ਮਹੰਤ ਗੌਰੀ ਵੱਲੋਂ ਨਸ਼ਾ ਵਿਕਣ ਦੀ ਵਾਇਰਲ ਵੀਡੀਓ ਨੇ ਮਚਾਈ ਤਰਥੱਲੀ ਮਹੰਤ ਗੌਰੀ ਵਲੋਂ ਨਸ਼ਾ ਵਿਕਣ ਦੀ ਵਾਇਰਲ ਵੀਡੀਓ ਨੇ ਮਚਾਈ ਤਰਥੱਲੀ
Publish Date: Sat, 29 Aug 2026 05:37 PM (IST)
Updated Date: Sat, 29 Aug 2026 05:40 PM (IST)
- ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕਰਨ ’ਤੇ ਖ਼ੁਦ ਕਾਰਵਾਈ ਦੀ ਦਿੱਤੀ ਚਿਤਾਵਨੀ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਨਸ਼ਾ ਤਸਕਰੀ ਲਈ ਬਦਨਾਮ ਸ਼ਹਿਰ ਦੇ ਮੁਹੱਲਾ ਪ੍ਰੇਮਗੜ੍ਹ ਵਿਚ ਇੱਕ ਹਫ਼ਤਾ ਪਹਿਲਾਂ ਨਸ਼ੇ ਨਾਲ ਇੱਕ ਕੋਠਠੇ ’ਤੇ ਮਰੇ ਨੌਜਵਾਨ ਦੀਆਂ ਖ਼ਬਰਾਂ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਅੱਜ ਇੱਕ ਮਹੰਤ ਨੇ ਨਸ਼ਾ ਖ਼ਰੀਦਣ ਦੀ ਵੀਡੀਓ ਜਾਰੀ ਕਰ ਕੇ ਤਰਥੱਲੀ ਮਚਾ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਕੀ ਹੈ ਮਾਮਲਾ : ਹੁਸ਼ਿਆਰਪੁਰ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਵੱਸਦੇ ਮੁਹੱਲਾ ਪ੍ਰੇਮਗੜ੍ਹ ਦੀਆਂ ਗਲੀਆਂ ਦੀ ਬਣਤਰ ਕੁੱਝ ਇਸ ਤਰ੍ਹਾਂ ਹੈ ਕਿ ਇੱਥੋਂ ਹਰ ਗਲੀ ਸ਼ਹਿਰ ਦੇ ਚਾਰੇ ਪਾਸੇ ਨੂੰ ਨਿਕਲ ਜਾਂਦੀ ਹੈ। ਇਸ ਮੁਹੱਲੇ ਦੇ ਮੱਧ ਵਿਚ ਇੱਕ ਧਾਰਮਿਕ ਅਸਥਾਨ ਨਜ਼ਦੀਕ ਬਣਿਆ ਚੌਕ ਨਸ਼ਾ ਤਸਕਰਾਂ ਦਾ ਪਸੰਦੀਦਾ ਸਥਾਨ ਹੈ। ਇਸ ਚੌਕ ਦੇ ਆਸ-ਪਾਸ ਚੜ੍ਹਦੇ ਪਾਸੇ ਦੀ ਗਲੀ ਵਿਚ ਦੋ ਚਾਰ ਦੁਕਾਨਦਾਰ ਵੀ ਨਸ਼ਾ ਤਸਕਰੀ ਵਿਚ ਸ਼ਾਮਲ ਹਨ। ਇਸ ਮੁਹੱਲੇ ਵਿਚ ਹੀ ਕਈ ਵਾਰ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕਰ ਕੇ ਵੱਡੀ ਮਾਤਰਾ ਵਿਚ ਵੀ ਨਸ਼ਾ ਫ਼ੜਿਆ ਹੈ। ਤਿੰਨ ਕੁ ਸਾਲ ਪਹਿਲਾਂ ਆਗਰਾ ਤੋਂ ਸਪਲਾਈ ਹੁੰਦੇ ਕੋਰੀਅਰ ਪਾਰਸਲਾਂ ਵਿਚ ਨਸ਼ੀਲੇ ਕੈਪਸੂਲ ਮਿਲਣ ਦੇ ਤਾਰ ਵੀ ਇਸੇ ਮੁਹੱਲੇ ਨਾਲ ਜੁੜੇ ਹੋਏ ਸਨ। ਹੁਸ਼ਿਆਰਪੁਰ ਸ਼ਹਿਰ ਦੀ ਚਰਚਿਤ ਮਹੰਤ ਗੌਰੀ ਨੇ ਮੁਹੱਲੇ ਦੇ ਰਾਜੂ ਨਾਮਕ ਇੱਕ ਆਟੋ ਚਾਲਕ ਇੱਕ ਹਜ਼ਾਰ ਰੁਪਏ ਦਾ ਚਿੱਟਾ ਨਸ਼ੀਲਾ ਪਾਊਡਰ ਖ਼ਰੀਦ ਕੇ ਵੀਡੀਓ ਜਾਰੀ ਕਰ ਕੇ ਕਿਹਾ ਕਿ ਮੁਹੱਲੇ ਵਿਚ ਨਸ਼ੀਲਾ ਪਦਾਰਥ ਆਮ ਮਿਲਦਾ ਹੈ। ਉਸ ਨੇ ਨਸ਼ੇ ਦੀ ਖ਼ਰੀਦੀ ਹੋਈ ਵੀਡੀਓ ਵਿਚ ਦਿਖ਼ਾਉਂਦੇ ਹੋਏ ਕਿਹਾ ਕਿ ਉਸ ਨੇ ਇਹ ਨਸ਼ੀਲਾ ਪਦਾਰਥ ਆਟੋ ਚਾਲਕ ਰਾਜੂ ਕੋਲੋਂ ਇੱਕ ਹਜ਼ਾਰ ਰੁਪਏ ਦਾ ਖ਼ਰੀਦਿਆ ਹੈ। ਉਸ ਨੇ ਕਿਹਾ ਕਿ ਉਹ ਨਸ਼ਾ ਨਹੀਂ ਕਰਦੀ ਪਰ ਨਸ਼ਾ ਖ਼ਰੀਦਣ ਦਾ ਮਤਲਬ ਸਿਰਫ਼ ਪੁਲਿਸ ਅਤੇ ਪ੍ਰਸ਼ਾਸਨ ਨੂੰ ਦਿਖ਼ਾਉਣ ਸੀ ਕਿ ਮੁਹੱਨਾ ਪ੍ਰੇਮਗੜ੍ਹ ਵਿਚ ਨਸ਼ਾ ਖ਼ਰੀਦਣਾ ਬਹੁਤ ਆਸਾਨ ਹੈ। ਉਸ ਨੇ ਲੋਕਾਂ ਅਤੇ ਪੁਲਿਸ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਤੁਰੰਤ ਕਾਰਵਾਈ ਨਾ ਕੀਤੀ ਤਾਂ ਉਹ ਆਪਣੇ ਪੱਧਰ ’ਤੇ ਹੀ ਨਸ਼ਾ ਬੰਦ ਕਰਵਾਉਣ ਲਈ ਕਾਰਵਾਈ ਸ਼ੁਰੂ ਕਰ ਦੇਵੇਗੀ। ਪੁਲਿਸ ਨੂੰ ਪਈ ਹੱਥਾਂ-ਪੈਰਾਂ ਦੀ : ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਟੀ ਪੁਲਿਸ ਅਤੇ ਸ਼ਹਿਰ ਦੇ ਥਾਣਿਆਂ ਦੀ ਪੁਲਿਸ ਵਿਚ ਤਰਥੱਲੀ ਮਚ ਗਈ। ਉਨ੍ਹਾਂ ਤੁਰੰਤ ਟੀਮਾਂ ਬਣਾ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਖ਼ਬਰ ਲਿਖ਼ੇ ਜਾਣ ਤੱਕ ਪੁਲਿਸ ਵੱਲੋਂ ਰਾਜੂ ਦੀ ਭਾਲ ਲਈ ਨਾਕਾਬੰਦੀ ਕਰ ਕੇ ਛਾਪੇਮਾਰੀ ਕੀਤੀ ਜਾ ਰਹੀ ਸੀ। ਇਸ ਸਬੰਧੀ ਡੀਐੱਸਪੀ ਕੁਲਭੂ਼ਸਨ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਤੁਰੰਤ ਹਰਕਤ ਵਿਚ ਆ ਕੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਰਾਜੂ ਨੂੰ ਜਲਦੀ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਾਮ ਤੱਕ ਦਰਜ ਮਾਮਲੇ ਦੀ ਕਾਪੀ ਵੀ ਪੱਤਰਕਾਰਾਂ ਨੂੰ ਮਿਲ ਜਾਵੇਗੀ।