ਹਾਜੀਪੁਰ ਦੇ ਪੰਚਾਂ ਨੇ ਸਰਪੰਚਣੀ ਹਟਾ ਕੇ ਪ੍ਰਬੰਧਕ ਲਗਾਉਣ ਦੀ ਕੀਤੀ ਮੰਗ ਹਾਜੀਪੁਰ ਦੇ ਪੰਚਾਂ ਸਰਪੰਚਣੀ ਹਟਾ ਕੇ ਪ੍ਰਬੰਧਕ ਲਗਾਉਣ ਦੀ ਕੀਤੀ ਮੰਗ
Publish Date: Tue, 25 Aug 2026 07:27 PM (IST)
Updated Date: Tue, 25 Aug 2026 07:27 PM (IST)
- ਸਰਪੰਚਣੀ ’ਤੇ ਪੰਚਾਂ ਨਾਲ ਸਹਿਯੋਗ ਨਾ ਕਰਨ ਦੇ ਦੋਸ਼, ਬੀਡੀਪੀਓ ਕੋਲ ਪੁੱਜੀ ਲਿਖਤੀ ਸ਼ਿਕਾਇਤ ਦੇਸ ਰਾਜ, ਪੰਜਾਬੀ ਜਾਗਰਣ ਦਾਤਾਰਪੁਰ : ਕਸਬਾ ਹਾਜੀਪੁਰ ਦੇ ਪੰਚਾਂ ਨੇ ਪਿੰਡ ਦੀ ਸਰਪੰਚਣੀ ਦੇ ਕੰਮਕਾਜ ਖ਼ਿਲਾਫ਼ ਨਾਖੁਸ਼ੀ ਪ੍ਰਗਟ ਕਰਦਿਆਂ ਪਿੰਡ ਵਿੱਚ ਪ੍ਰਬੰਧਕ ਲਗਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਪੰਚਾਂ ਨੇ ਇਕੱਤਰ ਹੋ ਕੇ ਬੀਡੀਪੀਓ ਹਾਜੀਪੁਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਜਿਸ ਤੋਂ ਬਾਅਦ ਬੀਡੀਪੀਓ ਨੇ ਸਬੰਧਿਤ ਪੰਚਾਂ ਨੂੰ ਅਗਲੇਰੀ ਕਾਰਵਾਈ ਲਈ 31 ਅਗਸਤ ਦਾ ਸਮਾਂ ਦਿੱਤਾ ਹੈ। ਹਾਜੀਪੁਰ ਦੇ ਪੰਚਾਂ ਵੱਲੋਂ ਬੀਡੀਪੀਓ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਲਿਖਿਆ ਗਿਆ ਹੈ ਕਿ ਉਹ ਹਾਜੀਪੁਰ ਦੀ ਸਰਪੰਚ ਕਿਰਨ ਬਾਲਾ ਦੇ ਕੰਮਕਾਰ ਕਰਨ ਦੇ ਤਰੀਕੇ ਤੋਂ ਨਾਖੁਸ਼ ਹਨ ਅਤੇ ਆਪਣਾ ਸਮਰਥਨ ਵਾਪਸ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਪਿੰਡ ਦੀ ਸਰਪੰਚਣੀ ਗੈਰ ਹਾਜ਼ਰ ਰਹਿੰਦੀ ਹੈ ਅਤੇ ਕੂੜਾ ਕਰਕਟ ਚੁਕਾਉਣ ਤੇ ਸਾਫ-ਸਫ਼ਾਈ ਲਈ ਸ਼ਹਿਰ ਅੰਦਰ ਕੋਈ ਠੋਸ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਨਿਕਾਸੀ ਨਾਲੇ ਦੀਆਂ ਪਾਈਪਾਂ ਨਹੀਂ ਪਾਈਆਂ ਜਾ ਰਹੀਆਂ ਅਤੇ ਪੰਚਾਇਤ ਦੀਆਂ ਦੁਕਾਨਾ ਤੋਂ ਮਿਲੇ ਕਿਰਾਏ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਹਾਲੇ ਤੱਕ ਪੰਚਾਇਤ ਵੱਲੋਂ ਕੋਈ ਵੀ ਆਮ ਇਜਲਾਸ ਨਹੀਂ ਬੁਲਾਇਆ ਗਿਆ ਅਤੇ ਪੰਚਾਇਤ ਦੇ ਰਜਿਸਟਰ ’ਤੇ ਕੋਈ ਹਾਜ਼ਰੀ ਵੀ ਨਹੀਂ ਲਗਾਈ ਜਾਂਦੀ। ਪੰਚਾਇਤਾਂ ਨੂੰ ਆਈਆਂ ਗ੍ਰਾਂਟਾਂ ਅਤੇ ਇਨ੍ਹਾਂ ਦੇ ਖਰਚਣ ਬਾਰੇ ਕੋਈ ਹਿਸਾਬ ਨਹੀਂ ਦਿੱਤਾ ਜਾ ਰਿਹਾ ਅਤੇ ਪੰਚਾਇਤ ਵੱਲੋਂ ਸ਼ੁਰੂ ਕੀਤੇ ਗਏ ਕੰਮ ਨੇਪਰੇ ਚਾੜ੍ਹਨ ਦੀ ਥਾਂ ਅਧੂਰੇ ਛੱਡੇ ਜਾ ਰਹੇ ਹਨ। ਸਰਪੰਚਣੀ ਵੱਲੋਂ ਸਮੂਹ ਪੰਚਾਇਤ ਵੱਲੋਂ ਪਾਏ ਮਤਿਆਂ ਨੂੰ ਅਣਦੇਖਾ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਕੰਮ ਲਈ ਪੰਚਾਂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਜਾਂਦਾ। ਉਨ੍ਹਾਂ ਮੰਗ ਕੀਤੀ ਕਿ ਪਿੰਡ ਦੇ ਵਿਕਾਸ ਕਾਰਜਾਂ ਨੂੰ ਨਿਰਵਿਘਨ ਜਾਰੀ ਰੱਖਣ ਲਈ ਪਿੰਡ ਵਿੱਚ ਪ੍ਰਬੰਧਕ ਲਗਾਇਆ ਜਾਵੇ। ਇਸ ਮੌਕੇ ਨੇਹਾ ਦੇਵੀ, ਸਰੂਪ ਦੇਵੀ, ਰਵਿੰਦਰ ਸਿੰਘ, ਨਿਸ਼ਾ ਕੁਮਾਰੀ, ਸੁਖਵੀਰ ਕੌਰ ਸਮੇਤੇ ਸਮੂਹ ਪੰਚ ਹਾਜ਼ਰ ਸਨ। ਇਸ ਸਬੰਧੀ ਪਿੰਡ ਦੀ ਸਰਪੰਚਣੀ ਕਿਰਨ ਬਾਲਾ ਨਾਲ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਦਾ ਫੋਨ ਉਨ੍ਹਾਂ ਦੀ ਲੜਕੀ ਨੇ ਚੁੱਕਿਆ ਅਤੇ ਦੱਸਿਆ ਕਿ ਸਰਪੰਚ ਸਾਹਿਬਾਂ ਕਿਧਰੇ ਬਾਹਰ ਹਨ ਅਤੇ ਫੋਨ ਘਰੇ ਪਿਆ ਹੈ। ਸਰਪੰਚਣੀ ਨਾਲ ਗੱਲ ਕਰਵਾਏ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਕਿਰਨ ਬਾਲਾ ਘਰ ਤੋਂ ਬਾਹਰ ਹੋਣ ਕਾਰਨ ਉਨ੍ਹਾਂ ਨਾਲ ਗੱਲ ਹੋ ਸਕਣੀ ਸੰਭਵ ਨਹੀਂ ਹੈ।