‘ਸੰਡੇ ਆਨ ਸਾਈਕਲ’ ਮੁਹਿੰਮ ਤਹਿਤ ਹੁਸ਼ਿਆਰਪੁਰ ’ਚ ਸਾਈਕਲ ਰੈਲੀ ਫਿੱਟ ਇੰਡੀਆ ਦੀ ‘ਸੰਡੇ ਆਨ ਸਾਈਕਲ’ ਮੁਹਿੰਮ ਤਹਿਤ ਹੁਸ਼ਿਆਰਪੁਰ ’ਚ ਸਾਈਕਲ ਰੈਲੀ
Publish Date: Sun, 29 Nov 2026 03:55 PM (IST)
Updated Date: Mon, 30 Nov 2026 04:02 AM (IST)
ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ, ਖੁਦ ਵੀ ਚਲਾਇਆ ਸਾਈਕਲ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਪੋਰਟਸ ਅਥਾਰਟੀ ਆਫ ਇੰਡੀਆ ਅਤੇ ਫਿੱਟ ਇੰਡੀਆ ਮੂਵਮੈਂਟ ਵੱਲੋਂ ‘ਸੰਡੇ ਆਨ ਸਾਈਕਲ’ ਮੁਹਿੰਮ ਦੇ 100ਵੇਂ ਐਡੀਸ਼ਨ ਤਹਿਤ ਦੇਸ਼ ਭਰ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸਾਈਕਲ ਰੈਲੀਆਂ ਕਰਵਾਈਆਂ ਗਈਆਂ। ਇਸੇ ਲੜੀ ਤਹਿਤ ਹੁਸ਼ਿਆਰਪੁਰ ਵਿੱਚ ਸਟੇਟ ਸਾਈਕਲਿੰਗ ਲੀਡਰ ਪੰਜਾਬ ਅਤੇ ਸਟੇਟ ਐਵਾਰਡੀ ਬਲਰਾਜ ਸਿੰਘ ਚੌਹਾਨ ਦੀ ਅਗਵਾਈ ਹੇਠ ਸਾਈਕਲ ਰੈਲੀ ਕਰਵਾਈ ਗਈ, ਜਿਸ ਵਿੱਚ ਬੱਚਿਆਂ, ਨੌਜਵਾਨਾਂ ਅਤੇ ਸੀਨੀਅਰ ਨਾਗਰਿਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਗ੍ਰੀਨ ਵਿਊ ਪਾਰਕ ਤੋਂ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਖੁਦ ਵੀ ਸਾਈਕਲ ਚਲਾ ਕੇ ਭਾਗ ਲਿਆ। ਰੈਲੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਮਾਲ ਰੋਡ, ਧੋਬੀਘਾਟ, ਬੱਸ ਸਟੈਂਡ, ਕਮਾਲਪੁਰ ਚੌਕ, ਘੰਟਾ ਘਰ, ਰੇਲਵੇ ਰੋਡ ਅਤੇ ਸੈਸ਼ਨ ਚੌਕ ਤੋਂ ਹੁੰਦੀ ਹੋਈ ਮੁੜ ਗ੍ਰੀਨ ਵਿਊ ਪਾਰਕ ਵਿਖੇ ਸਮਾਪਤ ਹੋਈ। ਇਸ ਮੌਕੇ ਜਿੰਪਾ ਨੇ 2 ਲੱਖ ਕਿਲੋਮੀਟਰ ਤੋਂ ਵੱਧ ਸਾਈਕਲ ਚਲਾ ਚੁੱਕੇ ਬਲਰਾਜ ਸਿੰਘ ਚੌਹਾਨ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਦੱਸਿਆ। ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਅਮਰਪਾਲ ਸਿੰਘ ਕਾਕਾ ਨੇ ਕਿਹਾ ਕਿ ਬਲਰਾਜ ਚੌਹਾਨ ਨੇ 50 ਸਾਲ ਦੀ ਉਮਰ ਵਿੱਚ ਸਾਈਕਲਿੰਗ ਸ਼ੁਰੂ ਕਰਕੇ ਸਾਬਤ ਕੀਤਾ ਹੈ ਕਿ ਦ੍ਰਿੜ੍ਹ ਇਰਾਦੇ ਅੱਗੇ ਉਮਰ ਕੋਈ ਰੁਕਾਵਟ ਨਹੀਂ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦਾ ਸੱਦਾ ਦਿੱਤਾ। ਬਲਰਾਜ ਸਿੰਘ ਚੌਹਾਨ ਨੇ ਸਾਰੇ ਸਾਈਕਲਿਸਟਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਕਰਵਾਉਣ ਦਾ ਭਰੋਸਾ ਦਿੱਤਾ। ਰੈਲੀ ਦੀ ਸਮਾਪਤੀ ਮੌਕੇ ਸਾਈਕਲਿਸਟਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।