ਖੱਡਿਆਂ ’ਚ ਗੁੰਮ ਹੋਈਆਂ ਪਿੰਡਾਂ ਦੀਆਂ ਲਿੰਕ ਸੜਕਾਂ, ਪਿੰਡਾਂ ਦੀ ਆਵਾਜਾਈ ਬਣੀ ਚਣੌਤੀ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪਿੰਡਾਂ ਨੂੰ ਸ਼ਹਿਰਾਂ ਤੇ ਮੁੱਖ ਸੜਕਾਂ ਨਾਲ ਜੋੜਨ ਵਾਲੀਆਂ ਤੇ ਪਿੰਡਾਂ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਵਜੋਂ ਜਾਣੀਆਂ ਜਾਂਦੀਆਂ ਕਈ ਲਿੰਕ ਸੜਕਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ ’ਤੇ ਸੜਕ ਦੀ ਉਪਰਲੀ ਪਰਤ ਉਖੜ ਚੁੱਕੀ ਹੈ ਤੇ ਵੱਡੇ-ਵੱਡੇ ਖੱਡੇ ਬਣ ਗਏ ਹਨ। ਲੰਬੇ ਸਮੇਂ ਤੋਂ ਟੁੱਟੀਆਂ ਇਨ੍ਹਾਂ ਸੜਕਾਂ ਦੀ ਮੁਰੰਮਤ ਦੀ ਅਣਹੋਂਦ ਕਾਰਨ ਪਿੰਡਾਂ ਦੇ ਜਨ ਜੀਵਨ ’ਤੇ ਬਰੇਕ ਲੱਗ ਚੁੱਕੀ ਹੈ। ਇਨ੍ਹਾਂ ਸੜਕਾਂ ਰਾਹੀਂ ਰੋਜ਼ਾਨਾ ਵਿਦਿਆਰਥੀ, ਕਿਸਾਨ, ਮਜ਼ਦੂਰ ਅਤੇ ਹੋਰ ਲੋਕ ਆਉਂਦੇ-ਜਾਂਦੇ ਹਨ। ਸੜਕਾਂ ਦੀ ਮਾੜੀ ਹਾਲਤ ਕਾਰਨ ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਹੜੀਆਂ-ਕਿਹੜੀਆਂ ਹਨ ਸੜਕਾਂ ਹਲਕਾ ਮੁਕੇਰੀਆਂ ਐਮਾਂ ਮਾਂਗਟ ਤੋਂ ਉਮਰਪੁਰ, ਐਮਾਂ ਮਾਂਗਟ ਤੋਂ ਨੰਗਲ ਵਾਇਆ ਡਾਲੋਵਾਲ, ਸੰਧਵਾਲ ਤੋਂ ਹਾਜੀਪੁਰ, ਹੰਦਵਾਲ ਤੋਂ ਅੱਡਾ ਝੀਰ ਦਾ ਖੂਹ ਤੋਂ ਭਵਨਾਲੀ, ਚੌਧਰੀ ਦਾ ਬਾਗ ਤੋਂ ਭਟੋਲੀ, ਕਰਾੜੀ ਤੋਂ ਨਮੋਲੀ, ਚਨੌਰ ਤੋਂ ਟਾਂਡਾ ਚੂੜੀਆਂ, ਪੰਡੋਰੀ ਭਗਤ ਤੋਂ ਟਾਂਡਾ ਚੂੜੀਆਂ, ਟਾਂਡਾ ਚੂੜੀਆਂ ਤੋਂ ਮੁਹੱਦਪੁਰ, ਝੜਿੰਗ ਤੋਂ ਝਰੇੜੀਆਂ ਵਾਇਆ ਡਾਲਾਂ, ਪੰਡੋਰੀ ਭਗਤ ਤੋਂ ਹਰਸਾ ਮਾਨਸਰ ਵਾਇਆ ਚੱਕ ਕਲਾਂ ਤੇ ਚੱਕ ਸ਼ੇਰੋਂ, ਭਵਨਾਲੀ ਤੋਂ ਬੁੱਢਾਬੜ ਵਾਇਆ ਪਨਖੂਹ, ਰੌਲੀ ਅੱਡੇ ਤੋਂ ਚੱਕ ਮੀਰਪੁਰ ਤੇ ਅਗਾਂਹ ਚੰਗੜਵਾਂ , ਦਾਤਾਰਪੁਰ, ਤਲਵਾੜਾ ’ਚ ਰਜਵਾਲ ਬਾੜੀ ਭੁੰਬੋਤਾੜ ਵੈਰੀਅਲ ਤੋ ਬਹਿ ਲੱਖਣ ਹੀਰਬਹਿ ਤੋ ਕੈਰੀ ਮਹਲਾ ਕਮਾਹੀ ਦੇਵੀ ਤੋ ਨਰੰਗਪੁਰ, ਬੁੱਲੋਵਾਲ ਕਸਬੇ ’ਚ ਪਿੰਡ ਆਹਰ ਕੂੰਟ ਦੇ ਅੱਡੇ ਤੋਂ ਖਾਨਪੁਰ ਸਹੋਤਾ , ਕਾਲੂਵਾਹਿਰ ਤੋਂ ਖਰਦੇਹੜ , ਮੂੰਡੀਆਂ , ਸਰਹਾਲਾ , ਬੂਰੇ ਜੱਟਾਂ ,ਬਡਾਲਾ ਪੁਖਤਾ , ਖਡਿਆਲਾ ਸੈਣੀਆਂ ਤੋਂ ਪੰਡੌਰੀ ਬਾਵਾ ਦਾਸ ,ਬੁੱਲ੍ਹੋਵਾਲ ਭੋਗਪੁਰ ਰੋਡ ਦੀ ਮੁੱਖ ਸੜਕ ਪਿੰਡ ਕੂੰਟ (ਅੱਡਾ ਕੂੰਟ ਲ) ਤੋਂ ਪੱਜੋਦਿਉਤਾ ਤੱਕ ਥਾਂ ਥਾਂ ਟੁੱਟੀ ਸੜਕ, ਦਸੂਹਾ ਦੀਆਂ ਡੱਫਰ ਤੋਂ ਕੁਲਾਰਾ, ਮੀਰਪੁਰ, ਸ਼ਾਹੂ ਦਾ ਪਿੰਡ, ਕੁਲਾਰਾ ਤੋਂ ਜੰਡੋਰ, ਗੜ੍ਹਸ਼ੰਕਰ ਤੋਂ ਲਹਿਰਾ ਵਾਇਆ ਬੀਰਮਪੁਰ, ਸੋਲੀ ਸਮੇਤ ਹੋਰ ਪਿੰਡਾਂ ਨੂੰ ਜੋੜਨ ਵਾਲੀ ਲਿੰਕ ਸੜਕ, ਪੰਡੋਰੀ ਤੋਂ ਮਹਿੰਦਵਾਣੀ ਅਤੇ ਪੰਡੋਰੀ, ਡੰਗੋਰੀ ਤੋਂ ਮਹਿੰਦਵਾਣੀ, ਮਾਹਿਲਪੁਰ ਹਲਕੇ ’ਚ ਮਾਹਿਲਪੁਰ ਤੋ ਨੰਗਲ ਖੁਰਦ, ਦਾਦੂਵਾਲ, ਗੋਂਦਪੁਰ, ਜਾਗਣੀਵਾਲ ਸਰਹਾਲਾ ਖੁਰਦ, ਸਰਹਾਲਾ ਕਲਾ,ਖੇੜਾ ਤੋ ਨੰਗਲ ਕਲਾ,ਕੋਟ ਫਤੂਹੀ ਤੋ ਮੰਨਣਹਾਨਾ ,ਪਾਲਦੀ ਤੋ ਸਕਰੂਲੀ, ਲਕਸੀਹਾ ਤੋ ਅਲਾਵਲਪੁਰ, ਅਲਾਵਲਪੁਰ ਤੋ ਪੰਜੌੜਾ, ਗੜ੍ਹਦੀਵਾਲਾ ’ਚ ਨੰਗਲ ਘੋੜੇਵਾਹਾ, ਚਾਂਗ ਬਸੋਆ, ਚੱਬੇਵਾਲ ਦੀਆਂ ਬਾੜਕੀਆਂ ਬਾਹੋਵਾਲ, ਜਿਆਣ ਤੋਂ ਲਹਿਲੀ ਖੁਰਦ , ਹੰਦੋਵਾਲ ਤੋਂ ਸਿੰਘਪੁਰ ਭੁੱਲੇਵਾਲਾ ਰਾਠਾਂ, ਸੀਣਾਂ ਤੋਂ ਪੱਟੀ, ਬੋਹਣ ਤੋਂ ਸਸੋਲੀ, ਚੱਗਰਾਂ ਤੋਂ ਬਜਰਾਬਰ, ਬੋਹਣ ਤੋਂ ਪੱਟੀ, ਬਜਰਾਬਰ ਤੋਂ ਪੱਟੀ, ਖੇੜਾ ਤੋਂ ਪੱਟੀ, ਹਰਮੋਏ ਤੋਂ ਹਾਰਟਾ ਬਡਲਾ, ਬਸੀ ਕਲਾਂ ਤੋਂ ਜੰਡੋਲੀ, ਮੇਹਟੀਆਣਾ ’ਚ ਹਾਰਟਾ ਤੋਂ ਮੁਖਲਿਆਣਾ, ਮੁਖਲਿਆਣਾ ਤੋਂ ਪਾਸ਼ਟਾਂ, ਡਵਿੱਡਾ ਅਹਿਰਾਣਾ ਤੋਂ ਨਸਰਾਲਾ, ਮਨਾਈਆਂ ਤੋਂ ਨਸਰਾਲਾ, ਅੱਤੋਵਾਲ ਤੋਂ ਕਾਹਰੀ ਸਾਹਰੀ ਸਮੇਤ ਹੋਰਨਾਂ ਸੜਕਾਂ ਮੰਦਹਾਲੀ ’ਚ ਗੁੰਮ ਹਨ। ਮੀਂਹ ਪੈਣ ’ਤੇ ਹਾਲਾਤ ਹੋਰ ਗੰਭੀਰ ਪਿੰਡ ਵਾਸੀਆਂ ਅਨੁਸਾਰ ਮੀਂਹ ਪੈਣ ਤੋਂ ਬਾਅਦ ਕਈ ਖੱਡਿਆਂ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਸੜਕ ’ਤੇ ਖੱਡਿਆਂ ਦੀ ਡੂੰਘਾਈ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਕੁਝ ਥਾਵਾਂ ’ਤੇ ਸੜਕ ਦੇ ਕਿਨਾਰੇ ਵੀ ਟੁੱਟੇ ਹੋਏ ਹਨ। ਇਨ੍ਹਾਂ ਰਸਤਿਆਂ ਦੀ ਵਰਤੋਂ ਸਕੂਲ ਜਾਣ ਵਾਲੇ ਬੱਚਿਆਂ ਤੋਂ ਇਲਾਵਾ ਰੋਜ਼ਾਨਾ ਕੰਮ-ਕਾਰ ਲਈ ਸ਼ਹਿਰਾਂ ਤੇ ਨੇੜਲੇ ਕਸਬਿਆਂ ਵਿੱਚ ਜਾਣ ਵਾਲੇ ਲੋਕ ਕਰਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਸਮੇਂ ਦੇ ਨਾਲ ਸਮੱਸਿਆ ਹੋਰ ਵਧ ਰਹੀ ਹੈ। ਪਿੰਡ ਵਾਸੀਆਂ ਨੇ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖਸਤਾ ਹਾਲਤ ਵਾਲੀਆਂ ਲਿੰਕ ਸੜਕਾਂ ਦਾ ਸਰਵੇ ਕਰਵਾ ਕੇ ਤੁਰੰਤ ਮੁਰੰਮਤ ਕਰਵਾਈ ਜਾਵੇ। ਜਿੱਥੇ ਸੜਕਾਂ ਪੂਰੀ ਤਰ੍ਹਾਂ ਖਰਾਬ ਹੋ ਚੁੱਕੀਆਂ ਹਨ, ਉੱਥੇ ਨਵੀਂ ਸੜਕ ਬਣਾਉਣ ਦੀ ਲੋੜ ’ਤੇ ਵੀ ਵਿਚਾਰ ਕੀਤਾ ਜਾਵੇ। ਕੀ ਕਹਿੰਦੇ ਹਨ ਮੰਡੀ ਬੋਰਡ ਦੇ ਚੇਅਰਮੈਨ ਇਸ ਸਬੰਧੀ ਮੰਡੀ ਬੋਰਡ ਹੁਸ਼ਿਆਰਪੁਰ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਲਈ ਬਰਸਾਤਾਂ ਕਾਰਨ ਕੰਮ ਰੋਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁੱਝ ਦਿਨਾਂ ਵਿਚ ਸੜਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਜਾਵੇਗਾ।