ਹੁਕਮ ਡਿਪਟੀ ਕਮਿਸ਼ਨਰ ਦੀ ਚੱਲਦੀ ਆਪਣੀ ਮਰਜ਼ੀ! ਟਿੱਪਰਾਂ ਅੱਗੇ ਬੇਵੱਸ ਦਿਖ ਰਿਹਾ ਪ੍ਰਸ਼ਾਸਨ ਹੁਕਮ ਡਿਪਟੀ ਕਮਿਸ਼ਨਰ ਦੇ, ਚੱਲਦੀ ਆਪਣੀ ਮਰਜ਼ੀ! ਟਿੱਪਰਾਂ ਅੱਗੇ ਬੇਵੱਸ ਦਿਖ ਰਿਹਾ ਪ੍ਰਸ਼ਾਸਨ
Publish Date: Sun, 22 Nov 2026 04:54 PM (IST)
Updated Date: Mon, 23 Nov 2026 04:04 AM (IST)
-ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਹੀ ਆਵਾਜਾਈ ਦੀ ਹੈ ਇਜਾਜ਼ਤ, ਫਿਰ ਵੀ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ -20 ਜਨਵਰੀ 2027 ਤੱਕ ਲਾਗੂ ਰਹਿਣੇ ਹਨ ਹੁਕਮ, ਪਰ ਜ਼ਮੀਨੀ ਪੱਧਰ ’ਤੇ ਅਸਰ ਕਿੱਥੇ? ਦੀਪਕ ਅਗਨੀਹੋਤਰੀ, ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਾਈਨਿੰਗ ਮਟੀਰੀਅਲ ਦੀ ਢੋਆ-ਢੁਆਈ ਕਰਨ ਵਾਲੇ ਟਿੱਪਰਾਂ ਅਤੇ ਟਰੱਕਾਂ ਦੀ ਬੇਲਗਾਮ ਆਵਾਜਾਈ ਨੂੰ ਕਾਬੂ ਕਰਨ ਲਈ ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਜ਼ਮੀਨੀ ਹਕੀਕਤ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਇੱਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਅਤੇ ਸੜਕ ਹਾਦਸਿਆਂ ਨੂੰ ਰੋਕਣ ਦੇ ਮੱਦੇਨਜ਼ਰ ਸਮਾਂਬੱਧ ਪਾਬੰਦੀ ਲਗਾਈ ਗਈ ਹੈ, ਦੂਜੇ ਪਾਸੇ ਜੇਜੋਂ ਤੋਂ ਮਾਹਿਲਪੁਰ ਅਤੇ ਨੰਗਲ ਤੋਂ ਗੜ੍ਹਸ਼ੰਕਰ ਰੋਡ ’ਤੇ ਟਿੱਪਰਾਂ ਦੀ ਆਵਾਜਾਈ ਸ਼ਰੇਆਮ ਜਾਰੀ ਹੈ। 20 ਨਵੰਬਰ ਨੂੰ ਦਿੱਤੇ ਸਨ ਹੁਕਮ ਜ਼ਿਕਰਯੋਗ ਹੈ ਕਿ 20 ਨਵੰਬਰ ਨੂੰ ਜ਼ਿਲ੍ਹਾ ਮੈਜਿਸਟਰੇਟ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਹੁਕਮ ਜਾਰੀ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਇਨ੍ਹਾਂ ਦੋਵੇਂ ਸੜਕਾਂ ’ਤੇ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਟਿੱਪਰ ਅਤੇ ਟਰੱਕ ਕੇਵਲ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਹੀ ਚੱਲ ਸਕਣਗੇ। ਇਸ ਸਮੇਂ ਤੋਂ ਇਲਾਵਾ ਇਨ੍ਹਾਂ ਦੀ ਆਵਾਜਾਈ ’ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਇਹ ਹੁਕਮ 20 ਜਨਵਰੀ 2027 ਤੱਕ ਲਾਗੂ ਰਹਿਣੇ ਹਨ। ਪ੍ਰਸ਼ਾਸਨ ਨੇ ਆਪਣੇ ਹੁਕਮਾਂ ਵਿੱਚ ਇਹ ਵੀ ਮੰਨਿਆ ਸੀ ਕਿ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਭਾਰੀ ਵਾਹਨਾਂ ਕਾਰਨ ਸੜਕਾਂ ’ਤੇ ਹਾਦਸੇ ਵਾਪਰ ਰਹੇ ਹਨ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਵਾਹਨਾਂ ਦੀ ਆਵਾਜਾਈ ਲਈ ਸਮਾਂ ਨਿਰਧਾਰਤ ਕਰਨਾ ਜ਼ਰੂਰੀ ਹੋ ਗਿਆ ਸੀ। ਹੁਕਮਾਂ ਵਿੱਚ ਉਪ ਪੁਲਿਸ ਕਪਤਾਨ ਗੜ੍ਹਸ਼ੰਕਰ ਨੂੰ ਟ੍ਰੈਫਿਕ ਪੁਲਿਸ ਰਾਹੀਂ ਓਵਰਸਪੀਡ ਦੀ ਜਾਂਚ ਕਰਨ, ਰੀਜਨਲ ਟਰਾਂਸਪੋਰਟ ਅਥਾਰਟੀ ਨੂੰ ਓਵਰਲੋਡਿੰਗ ਅਤੇ ਹੋਰ ਨਿਯਮਾਂ ਦੀ ਉਲੰਘਣਾ ਵਿਰੁੱਧ ਕਾਰਵਾਈ ਕਰਨ ਅਤੇ ਜ਼ਿਲ੍ਹਾ ਮਾਈਨਿੰਗ ਅਧਿਕਾਰੀ ਨੂੰ ਅੰਤਰਰਾਜੀ ਚੈੱਕ ਪੋਸਟਾਂ ’ਤੇ 24 ਘੰਟੇ ਨਿਗਰਾਨੀ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਲਣਾ ਕੌਣ ਕਰਾਵੇ ਜਦੋਂ ਹੁਕਮ ਜਾਰੀ ਕਰਨ ਦੇ ਬਾਵਜੂਦ ਉਨ੍ਹਾਂ ਦੀ ਪਾਲਣਾ ਯਕੀਨੀ ਬਣਾਉਣ ਵਿੱਚ ਕਮੀ ਨਜ਼ਰ ਆ ਰਹੀ ਹੈ ਤਾਂ ਜ਼ਿੰਮੇਵਾਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਕਦੋਂ ਨਿਭਾਉਣਗੇ? ਪ੍ਰਸ਼ਾਸਨ ਸਿਰਫ਼ ਕਾਗਜ਼ਾਂ ਵਿੱਚ ਹੁਕਮ ਜਾਰੀ ਕਰਕੇ ਆਪਣੀ ਜ਼ਿੰਮੇਵਾਰੀ ਪੂਰੀ ਸਮਝ ਰਿਹਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਜੇਕਰ ਇਨ੍ਹਾਂ ਸੜਕਾਂ ’ਤੇ ਕਿਸੇ ਦੁਰਘਟਨਾ ਕਾਰਨ ਕਿਸੇ ਪਰਿਵਾਰ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜਵਾਬਦੇਹੀ ਲਈ ਜਿੰਮੇਵਾਰ ਕੋਈ ਨਹੀਂ ਬਣਦਾ। ਸੜਕਾਂ ’ਤੇ ਆਮ ਲੋਕਾਂ ਦੀ ਸੁਰੱਖਿਆ ਨਾਲੋਂ ਮਾਈਨਿੰਗ ਮਟੀਰੀਅਲ ਦੀ ਢੋਆ-ਢੁਆਈ ਜ਼ਿਆਦਾ ਅਹਿਮ ਹੈ। ਕੀ ਕਹਿੰਦੇ ਹਨ ਭਾਜਪਾ ਆਗੂ ਇਸ ਸਬੰਧੀ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਿਰਫ਼ ਹੁਕਮ ਜਾਰੀ ਕਰਨ ਤੱਕ ਸੀਮਤ ਨਾ ਰਹੇ, ਸਗੋਂ ਮੌਕੇ ’ਤੇ ਨਾਕਾਬੰਦੀ, ਸੀਸੀਟੀਵੀ ਨਿਗਰਾਨੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਕਰੇ। ਆਖ਼ਰਕਾਰ ਸਰਕਾਰੀ ਹੁਕਮਾਂ ਦੀ ਅਸਲ ਅਹਿਮੀਅਤ ਉਨ੍ਹਾਂ ਦੀ ਪਾਲਣਾ ਨਾਲ ਹੀ ਸਾਬਤ ਹੁੰਦੀ ਹੈ, ਕਾਗਜ਼ਾਂ ’ਤੇ ਲਿਖੇ ਸ਼ਬਦਾਂ ਨਾਲ ਨਹੀਂ। ਉਨ੍ਹਾਂ ਕਿਹਾ ਕਿ ਇਨ੍ਹਾਂ ਟਿਪੱਰਾਂ ਪਿੱਛੇ ਰਾਜਸੀ ਸੱਤਾਧਾਰੀ ਤਾਕਤ ਹੈ ਜਿਸ ਦੀ ਸ਼ਹਿ ’ਤੇ ਇਹ ਲਗਾਤਾਰ ਚੱਲ ਰਹੇ ਹਨ।