- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ ਦੀ ਸੇਵਾ, ਸਤਿਕਾਰ ਅਤੇ ਸਿਹਤ ਸੰਭਾਲ ਨੂੰ ਸਮਰਪਿਤ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਸਿਟੀ ਸੈਂਟਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਸਿਹਤ ਜਾਂਚ ਕੈਂਪ ਵੀ ਲਗਾਇਆ ਗਿਆ। ਵਿਧਾਇਕ ਬ੍ਰਹਮ ਸ਼ੰਕਰ ਜ਼ਿੰਪਾ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਕੈਂਪ ਦੌਰਾਨ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਬਜ਼ੁਰਗਾਂ ਦੀ ਭਲਾਈ ਲਈ ਕੀਤੇ ਜਾ ਰਹੇ ਅਜਿਹੇ ਉਪਰਾਲਿਆਂ ਨੂੰ ਮਹੱਤਵਪੂਰਨ ਦੱਸਿਆ। ਵਿਧਾਇਕ ਬ੍ਰਹਮ ਸ਼ੰਕਰ ਜ਼ਿੰਪਾ ਨੇ ਕਿਹਾ ਕਿ ਬਜ਼ੁਰਗ ਪਰਿਵਾਰ ਅਤੇ ਸਮਾਜ ਦੀ ਅਨਮੋਲ ਧਰੋਹਰ ਹਨ। ਉਨ੍ਹਾਂ ਦੇ ਤਜ਼ਰਬੇ, ਮਾਰਗਦਰਸ਼ਨ ਅਤੇ ਯੋਗਦਾਨ ਦਾ ਸਤਿਕਾਰ ਕਰਨਾ ਸਾਡਾ ਨੈਤਿਕ ਅਤੇ ਸਮਾਜਿਕ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਸਿਹਤ ਅਤੇ ਸਹੂਲਤਾਂ ਦਾ ਧਿਆਨ ਰੱਖਣਾ ਸਿਰਫ਼ ਪਰਿਵਾਰ ਹੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਜ਼ੁਰਗਾਂ ਦੀ ਸਿਹਤ ਸੰਭਾਲ, ਸਮਾਜਿਕ ਸੁਰੱਖਿਆ ਅਤੇ ਭਲਾਈ ਲਈ ਵਚਨਬੱਧ ਹੈ। ਇਸ ਮੁਹਿੰਮ ਦਾ ਉਦੇਸ਼ ਬਜ਼ੁਰਗਾਂ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣਾ ਹੈ। ਕੈਂਪ ਦੌਰਾਨ ਬਜ਼ੁਰਗਾਂ ਦੀ ਆਮ ਸਿਹਤ ਜਾਂਚ, ਅੱਖਾਂ ਦੀ ਜਾਂਚ ਅਤੇ ਆਯੁਰਵੈਦਿਕ ਡਾਕਟਰਾਂ ਵੱਲੋਂ ਸਿਹਤ ਸਬੰਧੀ ਸਲਾਹ ਦੇਣ ਦੀ ਸਹੂਲਤ ਮੁਹੱਈਆ ਕਰਵਾਈ ਗਈ। ਲਾਭਪਾਤਰੀਆਂ ਨੂੰ ਆਧਾਰ ਕਾਰਡ, ਪੈਨਸ਼ਨ ਸਰਟੀਫਿਕੇਟ, ਸਰਪੰਚ ਜਾਂ ਨਗਰ ਕੌਂਸਲਰ ਵੱਲੋਂ ਜਾਰੀ ਆਮਦਨ ਸਰਟੀਫਿਕੇਟ ਅਤੇ ਪਾਸਪੋਰਟ ਆਕਾਰ ਦੀ ਫੋਟੋ ਵਰਗੇ ਲੋੜੀਂਦੇ ਦਸਤਾਵੇਜ਼ਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਮਾਗਮ ਦੌਰਾਨ ਬਜ਼ੁਰਗਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ, ਬੈਂਕਿੰਗ ਸਹੂਲਤਾਂ ਅਤੇ ਡਿਜੀਟਲ ਸਾਖਰਤਾ ਬਾਰੇ ਜਾਗਰੂਕ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ ਬਜ਼ੁਰਗਾਂ ਅਤੇ ਨੌਜਵਾਨਾਂ ਵਿਚਕਾਰ ਆਪਸੀ ਸੰਵਾਦ ਅਤੇ ਸਮਾਜਿਕ ਸਾਂਝ ਵਧਾਉਣ ਲਈ ਸੱਭਿਆਚਾਰਕ ਸਰਗਰਮੀਆਂ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਅਗਲੇ ਸਿਹਤ ਜਾਂਚ ਕੈਂਪ 22 ਅਕਤੂਬਰ ਨੂੰ ਸਿਵਲ ਹਸਪਤਾਲ ਮੁਕੇਰੀਆਂ, 27 ਅਕਤੂਬਰ ਨੂੰ ਸਿਵਲ ਹਸਪਤਾਲ ਦਸੂਹਾ ਅਤੇ 3 ਨਵੰਬਰ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਲਗਾਏ ਜਾਣਗੇ। ਇਸ ਮੌਕੇ ਮੇਅਰ ਪ੍ਰਵੀਨ ਸੈਣੀ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੁਮਾਰ, ਕੌਂਸਲਰ ਅਜੈ ਵਰਮਾ, ਮਨੀ ਗੋਗੀਆ, ਡਾ. ਵਰਿੰਦਰ ਗਰਗ ਜੇਡੀ ਬਿਰਧ ਆਸ਼ਰਮ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਰੇਸ਼ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।