500 ਡਰੋਨ ਨਾਲ ਜਗਮਗਾਇਆ ਦਸੂਹਾ ਸ਼ਹਿਰ 500 ਡਰੋਨ ਨਾਲ ਜਗਮਗਾਇਆ ਦਸੂਹਾ ਸ਼ਹਿਰ
Publish Date: Tue, 15 Sep 2026 03:36 PM (IST)
Updated Date: Tue, 15 Sep 2026 03:38 PM (IST)
- ਸਮਾਗਮਾਂ ਲਈ ਪੰਜਾਬ ਸਰਕਾਰ ਨੇ 100 ਕਰੋੜ ਰੁਪਏ ਰਾਖਵੇਂ ਰੱਖੇ ਰਜਿੰਦਰ ਸਿੰਘ, ਪੰਜਾਬੀ ਜਾਗਰਣ ਦਸੂਹਾ : ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਦਸੂਹਾ ਵਿਖੇ ਸ਼ਾਨਦਾਰ ਡਰੋਨ ਸ਼ੋਅ ਕਰਾਇਆ ਗਿਆ, ਜਿਸ ਵਿੱਚ 500 ਡਰੋਨਾਂ ਨੇ ਅਸਮਾਨ ਨੂੰ ਰੁਸ਼ਨਾਉਂਦਿਆਂ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਬਾਕਮਾਲ ਪੇਸ਼ਕਾਰੀ ਕੀਤੀ। ਇਸ ਨਿਵੇਕਲੇ ਏਰੀਅਲ ਸ਼ੋਅ ਰਾਹੀਂ ਤਕਨਾਲੋਜੀ ਅਤੇ ਅਧਿਆਤਮਿਕਤਾ ਦਾ ਸੁਮੇਲ ਭਾਰੀ ਗਿਣਤੀ ਵਿੱਚ ਮੌਜੂਦ ਸੰਗਤ ਨੇ ਬਹੁਤ ਹੀ ਭਾਵਨਾ ਨਾਲ ਦੇਖਿਆ। ਸ਼ੋਅ ਦੌਰਾਨ 500 ਡਰੋਨਾਂ ਰਾਹੀਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਸਫ਼ੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ। ਇਸ ਮੌਕੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਕਿ ਇਹ ਸ਼ਾਨਦਾਰ ਡਰੋਨ ਸ਼ੋਅ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਢੁੱਕਵੀਂ ਸ਼ਰਧਾਂਜਲੀ ਹੈ ਅਤੇ ਉਨ੍ਹਾਂ ਦੇ ਸਦੀਵੀ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਨਿਵੇਕਲਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਡਰੋਨ ਸ਼ੋਅ ਨਹੀਂ, ਸਗੋਂ ਨਵੀਂ ਪੀੜ੍ਹੀ ਲਈ ਗੁਰੂ ਜੀ ਦੇ ਬਰਾਬਰੀ ਅਤੇ ਮਨੁੱਖੀ ਸਨਮਾਨ ਦੇ ਸੰਦੇਸ਼ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਹੈ, ਜਿਸ ਤੋਂ ਸਾਰਿਆਂ ਨੂੰ ਗੁਰੂ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਤਹਿਤ ਸੂਬੇ ਭਰ ਵਿੱਚ 92 ਡਰੋਨ ਸ਼ੋਅ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮਾਂ ਲਈ 100 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਆਧਾਰਿਤ ਡਾਕੂਮੈਂਟਰੀ ਸ਼ੋਅ 13,000 ਪਿੰਡਾਂ ਵਿੱਚ ਦਿਖਾਏ ਜਾ ਰਹੇ ਹਨ, ਜਿਸ ਰਾਹੀਂ ਗੁਰੂ ਜੀ ਦਾ ਸੰਦੇਸ਼ ਜ਼ਮੀਨੀ ਪੱਧਰ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੂਬੇ ਭਰ ਦੇ ਵਿੱਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਲਈ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਆਧਾਰਿਤ ਸੈਮੀਨਾਰ ਵੀ ਕਰਵਾਏ ਜਾ ਰਹੇ ਹਨ। ਸਮਾਗਮ ਦੌਰਾਨ ਸੰਤ ਜਸਪਾਲ ਸਿੰਘ, ਬਾਬਾ ਸੁਖਵਿੰਦਰ ਸਿੰਘ, ਸੰਤ ਰਾਮ ਗਿਰੀ, ਸੰਤ ਨਰੇਸ਼ ਗਿਰ, ਸੰਤ ਪ੍ਰੇਮ ਦਾਸ, ਸੰਤ ਬਿਸ਼ਨ ਦਾਸ, ਸੰਤ ਸਰਬਜੀਤ ਗਿਰ ਅਤੇ ਸੰਤ ਪਰਮਿੰਦਰ ਸਿੰਘ ਵੀ ਉਚੇਚੇ ਤੋਰ ‘ਤੇ ਮੌਜੂਦ ਸਨ।