- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲੇ ਮੀਂਹ ਦਾ ਭਾਰ ਨਾ ਝੱਲ ਸਕਿਆ ਸ਼ਿਮਲਾ ਪਹਾੜੀ ਦਾ ਡੇਢ ਕਰੋੜੀ ਪ੍ਰੋਜੈਕਟ

- ਸਾਲਾਂ ਪੁਰਾਣੀ ਸਮੱਸਿਆ ਜਿਉਂ ਦੀ ਤਿਉਂ, ਸ਼ਹਿਰ ਹੋਇਆ ਜਲਥਲ
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : 2025 ਵਿਚ ਸ਼ਹਿਰ ਦੇ ਵੱਡੇ ਅਤੇ ਪੁਰਾਣੇ ਹਿੱਸੇ ਵਿੱਚੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਸ਼ਿਮਲਾ ਪਹਾੜੀ ਚੌਕ ਵਿਚ ਸੀਵਰੇਜ ਬੋਰਡ ਵੱਲੋਂ ਬਣਾਇਆ ਗਿਆ ਇੱਕ ਕਰੋੜ 58 ਲੱਖ ਰੁਪਏ ਦਾ ਪ੍ਰੋਜੈਕਟ ਇਸ ਸਾਲ ਦੀ ਬਾਰਿਸ਼ ਦੇ ਪਹਿਲੇ ਮੀਂਹ ਨੂੰ ਵੀ ਨਾ ਝੱਲ ਸਕਿਆ। ਉਸ ਵੇਲੇ ਇਸ ਦੀ ਸ਼ੁਰੂਆਤ ਵਿਚ ਚੰਡੀਗੜ੍ਹ ਤੋਂ ਭੰਗੀ ਚੋਅ ਤੱਕ ਵਾਇਆ ਬਹਾਦਰਪੁਰ ਤੱਕ ਬਣਾਈ ਗਈ ਨਵੀਂ ਸੜਕ ਨੂੰ ਦੋ ਪੁੱਟ ਕੇ ਨਗਰ ਨਿਗਮ ’ਤੇ ਵੀ ਆਰਥਿਕ ਬੋਝ ਪਾਇਆ ਗਿਆ ਪਰ ਇਸ ਖ਼ੇਤਰ ਵਿਚ ਚੱਲ ਰਹੀ ਪਾਣੀ ਨਿਕਾਸੀ ਦੀ ਸਮੱਸਿਆ ਜਿਉਂ ਦੀ ਤਿਉਂ ਹੀ ਖੜ੍ਹੀ ਹੈ, ਜਿਸ ਦੀ ਤਾਜ਼ਾ ਉਦਾਹਰਨ ਦੇ ਮੀਂਹ ਨੇ ਦਿਖ਼ਾ ਦਿੱਤੀ। ਉਸ ਸਮੇਂ ਇਸ ਦੇ ਉਦਘਾਟਨ ਸਮੇਂ ਹਲਕਾ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਬੜੇ ਜ਼ੋਰ-ਸ਼ੋਰ ਨਾਲ ਦਾਅਵਾ ਕੀਤਾ ਸੀ ਕਿ ਇਸ ਖ਼ੇਤਰ ਵਿਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਹਮੇਸ਼ਾ ਲਈ ਹੋ ਜਾਵੇਗਾ। ਇੱਕ ਕਰੋੜ 58 ਲੱਖ ਦੀ ਲਾਗਤ ਨਾਲ ਬਣਾਏ ਗਏ ਇਸ ਪ੍ਰੋਜੈਕਟ ਦਾ ਮੰਤਵ ਸ਼ਿਮਲਾ ਪਹਾੜੀ ਚੌਕ ਅਤੇ ਆਸ-ਪਾਸ ਦੇ ਮੁਹੱਲਿਆਂ ਅਤੇ ਇਲਾਕਿਆਂ ਵਿਚ ਮੀਂਹ ਦੇ ਖੜ੍ਹੇ ਹੋ ਰਹੇ ਪਾਣੀ ਨੂੰ ਜਲਦੀ ਕੱਢਣਾ, ਵੱਡੇ ਬਿਆਸ ਵਾਲੀਆਂ ਪਾਈਪਾਂ ਰਾਹੀਂ ਪਾਣੀ ਨੂੰ ਨਾਲਿਆਂ ਤੱਕ ਪਹੁੰਚਾਉਣਾ, ਸੜਕਾਂ ’ਤੇ ਖੜ੍ਹੇ ਹੋਣ ਵਾਲੇ ਪਾਣੀ ਕਾਰਨ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨਾ ਅਤੇ ਸ਼ਹਿਰੀ ਵਿਕਾਸ ਅਧੀਨ ਨਿਕਾਸੀ ਦੀ ਸਮੱਰਥਾ ਵਧਾਉਣਾ। ਇਸ ਮੰਤਵ ਲਈ ਸ਼ਿਮਲਾ ਪਹਾੜੀ ਚੌਕ ਵਿਚ ਪ੍ਰੋਜੈਕਟ ਲਗਾ ਕੇ ਪਾਣੀ ਨੂੰ ਭੰਗੀ ਚੋਅ ਤੱਕ ਲੈ ਕੇ ਜਾਣ ਦਾ ਦਾਅਵਾ ਕੀਤਾ ਗਿਆ ਸੀ।
ਅੱਜ ਪਏ ਭਾਰੀ ਮੀਂਹ ਤੋਂ ਬਾਅਦ ਇਸ ਚੌਕ ਸਮੇਤ ਆਸ-ਪਾਸ ਦੇ ਸਾਰੇ ਇਲਾਕਿਆਂ ਸਮੇਤ ਹੋਰਨਾਂ ਮੁਹੱਲਿਆਂ ਵਿਚ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਆਪਣੇ ਵਾਹਨਾਂ ਨੂੰ ਜੋਖ਼ਮ ਵਿਚ ਪਾ ਕੇ ਪਾਣੀ ਵਿੱਚ ਦੀ ਲੰਘਣਾ ਪਿਆ। ਪਾਣੀ ਦੀ ਸਮੱਸਿਆ ਜਿਉਂ ਦੀ ਤਿਉਂ ਹੀ ਰਹਿ ਗਈ ਅਤੇ ਪ੍ਰਸ਼ਾਸਨ ਦੇ ਸਾਰੇ ਦਾਅਵੇ ਖ਼ੋਖਲੇ ਸਾਬਿਤ ਹੋਏ। ਮੀਂਹ ਦੌਰਾਨ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਨੂੰ ਦੇਖ਼ਦੇ ਹੋਏ ਮੀਂਹ ਦੌਰਾਨ ਬਿਜਲੀ ਵਿਭਾਗ ਵੱਲੋਂ ਬਿਜਲੀ ਬੰਦ ਕਰ ਦਿੱਤੀ ਗਈ, ਜਿਸ ਕਾਰਨ ਡੇਢ ਕਰੋੜੀ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਬੰਦ ਹੋ ਗਿਆ। ਸ਼ਹਿਰ ਵਿਚ ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਕੂੜਾ ਅਤੇ ਗਾਰ ਨਾਲੀਆਂ ਅਤੇ ਪਾਈਪਾਂ ਵਿਚ ਫਸਣ ਕਾਰਨ ਪਾਣੀ ਦਾ ਨਿਕਾਸ ਰੁਕਣ ਕਾਰਨ ਪਾਣੀ ਸੜਕਾਂ ’ਤੇ ਆ ਗਿਆ। ਮੀਂਹ ਕਾਰਨ ਸ਼ਹਿਰ ਦੀ ਅੰਦਰਲੀ ਆਬਾਦੀ ਦੇ ਸਾਰੇ ਮੁਹੱਲੇ ਪਾਣੀ ਨਾਲ ਭਰ ਗਏ। ਗਲੀਆਂ-ਨਾਲੀਆਂ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਜਾ ਵੜਿਆ, ਜਿਸ ਕਾਰਨ ਰੋਜਮਰਾ ਦੀ ਜ਼ਿੰਦਗੀ ਬੁਰੀ ਤਰ੍ਹਾਂ ਨਾਲ ਪ੍ਰਭਾਜਿਤ ਹੋਈ। ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸੜਕਾਂ ’ਤੇ ਲੱਗੇ ਢੇਰ ਅਤੇ ਗੰਦਗੀ ਪਾਣੀ ਨਾਲ ਰੁੜ ਕੇ ਦੂਰ-ਦੁਰਾਡੇ ਵਾਲੇ ਮੁਹੱਲਿਆਂ ਵਿਚ ਚਲੀ ਗਈ ਅਤੇ ਗੰਦਗੀ ਬਦੂ ਨਾਲ ਬਹੁਤੇ ਮੁਹੱਲੇ ਭਰ ਗਏ। ਲੋਕਾਂ ਨੂੰ ਮੀਂਹ ਹਟਣ ਤੱਕ ਕੋਈ ਰਾਹਤ ਨਾ ਮਿਲੀ। ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਜੋਤੀ ਬਾਲਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਨਗਰ ਨਿਗਮ ਕੋਲ ਅਜੇ ਤੱਕ ਹੈਂਡ ਓਵਰ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਰਤਾਂ ਅਨੁਸਾਰ ਦੋ ਸਾਲ ਤੱਕ ਇਸ ਪ੍ਰੋਜੈਕਟ ਦੀ ਕਾਰਜਸ਼ੈਲੀ ਚੈੱਕ ਕਰ ਕੇ ਹੀ ਨਗਰ ਨਿਗਮ ਨੇ ਲੈਣਾ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੇ ਤਾਂ ਨਗਰ ਨਿਗਮ ਦੀਆਂ ਸੜਕਾਂ ਵੀ ਤੋੜੀਆਂ ਅਤੇ ਹੁਣ ਮੀਂਹ ਦੌਰਾਨ ਮੋਟਰ ਚਲਾਉਣ ਲਈ ਸੀਵਰੇਜ ਬੋਰਡ ਕੋਲ ਕਰਮਚਾਰੀ ਵੀ ਨਹੀਂ ਹੈ, ਜਿਸ ਕਾਰਨ ਦੁਖੀ ਹੋਏ ਸ਼ਹਿਰ ਵਾਸੀ ਨਗਰ ਨਿਗਮ ’ਤੇ ਭਾਂਡਾ ਭੰਨਦੇ ਹਨ। ਉਨ੍ਹਾਂ ਕਿਹਾ ਕਿ ਜਨਰੇਟਰ ਚਲਾਉਣ ਲਈ ਤੇਲ ਵੀ ਨਗਰ ਨਿਗਮ ਨੂੰ ਦੇਣਾ ਪੈਂਦਾ ਹੈ, ਜਦਿਕ ਉਹ ਅਜੇ ਇਸ ਪ੍ਰੋਜੈਕਟ ਦੀ ਕਾਰਜਸ਼ੈਲੀ ਤੋਂ ਸੰਤੁਸ਼ਟ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਅੱਜ ਦੇ ਹਾਲਤ ਦੇਖ਼ ਕੇ ਸਬੰਧਿਤ ਵਿਭਾਗ ਨੂੰ ਚਿਤਾਵਨੀ ਪੱਤਰ ਜਾਰੀ ਕੀਤਾ ਹੈ।