ਬਿਜਲੀ ਵਿਭਾਗ ਦੇ ਠੇਕੇਦਾਰ ਵਲੋਂ ਕੀਤੀ ਜਾ ਰਹੀ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਬਿਜਲੀ ਵਿਭਾਗ ਦੇ ਠੇਕੇਦਾਰ ਵਲੋਂ ਕੀਤੀ ਜਾ ਰਹੀ ਦਰੱਖਤਾਂ ਦੀ ਅੰਨੇਵਾਹ ਕਟਾਈ
Publish Date: Wed, 23 Sep 2026 04:23 PM (IST)
Updated Date: Wed, 23 Sep 2026 04:24 PM (IST)
-ਕੰਢੀ ਦੇ ਵਾਤਾਵਰਣ ਲਈ ਖ਼ਤਰਾ, ਜੰਗਲਾਤ ਅਧਿਕਾਰੀ ਮੂਕ ਬਣੇ ਦਰਸ਼ਕ ਬਣੀ ਬੈਠੇ ਦੇਸ਼ ਰਾਜ, ਪੰਜਾਬੀ ਜਾਗਰਣ ਦਾਤਾਰਪੁਰ : ਕੰਢੀ ਖੇਤਰ ’ਚ ਬਿਜਲੀ ਵਿਭਾਗ ਦੇ ਠੇਕੇਦਾਰ ਵਲੋਂ ਅੰਨ੍ਹੇਵਾਹ ਕੀਤੀ ਜਾ ਰਹੀ ਅੰਬ, ਬੋਹੜ, ਪਿੱਲ ਸਮੇਤ ਫਲਦਾਰ ਦਰੱਖਤਾਂ ਦੀ ਕਟਾਈ/ਛੰਗਾਈ ਇਲਾਕੇ ਦੇ ਵਾਤਾਵਰਣ ਲਈ ਗੰਭੀਰ ਖ਼ਤਰਾ ਬਣ ਗਈ ਹੈ। ਇੱਥੋਂ ਤੱਕ ਕਿ ਖੈਰ ਦੇ ਕਈ ਦਰੱਖਤ ਤਾਂ ਮੁੱਢੋਂ ਉਖਾੜ ਦਿੱਤੇ ਗਏ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਕਰੀਬ ਮਹੀਨੇ ਭਰ ਤੋਂ ਹੋ ਰਹੀ ਇਸ ਤਬਾਹੀ ਦੇ ਮਾਮਲੇ ’ਚ ਜੰਗਲਾਤ ਅਧਿਕਾਰੀ ਮੂਕ ਦਰਸ਼ਕ ਬਣੀ ਬੈਠੇ ਦੇਖ ਰਹੇ ਹਨ। ਪਿਛਲੇ ਲੰਬੇ ਸਮੇਂ ਤੋਂ ਜੰਗਲਾਤ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਹੋ ਰਹੀ ਜੰਗਲਾਂ ਦੀ ਨਜਾਇਜ਼ ਕਟਾਈ ਦਾ ਮੁੱਦਾ ਪਹਿਲਾਂ ਹੀ ਲੋਕਾਂ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਤਲਵਾੜਾ ਤੋਂ ਚਮੂਹੀ ਦੇਵੀ ਮਾਰਗ ‘ਤੇ ਪੈਂਦੇ ਵਸਨੀਕਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਬਿਜਲੀ ਵਿਭਾਗ ਦੇ ਠੇਕੇਦਾਰ ਵਲੋਂ ਅੰਨੇਵਾਹ ਦਰੱਖਤਾਂ ਦੀ ਕਟਾਈ/ਛੰਗਾਈ ਕੀਤੀ ਜਾ ਰਹੀ ਹੈ। ਕੰਢੀ ਦੇ ਕੀਮਤੀ ਬੋਹੜ ਪਿੱਪਲ, ਅੰਬ ਅਤੇ ਹੋਰ ਫਲਦਾਰ ਕਿਸਮਾਂ ਦੇ ਸੈਂਕੜੇ ਦਰੱਖਤਾਂ ਦੀ ਛੰਗਾਈ ਅੰਨੇਵਾਹ ਕੀਤੀ ਜਾ ਰਹੀ ਹੈ, ਜਿਹੜੀ ਕਿ ਇਲਾਕੇ ਦੇ ਵਾਤਾਵਰਣ ਲਈ ਗੰਭੀਰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਬੇਕਿਰਕ ਤਰੀਕੇ ਨਾਲ ਕੀਤੇ ਜਾ ਰਹੀ ਇਸ ਕਟਾਈ ਦੀ ਨਿਗਰਾਨੀ ਕੋਈ ਵੀ ਬਿਜਲੀ, ਜੰਗਲਾਤ ਜਾਂ ਠੇਕੇਦਾਰ ਨਹੀਂ ਕਰ ਰਿਹਾ। ਕੇਵਲ ਠੇਕੇਦਾਰ ਦੇ ਕਰਿੰਦੇ ਆਪਣੀ ਮਨਮਰ਼ਜੀ ਨਾਲ ਇਹ ਕਟਾਈ/ਛੰਗਾਈ ਕਰਕੇ ਵਾਤਾਵਰਣ ਦਾ ਘਾਣ ਕਰ ਰਹੇ ਹਨ। ਲੋਕਾਂ ਨੇ ਦੱਸਿਆ ਕਿ ਇਲਾਕੇ ਅੰਦਰ ਜੰਗਲਾਤ ਦੀਆਂ ਵੱਖ ਵੱਖ ਦਫਾ ਲੱਗੀਆ ਹੋਣ ਕਾਰਨ ਜੇਕਰ ਕੋਈ ਆਮ ਵਿਆਕਤੀ ਕਿਸੇ ਦਰੱਖਤ ਦੀ ਲੱਕੜ ਕੱਟਦਾ ਹੈ ਤਾਂ ਤੁਰੰਤ ਜੰਗਲਾਤ ਅਧਿਕਾਰੀ ਉਸਦੇ ਘਰ ਆ ਧਮਕਦੇ ਹਨ। ਪਰ ਸੜਕ ਕਿਨਾਰੇ ਅੰਨੇਵਾਹ ਹੋ ਰਹੀ ਇਸ ਕਟਾਈ/ਛੰਗਾਈ ਦੇ ਮਾਮਲੇ ਵਿੱਚ ਚੁੱਪੀ ਧਾਰੀ ਬੈਠੇ ਹਨ। ਇਲਾਕੇ ਦੇ ਕਾਂਗਰਸੀ ਆਗੂ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਅਨਿਲ ਕੁਮਾਰ ਬਿੱਟੂ ਨੇ ਕਿਹਾ ਕਿ ਬਿਜਲੀ ਅਧਿਕਾਰੀਆਂ ਜਾਂ ਬਿਜਲੀ ਦੇ ਠੇਕੇਦਾਰ ਨੂੰ ਕਿਸ ਨੇ ਅਧਿਕਾਰ ਦਿੱਤਾ ਹੈ ਕਿ ਉਹ ਕੰਢੀ ਦੇ ਸ਼ਾਂਤ ਵਾਤਾਵਰਣ ਨੂੰ ਤਬਾਹ ਕਰਨ। ਇਸ ਵਿੱਚ ਜੰਗਲਾਤ ਦੇ ਅਧਿਕਾਰੀਆਂ ਦੀ ਚੁੱਪੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤਲਵਾੜਾ ਤੋਂ ਚਮੂਹੀ ਮਾਰਗ ਵਾਇਆ ਬਾੜੀ ਪਲੀਰੀ ਉੱਤੇ ਅੰਨੇਵਾਹ ਹੋ ਰਹੀ ਇਸ ਕਟਾਈ ਲਈ ਜੰਗਲਾਤ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਇਹ ਮਾਮਲਾ ਐਨਜੀਟੀ ਦੇ ਧਿਆਨ ’ਚ ਲਿਆ ਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ, ਸਬੰਧਿਤ ਠੇਕੇਦਾਰ ਅਤੇ ਜੰਗਲਾਤ ਅਧਿਕਾਰੀਆਂ ਖਿਲਾਫ਼ ਕਾਰਵਾਈ ਲਈ ਸ਼ਿਕਾਇਤ ਕਰਨਗੇ। ਇਸ ਸਬੰਧੀ ਸੰਪਰਕ ਕਰਨ ‘ਤੇ ਬਿਜਲੀ ਵਿਭਾਗ ਦੇ ਐਕਸੀਐਨ ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਉਹ ਇਸ ਸਬੰਧੀ ਹੇਠਲੇ ਅਧਿਕਾਰੀਆਂ ਤੋਂ ਜਾਣਕਾਰੀ ਲੈ ਕੇ ਬਣਦੀ ਕਾਰਵਾਈ ਕਰਨਗੇ। ਜਦੋਂ ਕਿ ਜੰਗਲਾਤ ਵਿਭਾਗ ਦੇ ਡੀਐੱਫਓ ਨੇ ਦਰੱਖਤਾਂ ਦੀ ਅੰਨੇਵਾਹ ਤਬਾਹੀ ਤੋਂ ਅਣਜਾਣਤਾ ਪ੍ਰਗਟਾਉਂਦਿਆਂ ਦਾਅਵਾ ਕੀਤਾ ਕਿ ਉਹ ਤੁਰੰਤ ਸਬੰਧਿਤ ਰੇਂਜ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕਰਕੇ ਠੇਕੇਦਾਰ ਜਾਂ ਵਿਭਾਗ ਖਿਲਾਫ਼ ਕਾਰਵਾਈ ਅਮਲ ’ਚ ਲਿਆਉਣਗੇ।