ਮੁਕਾਬਲਿਆਂ ’ਚ ਦੁਆਬੇ ਦੇ ਚਾਰ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਨੇ ਲਿਆ ਭਾਗ ਨਿੱਕੀਆਂ ਕਰੂੰਬਲਾਂ ਸਾਹਿਤ ਸਿਰਜਣਾ ਮੁਕਾਬਲਿਆਂ ਵਿੱਚ ਦੁਆਬੇ ਦੇ ਚਾਰ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਨੇ ਲਿਆ ਭਾਗ
Publish Date: Wed, 18 Nov 2026 03:20 PM (IST)
Updated Date: Wed, 18 Nov 2026 03:21 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਪ੍ਰਧਾਨ ਬਲਜਿੰਦਰ ਮਾਨ ਦੀ ਅਗਵਾਈ ਹੇਠ ਕਰਵਾਏ ਗਏ ਨਿੱਕੀਆਂ ਕਰੂੰਬਲਾਂ ਸਾਹਿਤ ਸਿਰਜਣਾ ਮੁਕਾਬਲਿਆਂ ਵਿੱਚ ਦੁਆਬੇ ਦੇ ਚਾਰ ਜ਼ਿਲ੍ਹਿਆਂ ਹੁਸ਼ਿਆਰਪੁਰ, ਕਪੂਰਥਲਾ, ਰੋਪੜ ਅਤੇ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪਿਛਲੇ 31 ਸਾਲਾਂ ਤੋਂ ਬੱਚਿਆਂ ਦੀ ਪ੍ਰਤਿਭਾ ਨਿਖਾਰਨ ਲਈ ਕਰਵਾਏ ਜਾ ਰਹੇ ਇਹ ਮੁਕਾਬਲੇ 2010 ਤੋਂ ਨੈਸ਼ਨਲ ਐਵਾਰਡੀ ਅਧਿਆਪਕ ਤੇ ਲੇਖਕ ਗਿਆਨੀ ਹਰਕੇਵਲ ਸਿੰਘ ਸੈਲਾਨੀ ਨੂੰ ਸਮਰਪਿਤ ਕੀਤੇ ਜਾਂਦੇ ਹਨ। ਸਮਾਗਮ ਵਿੱਚ ਅਰਜਨ ਐਵਾਰਡੀ ਐਥਲੀਟ ਮਾਧਰੀ ਏ. ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਸੈਫ ਗੇਮਜ਼ ਰਿਕਾਰਡ ਹੋਲਡਰ ਅਮਨਦੀਪ ਸਿੰਘ ਬੈਂਸ ਨੇ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉੱਘੇ ਬਾਲ ਸਾਹਿਤਕਾਰ ਰਘੁਵੀਰ ਸਿੰਘ ਕਲੋਆ, ਪਰਮਜੀਤ ਕਾਤਿਬ, ਦੇਵ ਰਾਜ ਪਰਮਾਰ ਅਤੇ ਬਲਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸਾਹਿਤ ਸਿਰਜਣਾ ਸਬੰਧੀ ਜਾਣਕਾਰੀ ਦਿੱਤੀ। ਮੌਲਿਕ ਲੇਖ ਮੁਕਾਬਲੇ ਵਿੱਚ ਅਰਸ਼ਪ੍ਰੀਤ ਕੌਰ ਨੇ ਪਹਿਲਾ, ਦਿਲਪ੍ਰੀਤ ਕੌਰ ਨੇ ਦੂਜਾ ਅਤੇ ਸਿਮਰਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਹਾਣੀ ਲੇਖਣ ਵਿੱਚ ਬਲਰਾਜ ਕੌਰ ਪਹਿਲੇ ਸਥਾਨ ’ਤੇ ਰਹੀ। ਕਵਿਤਾ ਮੁਕਾਬਲੇ ਵਿੱਚ ਨੈਨਸੀ ਸਾਹਨੀ ਨੇ ਪਹਿਲਾ, ਅਰਸ਼ਦੀਪ ਕੌਰ ਨੇ ਦੂਜਾ ਅਤੇ ਕੋਮਲ ਤੇ ਸੁਰਜੀਤ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਕੁਦਰਤੀ ਦ੍ਰਿਸ਼ ਚਿਤਰਨ ਵਿੱਚ ਗੁਰਅਸੀਸ ਸਾਹਨੀ ਪਹਿਲੇ, ਕਰਮਪ੍ਰੀਤ ਕੌਰ ਦੂਜੇ ਅਤੇ ਵਾਸ਼ਿੰਕਾ ਤੇ ਗੁਰਜੀਤ ਸਿੰਘ ਤੀਜੇ ਸਥਾਨ ’ਤੇ ਰਹੇ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।