ਛੁੱਟੀ ਵਾਲੇ ਦਿਨ ਵੀ ਮੌਤ ਬਣ ਸੜਕਾਂ’ਤੇ ਦੌੜੇ ਟਿੱਪਰ ਛੁੱਟੀ ਵਾਲੇ ਦਿਨ ਮੌਤ ਬਣ ਸੜਕਾਂ’ਤੇ ਦੌੜਦੇ ਟਿੱਪਰ
Publish Date: Mon, 26 Oct 2026 03:21 PM (IST)
Updated Date: Mon, 26 Oct 2026 03:25 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਛੁੱਟੀ ਦਾ ਲਾਹਾ ਲੈ ਕੇ ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਫਰਾਟੇ ਮਾਰਦੇ ਟਿੱਪਰ ਆਮ ਲੋਕਾਂ ਲਈ ਖ਼ਤਰਾ ਬਣਦੇ ਜਾ ਰਹੇ ਹਨ। ਭਾਰੀ ਵਾਹਨਾਂ ਦੀ ਆਵਾਜਾਈ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ, ਇਸ ਸਬੰਧੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਜੇਕਰ ਪਾਬੰਦੀਆਂ ਦੇ ਬਾਵਜੂਦ ਟਿੱਪਰ ਸੜਕਾਂ ’ਤੇ ਦੌੜ ਰਹੇ ਹਨ ਤਾਂ ਇਹ ਪ੍ਰਸ਼ਾਸਨਿਕ ਨਿਗਰਾਨੀ ’ਤੇ ਵੀ ਸਵਾਲੀਆ ਨਿਸ਼ਾਨ ਹੈ। ਇਸ ਸਬੰਧੀ ਕਾਂਗਰਸੀ ਆਗੂ ਅਸ਼ੀਸ਼ ਪ੍ਰਭਾਕਰ, ਹਰਜਿੰਦਰ ਸਿੰਘ ਜਿੰਦਰ ਕੋਠੀ ਸਮੇਤ ਜੇਜੋਂ ਮਾਹਿਲਪੁਰ ਸੜਕ ’ਤੇ ਵਸੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਛੁੱਟੀ ਵਾਲੇ ਦਿਨ ਜਦੋਂ ਆਮ ਲੋਕ ਪਰਿਵਾਰਾਂ ਸਮੇਤ ਘਰਾਂ ਤੋਂ ਬਾਹਰ ਨਿਕਲਦੇ ਹਨ ਅਤੇ ਸੜਕਾਂ ’ਤੇ ਆਵਾਜਾਈ ਵਧ ਜਾਂਦੀ ਹੈ, ਉਸ ਸਮੇਂ ਭਾਰੀ ਟਿੱਪਰਾਂ ਦੀ ਤੇਜ਼ ਰਫ਼ਤਾਰ ਹਾਦਸਿਆਂ ਦਾ ਖ਼ਤਰਾ ਹੋਰ ਵਧਾ ਦਿੰਦੀ ਹੈ। ਟਿੱਪਰਾਂ ਦੀ ਆਵਾਜਾਈ ਕਾਰਨ ਦੋਪਹੀਆ ਵਾਹਨ ਚਾਲਕਾਂ, ਕਾਰ ਸਵਾਰਾਂ ਅਤੇ ਪੈਦਲ ਲੰਘਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਡਿਪਟੀ ਕਮਿਸ਼ਨਰ ਵੱਲੋਂ ਕਿਸੇ ਨਿਰਧਾਰਤ ਸਮੇਂ ਜਾਂ ਖੇਤਰ ਵਿੱਚ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਲਗਾਈ ਗਈ ਹੈ ਤਾਂ ਉਸ ਦੀ ਪਾਲਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ? ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗਾਂ ਵੱਲੋਂ ਐਤਵਾਰ ਨੂੰ ਵਿਸ਼ੇਸ਼ ਚੈਕਿੰਗ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਬੰਦੀਆਂ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦੀਆਂ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਵੱਲੋਂ ਛੁੱਟੀ ਵਾਲੇ ਦਿਨ ਵਿਸ਼ੇਸ਼ ਨਾਕਾਬੰਦੀ ਕਰਕੇ ਟਿੱਪਰਾਂ ਦੀ ਆਵਾਜਾਈ ਦੀ ਜਾਂਚ ਕੀਤੀ ਜਾਵੇ। ਤੇਜ਼ ਰਫ਼ਤਾਰ, ਓਵਰਲੋਡਿੰਗ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।