- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੰਗਲਾਤ ਵਿਭਾਗ ਨੇ ਕਾਰਵਾਈ ਦੀ ਪੂਣੀ ਵੀ ਨਹੀਂ ਕੱਤੀ

ਦੇਸ਼ ਰਾਜ, ਪੰਜਾਬੀ ਜਾਗਰਣ
ਦਾਤਾਰਪੁਰ : ਕਰੀਬ ਤਿੰਨ ਹਫ਼ਤੇ ਪਹਿਲਾਂ ਸਾਹਮਣੇ ਆਏ ਤਲਵਾੜਾ-ਚਮੂਹੀ ਮਾਰਗ ’ਤੇ ਬਿਜਲੀ ਠੇਕੇਦਾਰਾਂ ਵੱਲੋਂ ਜੰਗਲਾਤ ਦੀ ਨਾਜਾਇਜ਼ ਕਟਾਈ ਦੇ ਮਾਮਲੇ ਵਿੱਚ ਹਾਲੇ ਤੱਕ ਜੰਗਲਾਤ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਪਰ ਜੇਕਰ ਇਹੀ ਕਿਸੇ ਆਮ ਵਿਆਕਤੀ ਨੇ ਕੀਤਾ ਹੁੰਦਾ ਤਾਂ ਉਸ ਦੇ ਖ਼ਿਲਾਫ਼ ਪਹਿਲਾਂ ਜ਼ੁਰਮਾਨਾ ਤੇ ਮੁੜ ਕੇਸ ਦਰਜ ਕਰਵਾ ਦਿੱਤਾ ਜਾਣਾ ਸੀ। ਜਿਸ ਤੋਂ ਲੱਗਦਾ ਹੈ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਲੱਕੜ ਵੱਢਣ ਖ਼ਿਲਾਫ਼ ਕਾਰਵਾਈ ਦਾ ਅਧਿਕਾਰ ਆਪਣੀ ਮਨਮਰਜ਼ੀ ਉੱਤੇ ਅਧਾਰਿਤ ਰੱਖਿਆ ਹੋਇਆ ਹੈ। ਹੈਰਾਨੀਜਨਕ ਹੈ ਕਿ ਜੰਗਲਾਤ ਵਿਭਾਗ ਦਾ ਰੇਂਜ ਦਫ਼ਤਰ ਤਲਵਾੜਾ ਦਾਤਾਰਪੁਰ ਬਿਜਲੀ ਦਫ਼ਤਰ ਤੋਂ ਸਿਰਫ 7 ਕੁ ਕਿਲੋਮੀਟਰ ਹੈ, ਪਰ ਸ਼ਾਇਦ ਜੰਗਲਾਤ ਅਧਿਕਾਰੀ ਆਪਣਾ ਨੁਮਾਇੰਦਾ ਭੇਜ ਕੇ ਇਹ ਕਾਰਵਾਈ ਮੁਕੰਮਲ ਨਹੀਂ ਕਰਨਾ ਚਾਹੁੰਦੇ। ਇਸ ਮਾਮਲੇ ਵਿੱਚ ਕਾਂਗਰਸੀ ਆਗੂ ਅਨਿਲ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਜੇਕਰ ਜੰਗਲਾਤ ਦੀ ਤਬਾਹੀ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਜੰਗਲਾਤ ਦੇ ਸਥਾਨਕ ਅਧਿਕਾਰੀ ਜੰਗਲ ਮੁੱਢੋਂ ਖਤਮ ਕਰਵਾਉਣ ਲਈ ਵੱਧ ਜ਼ਿੰਮੇਵਾਰ ਸਾਹਮਣੇ ਆਉਣਗੇ।
ਕੀ ਹੈ ਮਾਮਲਾ : ਇਹ ਮਾਮਲਾ ‘ਪੰਜਾਬੀ ਜਾਗਰਣ’ ਵੱਲੋਂ ਪ੍ਰਮੁੱਖਤਾ ਨਾਲ ਉਠਾਇਆ ਗਿਆ ਸੀ, ਪਰ ਜੰਗਲਾਤ ਅਧਿਕਾਰੀ ਲਗਾਤਾਰ ਇਸ ਨੂੰ ਦੱਬਣ ਵਿੱਚ ਲੱਗੇ ਰਹੇ, ਪਰ ਜਦੋਂ ਇਸ ਵਿੱਚ ਜੰਗਲਾਤ ਅਧਿਕਾਰੀਆਂ ਦੀ ਸ਼ੱਕੀ ਭੂਮਿਕਾ ’ਤੇ ਸਵਾਲ ਖੜ੍ਹੇ ਹੋਣ ਲੱਗੇ ਤਾਂ ਜੰਗਲਾਤ ਅਧਿਕਾਰੀਆਂ ਨੇ ਆਰੰਭੀ ਕਾਰਵਾਈ ਕਿਸੇ ਤਣ ਪੱਤਣ ਨਹੀਂ ਲੱਗਣ ਦਿੱਤੀ। ਮੁੱਦਾ ਉਠਾਉਣ ਵਾਲੇ ਸਾਬਕਾ ਬਲਾਕ ਸੰਮਤੀ ਮੈਂਬਰ ਤੇ ਦਸੂਹਾ ਹਲਕੇ ਦੇ ਕਾਂਗਰਸੀ ਆਗੂ ਅਨਿਲ ਕੁਮਾਰ ਬਿੱਟੂ ਨੇ ਕਿਹਾ ਕਿ ਇਹ ਸਾਰੇ ਦਰੱਖਤ ਜੰਗਲਾਤ ਵਿਭਾਗ ਦੀ ਮਿਲੀਭੁਗਤ ਨਾਲ ਵੱਢੇ ਗਏ ਹਨ ਅਤੇ ਅੱਡਾ ਝੀਰ ਦਾ ਖੂਹ ਤੋਂ ਕਮਾਹੀ ਦੇਵੀ ਮਾਰਗ ’ਤੇ ਵੀ ਅਜਿਹਾ ਕਰਨ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਬਿਜਲੀ ਸਪਲਾਈ ਲਾਈਨ ਲਈ ਲਗਾਏ ਜਾ ਰਹੇ ਖੰਭੇ ਆਪਣੀ ਮਨਮਰਜ਼ੀ ਨਾਲ ਠੇਕੇਦਾਰ ਵੱਲੋਂ ਲਗਾਏ ਜਾ ਰਹੇ ਹਨ, ਜਿਨ੍ਹਾਂ ’ਤੇ ਤਾਰਾਂ ਪਾਉਣ ਵੇਲੇ ਹਰ ਹਾਲਤ ਵਿੱਚ ਰੁੱਖ ਵੱਢਣੇ ਨਿਸ਼ਚਿਤ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅੰਨੇਵਾਹ ਹੋਈ ਨਾਜਾਇਜ਼ ਕਟਾਈ ਮਾਮਲੇ ਵਿੱਚ ਜੰਗਲਾਤ ਅਧਿਕਾਰੀਆਂ ਵੱਲੋਂ ਕਰੀਬ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਕਾਰਵਾਈ ਨਾ ਕਰਨਾ ਸਾਬਤ ਕਰਦਾ ਹੈ ਕਿ ਜੰਗਲਾਤ ਅਧਿਕਾਰੀ ਜ਼ਿੰਮੇਵਾਰ ਬਿਜਲੀ ਅਧਿਕਾਰੀਆਂ ਅਤੇ ਬਿਜਲੀ ਠੇਕੇਦਾਰ ਨਾਲ ਕਥਿਤ ਭ੍ਰਿਸ਼ਟਾਚਾਰ ਕਰ ਕੇ ਆਪਸੀ ਮਿਲੀਭੁਗਤ ਕਰ ਚੁੱਕੇ ਹਨ ਅਤੇ ਹੁਣ ਕਾਰਵਾਈ ਦੇ ਨਾਮ ’ਤੇ ਡੰਗ ਟਪਾਈ ਕੀਤੀ ਜਾ ਰਹੀ ਹੈ।
ਇਸ ਸਬੰਧੀ ਜੰਗਲਾਤ ਵਿਭਾਗ ਦੇ ਬਲਾਕ ਅਫਸਰ ਰਣਜੀਤ ਕੁਮਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਬਿਜਲੀ ਵਿਭਾਗ ਦੇ ਸਬੰਧਿਤ ਖੇਤਰ ਦੇ ਜੇਈ ਨੂੰ ਨਾਲ ਲੈ ਕੇ ਦਰੱਖਤਾਂ ਦੀ ਕਟਾਈ ਦੀ ਜਾਂਚ ਕੀਤੀ ਗਈ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਰੀਬ 30 ਦਰੱਖਤ ਮੁੱਢੋਂ ਵੱਢੇ/ਪੁੱਟੇ ਗਏ ਹਨ ਅਤੇ ਦਰਜਨਾਂ ਦਰੱਖਤਾਂ ਦੀ ਛੰਗਾਈ ਕੀਤੀ ਗਈ ਹੈ। ਇਸ ਮਾਮਲੇ ਵਿੱਚ ਡੈਮੇਜ ਰਿਪੋਰਟ ਤਿਆਰ ਕਰ ਲਈ ਗਈ ਹੈ ਅਤੇ ਅਗਲੀ ਨੁਕਸਾਨ ਦੀ ਅਸੈੱਸਮੈਂਟ ਰੇਂਜ ਦਫ਼ਤਰ ਵੱਲੋਂ ਕੀਤੀ ਜਾਣੀ ਹੈ।
ਇਸ ਸਬੰਧੀ ਤਲਵਾੜਾ ਰੇਂਜ ਦੇ ਅਧਿਕਾਰੀ ਨੇ ਕਿਹਾ ਕਿ ਦਰੱਖਤਾਂ ਦੀ ਨਾਜਾਇਜ਼ ਕਟਾਈ ਦੇ ਮਾਮਲੇ ਵਿੱਚ ਕਰੀਬ ਹਫ਼ਤਾ ਪਹਿਲਾਂ ਬਿਜਲੀ ਦਫ਼ਤਰ ਦਾਤਾਰਪੁਰ ਦੇ ਅਧਿਕਾਰੀ ਨੂੰ ਈਮੇਲ ਭੇਜ ਕੇ ਉਨ੍ਹਾਂ ਨੂੰ ਇਸ ਕਟਾਈ ਵਾਸਤੇ ਪੱਖ ਪੇਸ਼ ਕਰਨ ਲਈ ਆਖਿਆ ਗਿਆ ਸੀ ਪਰ ਹਾਲੇ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਜਿਸ ਕਾਰਨ ਅੱਗੇ ਕਾਰਗਾਈ ਨਹੀਂ ਆਰੰਭੀ ਜਾ ਸਕੀ।