ਅਕਾਲੀ ਦਲ ਦੇ ਸੀਨੀਅਰ ਆਗੂ ਵਰਿੰਦਰ ਸਿੰਘ ਬਾਜਵਾ ਨਹੀਂ ਰਹੇ ਅਕਾਲੀ ਦਲ ਦੇ ਸੀਨੀਅਰ ਆਗੂ ਵਰਿੰਦਰ ਸਿੰਘ ਬਾਜਵਾ ਨਹੀਂ ਰਹੇ
Publish Date: Sat, 12 Sep 2026 07:21 PM (IST)
Updated Date: Sat, 12 Sep 2026 07:23 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਰਿੰਦਰ ਸਿੰਘ ਬਾਜਵਾ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਉਹ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਵਰਿੰਦਰ ਸਿੰਘ ਬਾਜਵਾ ਰਾਜ ਸਭਾ ਦੇ ਸਾਬਕਾ ਮੈਂਬਰ ਵੀ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ’ਤੇ ਉਨ੍ਹਾਂ ਬੜੀ ਸਰਗਰਮੀ ਨਾਲ ਕੰਮ ਕੀਤਾ ਸੀ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਸੋਗ ਦੀ ਲਹਿਰ ਦੌੜ ਗਈ ਹੈ। ਬਾਜਵਾ ਨੇ ਅਕਾਲੀ ਦਲ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਖੜ੍ਹਾ ਕਰਨ ਲਈ ਬੜੀ ਸਖਤ ਮਿਹਨਤ ਕੀਤੀ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ, ਬਲਕਿ ਵੱਖ-ਵੱਖ ਸਿਆਸੀ ਪਾਰਟੀਆਂ, ਸਮਾਜਿਕ ਜਥੇਬੰਦੀਆਂ, ਧਾਰਮਿਕ ਅਤੇ ਸਿੱਖਿਆ ਨਾਲ ਸਬੰਧਿਤ ਜਥੇਬੰਦੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਰਿੰਦਰ ਸਿੰਘ ਬਾਜਵਾ ਨੇ 1980 ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। 1980 ਦੇ ਦਹਾਕੇ ਦੌਰਾਨ ਉਹ ਯੂਥ ਅਕਾਲੀ ਆਗੂ ਵਜੋਂ ਸੇਵਾ ਕਰਦੇ ਰਹੇ ਅਤੇ 1995 ਵਿੱਚ ਉਨ੍ਹਾਂ ਨੂੰ ਹੁਸ਼ਿਆਰਪੁਰ ਦੇ ਪ੍ਰਧਾਨ ਵਜੋਂ ਚੁਣਿਆ ਗਿਆ। 2004 ਵਿੱਚ ਉਹ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ ਅਤੇ 2010 ਤੱਕ ਇਸ ਅਹੁਦੇ ’ਤੇ ਰਹੇ। ਉਨ੍ਹਾਂ ਨੇ ਅਕਾਲੀ ਦਲ ਛੱਡ ਦਿੱਤਾ ਅਤੇ 2017 ਵਿੱਚ ਕੁਝ ਸਮੇਂ ਲਈ ਕਾਂਗਰਸ ਵਿੱਚ ਰਹੇ। ਇਸ ਤੋਂ ਬਾਅਦ ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੜ ਅਕਾਲੀ ਦਲ ਵਿੱਚ ਆ ਗਏ ਅਤੇ ਉਦੋਂ ਤੋਂ ਪਾਰਟੀ ਦੇ ਸੀਨੀਅਰ ਆਗੂ ਵਜੋਂ ਸੇਵਾ ਕਰ ਰਹੇ ਹਨ। ਵਰਿੰਦਰ ਸਿੰਘ ਬਾਜਵਾ ਦੀ ਪਤਨੀ ਜਗਜੀਤ ਕੌਰ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਅੰਗਰੇਜ਼ੀ ਸਾਹਿਤ ਦੀ ਸੇਵਾਮੁਕਤ ਲੈਕਚਰਾਰ ਹਨ। ਬਾਜਵਾ ਦੀਆਂ ਤਿੰਨ ਧੀਆਂ ਹਨ, ਜੋ ਲੰਡਨ, ਅਮਰੀਕਾ ਅਤੇ ਭਾਰਤ ਵਿੱਚ ਰਹਿੰਦੀਆਂ ਹਨ। ਉਹ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਨ।