕੀਤਾ ਇਨਕਾਰ : ਇਸ ਸਬੰਧੀ ਅਧਿਆਪਕ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਹੋਰਨਾਂ ਬਲਾਕਾਂ ਵਿਚ ਵੀ ਡਿਊਟੀਆਂ ਲੱਗੀਆਂ ਹਨ ਪਰ ਉੱਥੋਂ ਦੇ ਸਬੰਧਿਤ ਉਪ ਮੰਡਲਾਂ ਵੱਲੋਂ ਹੋਰਨਾਂ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਹਨ, ਜਦਿਕ ਹੁਸ਼ਿਆਰਪੁਰ ਵਿਚ ਇਹ ਜ਼ਿੰਮੇਵਾਰੀ ਅਧਿਆਪਕਾਂ ਨੂੰ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਪਹਿਲਾਂ ਹੀ ਐੈੱਸਆਈਆਰ ਦੀ ਡਿਊਟੀ ਵਿਚ ਮਸ਼ਰੂਫ ਹਨ ਅਤੇ ਹੁਣ ਨਾਲ ਹੀ ਇਹ ਨਵੀਂ ਡਿਊਟੀ ਦੇ ਦਿੱਤੀ ਹੈ, ਜਿਸ ਕਾਰਨ ਉਹ ਇਹ ਡਿਊਟੀ ਨਹੀਂ ਦੇਣਗੇ।
ਕੀ ਕਹਿੰਦੇ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ : ਇਸ ਸਬੰਧੀ ਜ਼ਿਲ੍ਹਾ ਸਿੱਖਿਆ ਐਲੀਮੈਂਟਰੀ ਅਮਨਦੀਪ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਆਪਣੇ ਉੱਚ ਅਧਿਕਾਰੀਆਂ ਨੂੰ ਪਹਿਲਾਂ ਹੀ ਡਿਊਟੀ ਨਾ ਦੇਣ ਬਾਰੇ ਦੱਸ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਕੀ ਬਲਾਕਾਂ ਦੀ ਤਰ੍ਹਾਂ ਇੱਥੇ ਵੀ ਹੋਰਨਾ ਵਿਭਾਗਾਂ ਦੇ ਕਰਮਚਾਰੀ ਲਗਾਏ ਜਾਣ। ਉਨ੍ਹਾਂ ਕੋਲ ਤਾਂ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਹੈ।