ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀਆਂ ਉੱਡੀਆਂ ਧੱਜੀਆਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀਆਂ ਉੱਡੀਆਂ ਧੱਜੀਆਂ
Publish Date: Mon, 09 Nov 2026 05:56 PM (IST)
Updated Date: Tue, 10 Nov 2026 04:06 AM (IST)
ਬਾਜ਼ਾਰਾਂ ’ਚ ਸ਼ਰੇਆਮ ਵਿਕੇ ਪਟਾਕੇ, ਨਿਰਧਾਰਤ ਥਾਵਾਂ ’ਤੇ ਨਹੀਂ ਲੱਗੀ ਇੱਕ ਵੀ ਦੁਕਾਨ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਖੁੱਲ੍ਹੀ ਪੋਲ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ ਡਿਪਟੀ ਕਮਿਸ਼ਨਰ ਵੱਲੋਂ ਪਟਾਕਿਆਂ ਦੀ ਵਿਕਰੀ ਲਈ ਨਿਰਧਾਰਤ ਕੀਤੇ ਗਏ ਸਥਾਨਾਂ ਦੇ ਬਾਵਜੂਦ ਜਿਲ੍ਹੇ ਦੇ ਸਮੂਹ ਸ਼ਹਿਰਾਂ ਅਤੇ ਕਸਬਿਆਂ ਦੇ ਬਾਜ਼ਾਰਾਂ ਵਿੱਚ ਸ਼ਰੇਆਮ ਪਟਾਕਿਆਂ ਦੀ ਵਿਕਰੀ ਹੁੰਦੀ ਰਹੀ। ਹਾਲਾਤ ਇਹ ਰਹੇ ਕਿ ਪ੍ਰਸ਼ਾਸਨ ਵੱਲੋਂ ਜਿਨ੍ਹਾਂ ਥਾਵਾਂ ਨੂੰ ਪਟਾਕੇ ਵੇਚਣ ਲਈ ਮਨਜ਼ੂਰੀ ਦਿੱਤੀ ਗਈ ਸੀ, ਉੱਥੇ ਇੱਕ ਵੀ ਦੁਕਾਨ ਦਿਖਾਈ ਨਹੀਂ ਦਿੱਤੀ, ਜਦਕਿ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਹੋਰ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਪਟਾਕੇ ਵੇਚਣ ਵਾਲਿਆਂ ਨੇ ਖੁੱਲ੍ਹ ਕੇ ਆਪਣਾ ਕਾਰੋਬਾਰ ਕੀਤਾ। ਡਿਪਟੀ ਕਮਿਸ਼ਨਰ ਵੱਲੋਂ ਪਟਾਕਿਆਂ ਦੀ ਵਿਕਰੀ ਨੂੰ ਨਿਯਮਬੱਧ ਕਰਨ, ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਮਕਸਦ ਨਾਲ ਵਿਸ਼ੇਸ਼ ਸਥਾਨ ਨਿਰਧਾਰਤ ਕੀਤੇ ਗਏ ਸਨ। ਇਸ ਦੇ ਨਾਲ ਹੀ ਪਟਾਕਿਆਂ ਦੀ ਵਿਕਰੀ ਲਈ ਲੋੜੀਂਦੀਆਂ ਮਨਜ਼ੂਰੀਆਂ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਸਨ। ਪਰ ਜ਼ਮੀਨੀ ਹਕੀਕਤ ਪ੍ਰਸ਼ਾਸਨਿਕ ਹੁਕਮਾਂ ਤੋਂ ਬਿਲਕੁਲ ਉਲਟ ਨਜ਼ਰ ਆਈ। ਪ੍ਰਸ਼ਾਸਨ ਨੇ ਪਟਾਕਿਆਂ ਦੀ ਵਿਕਰੀ ਲਈ ਵਿਸ਼ੇਸ਼ ਥਾਵਾਂ ਤੈਅ ਕੀਤੀਆਂ ਸਨ ਪਰੰਤੂ ਬਾਜ਼ਾਰਾਂ ਵਿੱਚ ਖੁੱਲ੍ਹੇਆਮ ਪਟਾਕੇ ਵੇਚਣ ਵਾਲਿਆਂ ਨੂੰ ਕਿਸ ਦੀ ਸ਼ਹਿ ਮਿਲੀ ਹੋਈ ਸੀ। ਸਾਰੇ ਸਬੰਧਤ ਵਿਭਾਗਾਂ ਵੱਲੋਂ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਈ ਸੀ। ਨਿਰਧਾਰਤ ਥਾਵਾਂ ’ਤੇ ਦੁਕਾਨਾਂ ਨਾ ਲਗਾ ਕੇ ਦੁਕਾਨਦਾਰਾਂ ਵਲੋਂ ਸ਼ਰੇਆਮ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿੱਚ ਪਟਾਕਿਆਂ ਦੀ ਵਿਕਰੀ ਨਾਲ ਅਣਸੁਖਾਵੀਂ ਘਟਨਾ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਅਜਿਹੇ ਵਿੱਚ ਦੁਕਾਨਦਾਰਾਂ ਅਤੇ ਖਰੀਦਦਾਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਇਸ ਸਬੰਧੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਪ੍ਰਸ਼ਾਸਨ ਇਸ ਖੁੱਲ੍ਹੀ ਉਲੰਘਣਾ ਦਾ ਨੋਟਿਸ ਲੈ ਕੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕਰੇ ਨਹੀਂ ਤਾਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀਆਂ ਧੱਜੀਆਂ ਇਸੇ ਤਰ੍ਹਾਂ ਉੱਡਦੀਆਂ ਰਹਿਣਗੀਆਂ। ਬਾਕਸ-- ਡਿਪਟੀ ਕਮਿਸ਼ਨਰ ਵਲੋਂ ਅਲਾਟ ਥਾਵਾਂ 10 ਦਿਨ ਪਹਿਲਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਡਰਾਅ ਵਿੱਚ ਸਬ-ਡਵੀਜ਼ਨ ਹੁਸ਼ਿਆਰਪੁਰ ਵਿੱਚ ਦੁਸਹਿਰਾ ਗਰਾਊਂਡ (ਨਵੀਂ ਆਬਾਦੀ) ਲਈ 18, ਜ਼ਿਲ੍ਹਾ ਪ੍ਰੀਸ਼ਦ ਮਾਰਕੀਟ (ਅੱਡਾ ਮਾਹਿਲਪੁਰ) ਲਈ 5, ਰੋਸ਼ਨ ਗਰਾਊਂਡ ਹੁਸ਼ਿਆਰਪੁਰ ਲਈ 5, ਰਾਮਲੀਲਾ ਗਰਾਊਂਡ ਹਰਿਆਣਾ ਲਈ 5, ਬੁੱਲ੍ਹੋਵਾਲ ਪੁਲਿਸ ਜਗ੍ਹਾ ਲਈ 1 ਅਤੇ ਚੱਬੇਵਾਲ ਪੁਲਿਸ ਜਗ੍ਹਾ ਲਈ 1 ਡਰਾਅ ਕੱਢਿਆ ਗਿਆ। ਸਬ-ਡਵੀਜ਼ਨ ਗੜ੍ਹਸ਼ੰਕਰ ਵਿੱਚ ਮਿਲਟਰੀ ਗਰਾਊਂਡ ਲਈ 5, ਸ਼ਹੀਦਾਂ ਰੋਡ (ਦਾਣਾ ਮੰਡੀ), ਮਾਹਿਲਪੁਰ ਲਈ 3 ਅਤੇ ਕੋਟ ਫਤੂਹੀ ਤੋਂ ਬਿਜੇ ਰੋਡ ਤੇ ਖਾਲੀ ਸਥਾਨ ਲਈ 1 ਡਰਾਅ ਕੱਢਿਆ ਗਿਆ। ਸਬ-ਡਵੀਜ਼ਨ ਦਸੂਹਾ ਵਿੱਚ ਮਹਾਰਿਸ਼ੀ ਵਾਲਮੀਕਿ ਪਾਰਕ ਲਈ 2, ਬਲਾਕ ਸੰਮਤੀ ਸਟੇਡੀਅਮ ਦਸੂਹਾ ਲਈ 1 ਅਤੇ ਦਸੂਹਾ ਗਰਾਊਂਡ ਗੜ੍ਹਦੀਵਾਲਾ ਲਈ 2 ਡਰਾਅ ਕੱਢੇ ਗਏ। ਸਬ-ਡਵੀਜ਼ਨ ਟਾਂਡਾ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਟਾਂਡਾ ਦੀ ਗਰਾਊਂਡ ਵਿਖੇ 2 ਅਤੇ ਸ਼ਿਮਲਾ ਪਹਾੜੀ ਪਾਰਕ, ਟਾਂਡਾ ਲਈ 2 ਡਰਾਅ ਕੱਢੇ ਗਏ। ਸਬ-ਡਵੀਜ਼ਨ ਮੁਕੇਰੀਆਂ ਵਿੱਚ ਦੁਸਹਿਰਾ ਗਰਾਊਂਡ ਮੁਕੇਰੀਆਂ ਲਈ 3 ਅਤੇ ਦੁਸਹਿਰਾ ਗਰਾਊਂਡ ਦਾਤਾਰਪੁਰ ਲਈ 1 ਲਾਇਸੈਂਸ ਜਾਰੀ ਕੀਤੇ ਗਏ ਹਨ। ਇਨ੍ਹਾਂ ਨਿਸ਼ਚਿਤ ਕੀਤੀਆਂ ਥਾਵਾਂ ਤੋਂ ਇਲਾਵਾਂ ਸੈਕੜਿਆਂ ਦੀ ਗਿਣਤੀ ਵਿਚ ਵੱਧ ਦੁਕਾਨਾਂ ਖ਼ੋਲ੍ਹੀਆਂ ਗਈਆਂ।