
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹੁਸ਼ਿਆਰਪੁਰ ਦੇ ਵਿਕਾਸ ਦੀ ਰਫ਼ਤਾਰ ਹੋਵੇਗੀ ਹੋਰ ਤੇਜ: ਡਾ. ਰਵਜੋਤ ਸਿੰਘ

- ਕਿਹਾ, 275 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਦਾ ਕੰਮ ਜਲਦੀ ਸ਼ੁਰੂ ਹੋਵੇਗਾ
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਪੰਜਾਬ ਦੇ ਜੇਲ੍ਹਾਂ, ਪ੍ਰਵਾਸੀ ਭਾਰਤੀ ਅਤੇ ਸੰਸਦੀ ਕਾਜ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਕੌਮੀ ਝੰਡਾ ਲਹਿਰਾਉਂਦਿਆਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਦਿਆਂ ਆਉਂਦੇ ਸਮੇਂ ਵਿਚ ਵੱਡੇ ਪ੍ਰਾਜੈਕਟਾਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਸਥਾਨਕ ਪੁਲਿਸ ਲਾਈਨਜ ਗਰਾਊਂਡ ਵਿਖੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਜ਼ਿਲਾ ਵਾਸੀਆਂ ਦੇ ਨਾਂ ਆਪਣਾ ਸੰਦੇਸ਼ ਦਿੰਦਿਆਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਵਿਖੇ ਲਗਭਗ 275 ਕਰੋੜ ਦੀ ਲਾਗਤ ਨਾਲ ਬਨਣ ਵਾਲੇ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ ਦੀ ਉਸਾਰੀ ਦਾ ਕੰਮ ਵੀ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਨੂੰ ਅਪਗਰੇਡ ਕਰ ਕੇ ਮੈਡੀਕਲ ਕਾਲਜ ਬਣੇਗਾ, ਜਿਸ ਵਿਚ 400 ਬੈੱਡਾਂ ਵਾਲਾ ਹਸਪਤਾਲ ਵੀ ਹੋਵੇਗਾ ਅਤੇ ਕਾਲਜ ਵਿਚ ਮੈਡੀਕਲ ਦੀਆਂ 100 ਸੀਟਾਂ ਦੀ ਹਰ ਸਾਲ ਵਿਵਸਥਾ ਰਹੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਅਤਿ ਆਧੁਨਿਕ ਸਹੂਲਤਾਂ ਵਾਲੇ ਹੋਸਟਲ ਵੀ ਉਸਾਰੇ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ 13.65 ਕਰੋੜ ਰੁਪਏ ਦੀ ਲਾਗਤ ਨਾਲ 50 ਬੈੱਡ ਵਾਲੇ ਕ੍ਰਿਟੀਕਲ ਕੇਅਰ ਯੂਨਿਟ ਦੀ ਉਸਾਰੀ ਦਾ ਕੰਮ ਵੀ 75 ਫ਼ੀਸਦੀ ਪੂਰਾ ਹੋ ਚੁੱਕਾ ਹੈ ਅਤੇ ਜਲਦੀ ਹੀ ਸਿਵਲ ਹਸਪਤਾਲ ਵਿਚ ਐੱਮਆਰਆਈ ਮਸ਼ੀਨ ਲੱਗ ਰਹੀ ਹੈ, ਜਿਸ ਇਕ ਮਹੀਨੇ ਦੇ ਅੰਦਰ ਹੀ ਲੋਕਾਂ ਨੂੰ ਇਹ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜ਼ਿਲ੍ਹੇ ਵਿਚ 3.50 ਲੱਖ ਦੇ ਕਰੀਬ ਕਾਰਡ ਬਣ ਚੁੱਕੇ ਹਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਹੁਣ ਤਕ 19,370 ਮਰੀਜ਼ਾਂ ਦਾ ਜਦਕਿ 4,280 ਮਰੀਜ਼ਾਂ ਨੇ ਨਿੱਜੀ ਹਸਪਤਾਲਾਂ ਵਿੱਚ ਸਕੀਮ ਤਹਿਤ ਇਲਾਜ ਦੀ ਸਹੂਲਤ ਦਾ ਲਾਭ ਲਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 77 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਰਾਹੀਂ ਹੁਣ ਤੱਕ 39.57 ਲੱਖ ਲੋਕਾਂ ਵੱਲੋਂ ਸਿਹਤ ਸੇਵਾਵਾਂ ਦਾ ਲਾਭ ਲਿਆ ਜਾ ਚੁੱਕਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਆਂਗਨਵਾੜੀ ਸਰਵਿਸਜ਼ ਸਕੀਮ ਤਹਿਤ 118 ਆਂਗਨਵਾੜੀ ਵਰਕਰਾਂ ਅਤੇ 354 ਆਂਗਨਵਾੜੀ ਹੈਲਪਰਾਂ ਦੀ ਨਿਯੁਕਤੀ ਕੀਤੀ ਗਈ ਹੈ, ਜਿਸ ਨਾਲ ਆਂਗਨਵਾੜੀ ਕੇਂਦਰਾਂ ਦੀ ਮਜ਼ਬੂਤੀ ਦੇ ਨਾਲ-ਨਾਲ ਜੱਚਾ-ਬੱਚਾ ਸਾਂਭ-ਸੰਭਾਲ ਅਤੇ ਪਾਲਣ ਪੋਸ਼ਣ ਹੋਰ ਸੁਚੱਜਾ ਹੋਇਆ ਹੈ। ਜ਼ਿਲ੍ਹਾ ਹੁਸ਼ਿਆਰਪੁਰ ਵਿਚ 1600 ਕਿਲੋਮੀਟਰ ਪਾਈਪਾਂ ਪਾ ਕੇ ਖੇਤਾਂ ਵਿਚ ਸਿੰਚਾਈ ਲਈ ਖਾਲ਼ੇ ਬਣਾਏ ਗਏ ਜਿਨ੍ਹਾਂ ਨਾਲ ਕਰੀਬ 1.90 ਲੱਖ ਏਕੜ ਜ਼ਮੀਨ ਲਈ ਨਹਿਰੀ ਪਾਣੀ ਰਾਹੀਂ ਸਿੰਚਾਈ ਸਹੂਲਤ ਯਕੀਨੀ ਬਣਾਉਂਦਿਆਂ ਕਰੀਬ 500 ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ 1896 ਕਿਲੋਮੀਟਰ ਲਿੰਕ ਸੜਕਾਂ ਦੀ ਰਿਪੇਅਰ ਅਤੇ ਅਪਗਰੇਡੇਸ਼ਨ ਦਾ ਕੰਮ 517.36 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹੇ ’ਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਲ 2026-27 ਦੌਰਾਨ 611 ਏਕੜ ਰਕਬੇ ਤੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਦੱਸਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਨਾਲ ਜ਼ਮੀਨਦੋਜ਼ ਪਾਣੀ ਦੀ ਬੱਚਤ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਨੂੰ ਅਪਣਾਉਣ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਤਸ਼ਾਹਿਤ ਕਰਨ ਲਈ ਰਾਸ਼ੀ ਦਿੱਤੀ ਜਾਂਦੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਾਖਰਤਾ, ਵਾਤਾਵਰਣ ਸਾਂਭ-ਸੰਭਾਲ, ਹਾਥੀ ਦੰਦ ਦੀ ਕਾਰਾਗਰੀ, ਟਰੈਕਟਰ ਉਤਪਾਦਨ, ਲਿੰਗ ਅਨੁਪਾਤ ਵਿੱਚ ਮੋਹਰੀ ਜ਼ਿਲ੍ਹਾ ਹੁਸ਼ਿਆਰਪੁਰ, ਜੋ ਕਿ ਗੁਰੂਆਂ, ਸੰਤਾਂ-ਮਹਾਪੁਰਸ਼ਾਂ, ਪੀਰ-ਪੈਗੰਬਰਾਂ ਦੀ ਧਰਤੀ ਹੈ, ਦੇ ਚਹੁੰਮੁਖੀ ਵਿਕਾਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕੋਈ ਕਸਰ ਨਹੀਂ ਰਹਿਣ ਦੇਵੇਗੀ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਐੱਸਐੱਸਪੀ ਸੰਦੀਪ ਕੁਮਾਰ ਮਲਿਕ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਕੇਸ਼ ਕੁਮਾਰ ਮੀਨਾ ਅਤੇ ਹੋਰ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਬਨਿਟ ਮੰਤਰੀ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ।